ਗੀਤ – ਵਿਛੋੜਾ

  ਸੁਖਦੇਵ ਸਿੰਘ 'ਭੁੱਲੜ'

         (ਸਮਾਜ ਵੀਕਲੀ)

ਸਰਸਾ ਨਦੀ ‘ਚ ਵਹਿੰਦਾ ਪਿਆ

ਸੀ ਵਹਿਣ ਖਿਆਲਾਂ ਦਾ।

    ਸਤਿਗੁਰ ਨਾਲੋਂ ਵਿਛੜ ਗਿਆ,

    ਇੱਕ ਜੋੜਾ ਲਾਲਾਂ ਦਾ।

    ਸਰਸਾ ਦੇ ਵਿਚਕਾਰ ਗੁਰਾਂ ਦਾ

    ਜਾਂਦਾ ਘੋੜਾ ਸੀ।

    ਉਸ ਚੰਦਰੀ ਥਾਂ ਪਿਉ ਪੁੱਤਾਂ ਦਾ

    ਪਿਆ ਵਿਛੋੜਾ ਸੀ।

    ਇੱਕ ਸਰਦੀ ਦੀ ਰੁੱਤ ਤੇ

    ਘੇਰਾ ਪਿਆ ਚੰਡਾਲਾਂ ਦਾ।

    ਸਤਿਗੁਰ ਨਾਲੋਂ ਵਿਛੜ ਗਿਆ

    ਕਾਲੀ ਰਾਤ ਕਹਿਰ ਦੀ,

    ਉੱਤੋਂ ਜ਼ੋਰ ਸੀ ਵਰਖਾ ਦਾ।

    ਉੱਛਲ ਉੱਛਲ ਕੇ ਪਾਣੀ,

    ਗਲ ਨੂੰ ਆਉਂਦਾ ਸਰਸਾ ਦਾ।

    ਤੇਜ਼ ਵਗਦੀਆਂ ਲਹਿਰਾਂ,

    ਰਾਹ ਪਲਟਾਇਆ ਬਾਲਾਂ ਦਾ।

    ਸਤਿਗੁਰ ਨਾਲੋਂ ਵਿਛੜ ਗਿਆ

    ਸਰਸਾ ਕੰਢੇ ਦੋ ਧਿਰਾਂ ਦੇ,

    ਲੜਣ ਜਵਾਨ ਪਏ।

    ਮੌਤ ਦੇ ਹੱਥੋਂ ਹਾਰ ਕਈ

    ਯੋਧੇ ਲੰਮੀਆਂ ਤਾਣ ਪਏ।

    ਚਾਰੇ ਪਾਸੇ ਰੌਲਾ ਪਿਆ ਸੀ

    ਤੀਰਾਂ ਡਾਲਾਂ ਦਾ।

    ਸਤਿਗੁਰ ਨਾਲੋਂ ਵਿਛੜ ਗਿਆ

    ਮਾਂ ਗੁਜਰੀ ਨੇ ਯੁੱਧ ਵੱਲੋਂ

    ਖਿਸਕਾ ਕੇ ਕੰਨੀਂ ਨੂੰ।

    ਛੋਟੇ ਪੋਤੇ ਲੈ ਕੇ ਤੁਰ ਪਈ

    ਖੇੜੀ ਵੰਨੀ ਨੂੰ।

    ਚੌਥਾ ਗੰਗੂ ਬਾਹਮਣ,

    ਜੀਹਦਾ ਸਾਥ ਸੀ ਸਾਲਾਂ ਦਾ।

    ਸਤਿਗੁਰ ਨਾਲੋਂ ਵਿਛੜ ਗਿਆ

    ‘ਚਲੋ ਮੇਰੇ ਘਰ ਨੂੰ ‘

    ਗੰਗੂ ਕਹਿੰਦਾ ਮਾਤਾ ਜੀ!

    ਘਰੇ ਲਿਜਾ ਕੇ ‘ਭੁੱਲੜਾ’

    ਮੁਗਲਾਂ ਹੱਥ ਫੜਾਤਾ ਸੀ।

    ਲੋਭ ‘ਚ ਆ ਕੇ ਪਾਪੀ,

    ਕਰ ਗਿਆ ਕੰਮ ਦਲਾਲਾਂ ਦਾ।

    ਦਸਮ ਪਿਤਾ ਨਾਲੋਂ ਵਿਛੜ ਗਿਆ,

     ਇੱਕ ਜੋੜਾ ਲਾਲਾਂ ਦਾ।

 ਸੁਖਦੇਵ ਸਿੰਘ ਭੁੱਲੜ

   ਸੁਰਜੀਤ ਪੁਰਾ ਬਠਿੰਡਾ

   94170-46117

   

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਗ਼ਜ਼ਲ