(ਸਮਾਜ ਵੀਕਲੀ)
ਸਿੱਖ ਇਤਿਹਾਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਜਦੋਂ ਵੀ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਹਰ ਕਦਮ ਅਤੇ ਹਰ ਕਰਮ ਨੂੰ ਸਿਜਦਾ ਆਪਣੇ ਆਪ ਹੀ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਜੀਵਨ ਬਚਪਨ ਤੋਂ ਲੈ ਕੇ ਦੁਨਿਆਵੀਂ ਜਾਮੇ ਦੇ ਆਖ਼ਰੀ ਸਵਾਸ ਤੱਕ ਹਰ ਕਦਮ ਕੁਰਬਾਨੀਆਂ ਭਰਿਆ ਸੁਣਨ ਨੂੰ ਮਿਲਦਾ ਹੈ। ਬਚਪਨ ਵਿੱਚ ਪਿਤਾ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਤਾਂ ਦੇ ਹਿੰਦੂ ਧਰਮ ਦੀ ਰੱਖਿਆ ਲਈ ਭੇਜ ਦਿਤਾ , ਇਸ ਪੂਰਨ ਪਰਉਪਕਾਰ ਦੀ ਬੇਮਿਸਾਲ ਉਦਾਹਰਣ ਪੂਰੇ ਸੰਸਾਰ ਵਿਚ ਹੋਰ ਕਿਧਰੋਂ ਵੀ ਨਹੀਂ ਮਿਲਦੀ ਹੈ। ਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਮਾਨਸਿਕ ਤੌਰ ‘ਤੇ ਕਮਜ਼ੋਰ ਲੋਕਾਂ ਵਿਚ ਨਵੀਂ ਸ਼ਕਤੀ ਪਾਈ। ਪਹਿਲਾਂ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਬਾਅਦ ਵਿਚ ਉਹਨਾਂ ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ। ਜਿਸ ਕਾਰਨ ਗੋਬਿੰਦ ਸਿੰਘ ਜੀ ਆਪੇ ਗੁਰ ਆਪੇ ਚੇਲਾ ਅਖਵਾਏ। ਉਹਨਾਂ ਸਿੱਖਾਂ ਅੰਦਰ ਆਤਮ ਵਿਸ਼ਵਾਸ ਅਤੇ ਹਿੰਮਤ ਭਰੀ। ਉਹਨਾਂ ਦੀ ਅੰਦਰੂਨੀ ਸ਼ਕਤੀ ਨੂੰ ਪਹਿਚਾਣ ਦਿੱਤੀ। ਸਵਾ ਲੱਖ ਨਾਲ ਇੱਕ ਲੜਾ ਕੇ ਨਵੇਂ ਰਾਹ ਅਤੇ ਮਾਰਗ ਬਣਾਏ।
ਗੁਰੂ ਗੋਬਿੰਦ ਸਿੰਘ ਜੀ ਦਾ ਜਿਗਰਾ ਦੇਖੋ ਕਿ ਜੰਗ ਦੇ ਮੈਦਾਨ ਵਿੱਚ ਆਪਣੇ ਵੱਡੇ ਪੁੱਤਰ ਸ਼੍ਰੀ ਅਜੀਤ ਸਿੰਘ ਅਤੇ ਸ੍ਰੀ ਜੁਝਾਰ ਸਿੰਘ ਜੀ ਨੂੰ ਆਪਣੇ ਹੱਥੀਂ ਜੰਗ ਲਈ ਤਿਆਰ ਕਰਕੇ ਭੇਜੇ। ਦੂਰੋ ਪੁੱਤਰਾਂ ਨੂੰ ਜੰਗ ਵਿੱਚ ਜ਼ੁਲਮ ਖਿਲਾਫ਼ ਲੜਨਾ, ਰਬ ਦਾ ਸ਼ੁਕਰ ਕਰਨਾ ਇਹ ਗੋਬਿੰਦ ਸਿੰਘ ਦੇ ਹੀ ਹਿੱਸੇ ਆਇਆ ਹੈ । ਪੁੱਤਰਾਂ ਦੀਆਂ ਲਾਸ਼ਾਂ ਨੂੰ ਵੇਖ ਕੇ ਇਸ ਦਰਵੇਸ਼ ਪਿਤਾ ਨੇ ਉਫ ਤੱਕ ਨਾ ਕੀਤੀ। ਇਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਦੀ ਨਿਵੇਕਲੀ ਅਤੇ ਵੱਖਰੀ ਸ਼ਹਾਦਤ ਦੀ ਮਿਸਾਲ ਕਿਧਰੋਂ ਨਹੀਂ ਮਿਲਦੀ ਹੈ। ਆਤਮ ਵਿਸ਼ਵਾਸ ਨਾਲ ਭਰੇ ਹੋਏ ਨਿੱਕੇ-ਨਿੱਕੇ ਸਾਹਿਬਜ਼ਾਦਿਆਂ ਨੇ ਜਿੰਨੀ ਹਿੰਮਤ ਨਾਲ ਹਾਕਮ ਦੇ ਸਵਾਲਾਂ ਦਾ ਜਵਾਬ ਦਿੱਤੇ ਅਤੇ ਨਿਡਰਤਾ ਨਾਲ ਸਾਹਮਣਾ ਕਰਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਜਦ ਸਭ ਡਰਾਵੇ ਅਤੇ ਲਾਲਚ ਗੁਰੂ ਜੀ ਦੇ ਲਾਲਾਂ ਨੂੰ ਆਪਣੇ ਸਿਦਕ ਤੋਂ ਨਾ ਹਿਲਾ ਸਕੇ ਤਦੋਂ ਉਹਨਾਂ ਨੂੰ ਸਿਦਕੋਂ ਡੁਲਾਉਣ ਲਈ ਵਜ਼ੀਦ ਖਾਂ ਅਤੇ ਉਸ ਦੀ ਜੁੰਡਲੀ ਵੱਲੋਂ ਨੀਹਾਂ ਵਿੱਚ ਚਿਣਨ ਤੋਂ ਪਹਿਲਾਂ ਅਨੇਕ ਤਰ੍ਹਾਂ ਦੇ ਹੋਰ ਤਸੀਹੇ ਵੀ ਸਹਿਬਜ਼ਾਦਿਆਂ ਨੂੰ ਦਿੱਤੇ ਗਏ। ਪ੍ਰੰਤੂ ਗੁਰੂ ਜੀ ਦੇ ਲਾਲ ਧਰਮ ਲਈ ਸ਼ਹੀਦ ਹੋਣ ਤੋਂ ਇੱਕ ਪਲ਼ ਵੀ ਨਹੀਂ ਡਰੇ ਸਨ।
6 ਪੋਹ, 20 ਦਸੰਬਰ ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ , 6 ਪੋਹ ਦੀ ਰਾਤ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ ਕੋਟਲਾ- ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁੱਗੀ ਵਿਚ ਰਹੇ।
7 ਪੋਹ, 21 ਦਸੰਬਰ ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ।
8 ਪੋਹ, 22 ਦਸੰਬਰ ਨੂੰ ਚਮਕੋਰ ਗੜੀ ਦੀ ਜੰਗ ਸ਼ੁਰੂ ਹੋਈ, ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ (ਪੰਜ ਪਿਆਰਿਆਂ ਵਿਚੋਂ ) ਅਤੇ 7 ਹੋਰ ਸਿੰਘਾਂ ਨਾਲ ਸ਼ਹੀਦ ਹੋਏ । ਬਾਬਾ ਜੁਝਾਰ ਸਿੰਘ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ( ਪੰਜ ਪਿਆਰਿਆਂ ਵਾਲੇ ) ਅਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ।
9 ਪੋਹ, 23 ਦਸੰਬਰ ਨੂੰ ਰਾਤ ਰਹਿੰਦੀ ਤੜਕਸਾਰ ਗੁਰੂ ਸਾਹਿਬ ਸਿੰਘਾਂ ਦੇ ਹੁਕਮ ਨੂੰ ਮੰਨਦੇ ਹੋਏ ਚਮਕੋਰ ਦੀ ਗੜੀ ਵਿਚੋਂ ਨਿਕਲ ਗਏ, 9 ਪੋਹ ਦੀ ਰਾਤ ਦਸ਼ਮੇਸ਼ ਪਿਤਾ ਜੀ ਨੇ ਮਾਛੀਵਾੜੇ ਦੇ ਜੰਗਲ ਵਿੱਚ ਅਤੇ ਦਾਦੀ ਸਮੇਤ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਠੰਡੇ ਬੁਰਜ ਵਿਚ ਗੁਜਾਰੀ।
10 ਅਤੇ 11 ਪੋਹ, 24 ਅਤੇ 25 ਦਸੰਬਰ ਦੋ ਦਿਨ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ।
12 ਪੋਹ, 26 ਦਸੰਬਰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਉਮਰ 7 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 5 ਸਾਲ ਸੀ, ਦੋਵੇਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ਮਾਤਾ ਗੁਜਰ ਕੌਰ ਜੀ ਠੰਢੇ ਬੁਰਜ ਵਿੱਚ ਸਵਾਸ ਤਿਆਗ ਗਏ।
13 ਪੋਹ, 27 ਦਸੰਬਰ ਨੂੰ ਤਿੰਨਾਂ ਦਾ ਦੇਹ ਸਸਕਾਰ ਸਤਿਕਾਰ ਯੋਗ ਮੋਤੀ ਰਾਮ ਮਹਿਰਾ ਅਤੇ ਟੋਡਰ ਮੱਲ ਨੇ ਮਿਲ ਕੇ ਕੀਤਾ।
ਪੋਹ ਦੇ ਮਹੀਨੇ ਇਨ੍ਹਾਂ ਦਿਨਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਸ਼ਹੀਦੀ ਜੋੜ ਮੇਲੇ ਲੱਗਦੇ ਹਨ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਸੰਗਤਾਂ ਦੂਰੋਂ-ਦੂਰੋਂ ਗੁਰੂ ਘਰ ਵਿਚ ਸੀਸ ਝੁਕਾ ਕੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਮ ਅੱਖਾਂ ਨਾਲ ਯਾਦ ਕਰਦੀਆਂ ਹਨ। ਇਨ੍ਹਾਂ ਸ਼ਹਾਦਤ ਵਾਲੇ ਇਤਿਹਾਸਿਕ ਅਸਥਾਨਾਂ ਤੇ ਸੰਗਤਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਲੰਗਰ ਲਗਾ ਕੇ ਪੁੰਨ-ਦਾਨ ਵੀ ਕੀਤੇ ਜਾਂਦੇ ਹਨ। ਇਨ੍ਹਾਂ ਦਿਨਾਂ ਵਿੱਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਸੰਗਤਾਂ ਭੂੰਜੇ ਧਰਤੀ ਤੇ ਕੱਪੜੇ ਵਿਛਾ ਕੇ ਦਿਨ ਅਤੇ ਰਾਤ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਨਜ਼ਰ ਆਉਂਦੀਆਂ ਹਨ।
ਇਨ੍ਹਾਂ ਦਿਨਾਂ ਵਿਚ ਜਿਥੇ ਕੜਾਕੇ ਦੀ ਠੰਡ ਦੇ ਨਾਲ ਧੁੰਦ ਵੀ ਪੈ ਰਹੀ ਹੁੰਦੀ ਹੈ ਅਸੀਂ ਆਪਣੇ ਪਰਿਵਾਰ ਨੂੰ ਠੰਡ ਤੋਂ ਬਚਾਉਣ ਲਈ ਗਰਮ ਹੀਟਰ ਅਤੇ ਗਰਮ ਕੱਪੜਿਆਂ ਨਾਲ ਜਿੰਦਗੀ ਦਾ ਨਿੱਘ ਮਾਣ ਰਹੇ ਹਾਂ। ਉਸ ਸਮੇਂ ਇਹਨਾਂ ਦਿਨਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਹੀ ਸਿੱਖ ਧਰਮ ਦੇ ਲਈ ਕੁਰਬਾਨ ਕਰ ਦਿੱਤਾ ਅਤੇ ਸੰਗਤ ਨੇ ਉਹਨਾਂ ਨੂੰ ਸਰਬੰਸਦਾਨੀ ਦੇ ਨਾਮ ਨਾਲ ਨਿਵਾਜਿਆ ਹੈ। ਸਿੱਖ ਧਰਮ ਲਈ ਸ਼ਹੀਦ ਹੋਏ ਗੁਰੂ ਜੀ ਦੇ ਪਰਿਵਾਰ ਨੂੰ ਸੰਗਤਾਂ ਵੱਲੋਂ ਕੋਟਿ ਕੋਟਿ ਪ੍ਰਣਾਮ ਕੀਤਾ ਜਾਂਦਾ ਹੈ। ਸਤਿਨਾਮ ਸ੍ਰੀ ਵਾਹਿਗੁਰੂ।।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly