ਗ਼ਜ਼ਲ

ਜਗਦੀਸ਼ ਰਾਣਾ
         (ਸਮਾਜ ਵੀਕਲੀ)
ਜਿੱਤੀ ਬਾਜ਼ੀ ਹਾਰਨ ਵਾਲ਼ੇ,ਸਾਡੇ ਹੀ ਨੇ,ਸਾਡੇ ਹੀ ਨੇ।
ਸਾਨੂੰ ਜੀਂਦੇ ਮਾਰਨ ਵਾਲ਼ੇ,ਸਾਡੇ ਹੀ ਨੇ ਸਾਡੇ ਹੀ ਨੇ।
ਦਸਮ ਪਿਤਾ ਨੇ ਸਿਰ ਮੰਗੇ ਜਦ, ਸੋਚਾਂ ਵਿੱਚ ਸਭ ਲੋਕ ਪਏ ਸਨ,
ਭੀੜ ਚੋਂ ਉੱਠ ਸਿਰ ਵਾਰਨ ਵਾਲ਼ੇ, ਸਾਡੇ ਹੀ ਨੇ ਸਾਡੇ ਹੀ ਨੇ।
ਸ਼ਿਕਵੇ ਕਰੀਏ ਜਾਂ ਸ਼ੁਕਰਾਨੇ,ਇਹੋ ਗੱਲ ਨਾ ਖ਼ਾਨੇ ਪੈਂਦੀ,
ਸਾਨੂੰ ਡੋਬਣ ਤਾਰਨ ਵਾਲ਼ੇ,ਸਾਡੇ ਹੀ ਨੇ ਸਾਡੇ ਹੀ ਨੇ।
ਕਿਰਤੀ ਦੇ ਪੁੱਤ ਕੱਚੇ ਘਰ ਵਿੱਚ,ਜੀਵਨ ਜੀਂਦੇ ਆਪ ਤਾਂ ਭਾਵੇਂ,
ਤੇਰੇ ਮਹਿਲ ਉਸਾਰਨ ਵਾਲ਼ੇ,ਸਾਡੇ ਹੀ ਨੇ ਸਾਡੇ ਹੀ ਨੇ।
ਜ਼ਰਦਾਰਾਂ ਤੋਂ ਡਰ ਕੇ ਸਾਰੇ,ਚੁੱਪ ਧਾਰੀ ਬੈਠੇ ਨੇ ਐਪਰ,
ਜ਼ਾਲਿਮ ਨੂੰ ਲਲਕਾਰਨ ਵਾਲ਼ੇ,ਸਾਡੇ ਹੀ ਨੇ ਸਾਡੇ ਹੀ ਨੇ।
ਸਦੀਆਂ ਤੀਕਰ ਏਸ ਜ਼ਮਾਨੇ, ਜਿਹਨਾਂ ਨੂੰ ਇਨਸਾਨ ਨਾ ਮੰਨਿਆ,
ਏਡੇ ਜ਼ੁਲਮ ਸਹਾਰਨ ਵਾਲ਼ੇ, ਸਾਡੇ ਹੀ ਨੇ ਸਾਡੇ ਹੀ ਨੇ।
ਮਤਲਬਖ਼ੋਰ ਜ਼ਮਾਨੇ ਦੇ ਵਿੱਚ,ਕੌਣ ਕਿਸੇ ਦਾ ਦੁੱਖ ਸਮਝਦੈ,
ਇਹ ਜੋ ਦੁੱਖ ਨਿਵਾਰਨ ਵਾਲ਼ੇ, ਸਾਡੇ ਹੀ ਨੇ ਸਾਡੇ ਹੀ ਨੇ।
ਜਿਹਨਾਂ ਨੇ ਗ਼ੱਦਾਰੀ ਕੀਤੀ,ਉਹ ਸਾਡੇ ਕਿੰਝ ਹੋ ਸਕਦੇ ਹਨ,
ਦੇਸ਼ ਤੋਂ ਜਾਨਾਂ ਵਾਰਨ ਵਾਲ਼ੇ,ਸਾਡੇ ਹੀ ਨੇ ਸਾਡੇ ਹੀ ਨੇ।
ਮੌਤ ਨੂੰ ਮਾਸੀ ਕਹਿਣ ਹਮੇਸ਼ਾਂ, ਮਾਫ਼ੀ ਮੰਗ ਨਹੀਂ ਜਾਨ ਛੁਡਾਉਂਦੇ,
ਹਾਕਮ ਨੂੰ ਵੰਗਾਰਨ ਵਾਲ਼ੇ,ਸਾਡੇ ਹੀ ਨੇ ਸਾਡੇ ਹੀ ਨੇ।
ਜਗਦੀਸ਼ ਰਾਣਾ
ਸੋਫ਼ੀ ਪਿੰਡ,ਜਲੰਧਰ -24.
ਸੰਪਰਕ 7986207849

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਸਕਰਾਉਂਦਾ ਚਿਹਰਾ  
Next article ਗੀਤ – ਵਿਛੋੜਾ