ਸਿਆਣੀਆਂ ਕੁੜੀਆਂ ਦੀ ਨਿਸ਼ਾਨੀ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ
         (ਸਮਾਜ ਵੀਕਲੀ)
ਸਤਵਿੰਦਰ ਉਦੋਂ ਮਸਾਂ ਪੰਜ ਕੁ ਸਾਲਾਂ ਦੀ ਸੀ, ਜਦੋਂ ਉਸ ਦੇ ਡੈਡੀ ਦੀ ਹਰਟ ਅਟੈਕ ਨਾਲ ਮੌਤ ਹੋ ਗਈ ਸੀ। ਉਸ ਦਾ ਵੱਡਾ ਭਰਾ ਫੌਜ ਵਿੱਚ ਨੌਕਰੀ ਕਰਦਾ ਸੀ। ਉਹ ਵਿਆਹਿਆ ਹੋਇਆ ਸੀ। ਉਸ ਦੀਆਂ ਤਿੰਨ ਕੁੜੀਆਂ ਤੇ ਇੱਕ ਮੁੰਡਾ ਸੀ। ਪਰਿਵਾਰ ਦਾ ਸਾਰਾ ਖਰਚ ਉਸ ਦੇ ਸਿਰ ਤੇ ਹੀ ਸੀ। ਅਚਾਨਕ ਉਸ ਦੀਆਂ ਅੱਖਾਂ ਦੀ ਰੌਸ਼ਨੀ ਬਹੁਤ ਘੱਟ ਗਈ। ਬਹੁਤ ਇਲਾਜ ਕਰਵਾ ਕੇ ਵੀ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਧੀ ਨਹੀਂ। ਇਸ ਕਰਕੇ ਉਸ ਨੂੰ ਫੌਜ ਦੀ ਨੌਕਰੀ ਛੱਡ ਕੇ ਘਰ ਆਉਣਾ ਪਿਆ। ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਸਤਵਿੰਦਰ ਦਸਵੀਂ ਤੱਕ ਹੀ ਪੜ੍ਹ ਸਕੀ। ਚਾਰ ਸਾਲਾਂ ਪਿੱਛੋਂ ਉਸ ਦੇ ਵੱਡੇ ਭਰਾ ਨੇ ਉਸ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਉਸ ਦੇ ਨੈਣ ਨਕਸ਼ ਬਹੁਤ ਸੋਹਣੇ ਸਨ ਤੇ ਕੱਦ ਵੀ ਠੀਕ ਸੀ। ਇਸ ਕਰਕੇ ਉਸ ਦਾ ਵਿਆਹ ਸਰਕਾਰੀ ਸਕੂਲ ਵਿੱਚ ਟੀਚਰ ਲੱਗੇ ਗੁਰਜੀਤ ਨਾਲ ਫਿਕਸ ਹੋਣ ਵਿੱਚ ਦੇਰ ਨਾ ਲੱਗੀ।ਜਦੋਂ ਉਸ ਦੇ ਵੱਡੇ ਭਰਾ ਨੇ ਉਸ ਨੂੰ ਵਿਆਹ ਵਿੱਚ ਦਾਜ ਦੇਣ ਦੀ ਗੱਲ ਕੀਤੀ, ਤਾਂ ਉਹ ਬੋਲ ਉੱਠੀ,” ਵੇਖ ਵੀਰੇ, ਮੈਂ ਵਿਆਹ ਵਿੱਚ ਦਾਜ ਨਹੀਂ ਲੈਣਾ। ਪਹਿਲਾਂ ਮੈਂ ਵਿਆਹ ਕਰਵਾ ਕੇ ਸਹੁਰੇ ਘਰ ਜਾ ਕੇ ਵੇਖਾਂਗੀ ਕਿ ਮੇਰੇ ਸੱਸ-ਸਹੁਰਾ ਤੇ ਮੇਰਾ ਪਤੀ ਮੇਰੀ ਇੱਜ਼ਤ ਕਰਦੇ ਆ ਕਿ ਨਹੀਂ, ਮੈਨੂੰ ਪਿਆਰ ਕਰਦੇ ਆ ਕਿ ਨਹੀਂ। ਅੱਜ ਕੱਲ੍ਹ ਮੁੰਡਿਆਂ ਵਾਲਿਆਂ ਨੇ ਬਹੁਤ ਅੱਤ ਚੱਕੀ ਹੋਈ ਆ। ਮੂੰਹ ਅੱਡ ਕੇ ਦਾਜ ਮੰਗ ਲੈਂਦੇ ਆ, ਭਲਾ ਉਨ੍ਹਾਂ ਕੋਲ ਦਾਜ ਰੱਖਣ ਲਈ ਥਾਂ ਵੀ ਨਾ ਹੋਵੇ। ਵਿਆਹ ਤੋਂ ਬਾਅਦ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਪਈ, ਤਾਂ ਮੈਂ ਮੰਗ ਕੇ ਲੈ ਲਵਾਂਗੀ।”
ਸਤਵਿੰਦਰ ਦੇ ਵੱਡੇ ਭਰਾ ਨੂੰ ਉਸ ਦੀਆਂ ਇਹ ਗੱਲਾਂ ਬਹੁਤ ਚੰਗੀਆਂ ਲੱਗੀਆਂ ਤੇ ਉਹ ਆਪ ਮੁਹਾਰੇ ਬੋਲ ਪਿਆ,” ਸਿਆਣੀਆਂ ਕੁੜੀਆਂ ਦੀ ਇਹੋ ਨਿਸ਼ਾਨੀ ਹੁੰਦੀ ਆ। ਉਹ ਆਪਣੇ ਨਾਲ, ਨਾਲ ਆਪਣੇ ਘਰ ਦਾ ਵੀ ਖਿਆਲ ਰੱਖਦੀਆਂ ਆਂ। ਮੈਂ ਤੇਰੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਤੇ ਤੇਰੇ ਦੁੱਖ- ਸੁੱਖ ਵਿੱਚ ਹਮੇਸ਼ਾ ਤੇਰੇ ਨਾਲ ਖੜ੍ਹਾਂਗਾ।”
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOver 100 flights affected as fog continues to blanket Delhi-NCR
Next articleਮਿੱਠੜਾ ਕਾਲਜ ਵਿਖੇ ਦੋ ਰੋਜਾ ਐਨ ਐਸ ਐਸ ਕੈਂਪ ਦਾ ਆਯੋਜਨ