ਫਿਲੌਰ, ਅੱਪਰਾ (ਕੁਲਵਿੰਦਰ ਸਿੰਘ ਚੰਦੀ)-ਉਸਾਰੀ ਕਿਰਤੀ ਭਲਾਈ ਬੋਰਡ ਦੇ ਆਨ-ਲਾਈਨ ਪੋਰਟਲ ਵਿੱਚ ਵੱਡੀਆਂ ਖਾਮੀਆਂ ਹੋਣ ਕਾਰਨ ਉਸਾਰੀ ਕਿਰਤੀਆਂ ਅਤੇ ਬੋਰਡ ਦੇ ਮੁਲਾਜ਼ਮਾਂ ਨੂੰ ਅਨੇਕਾਂ ਮੁਸ਼ਕਲਾਂ ਦਰਪੇਸ਼ ਹਨ। ਸੇਵਾ ਕੇਂਦਰਾਂ ਅਤੇ ਕਿਰਤ ਵਿਭਾਗ ਦੇ ਦਫਤਰਾਂ ਵਿੱਚ ਕਿਰਤੀਆਂ ਦੀ ਖੱਜਲ ਖੁਆਰੀ ਹੋ ਰਹੀ ਹੈ ਅਤੇ ਉਨ੍ਹਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਜਿਸ ਕਾਰਨ ਕਿਰਤੀਆਂ ਵਿੱਚ ਵੱਡੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।
ਬੋਰਡ ਦੇ ਪੋਰਟਲ ਦੀਆਂ ਖਾਮੀਆਂ ਹੇਠ ਲਿਖੇ ਅਨੁਸਾਰ ਹਨ:-
1.ਉਸਾਰੀ ਕਿਰਤੀ ਭਲਾਈ ਬੋਰਡ ਚੰਡੀਗੜ੍ਹ ਦੇ ਅਨੇਕਾਂ ਰਜਿਸਟਰਡ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਸਬੰਧੀ ਵੱਡੀ ਸਮੱਸਿਆ ਦਰਪੇਸ਼ ਹੈ। ਕੁੱਝ ਬੈਂਕਾਂ ਦੁਸਰੀਆਂ ਬੈਂਕਾਂ ਵਿੱਚ ਮਰਜ ਹੋ ਜਾਣ ਅਤੇ ਕਰਮਚਾਰੀਆਂ ਵਲੋਂ ਸਹਿਬਣ ਗਲਤੀ ਕਾਰਨ ਵੇਰਵੇ ਗਲਤ ਦਰਜ ਹੋ ਜਾਣ ਦਾ ਖਮਿਆਜ਼ਾ ਉਸਾਰੀ ਕਿਰਤੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਅਤੇ ਭਲਾਈ ਸਕੀਮਾਂ ਦੀਆਂ ਅਪਲਾਈ ਹੋਈਆਂ ਅਰਜ਼ੀਆਂ ਵਿਚ ਬੈਂਕ ਖਾਤਿਆਂ ਦੇ ਵੇਰਵੇ ਸਬੰਧੀ ਅਬਜੈਕਸ਼ਨ ਦਰੁਸਤ ਕਰਨ ਲਈ ਸੇਵਾ ਕੇਂਦਰਾਂ ਵਿੱਚ ਕੋਈ ਵਿਵਸਥਾ ਨਹੀਂ ਹੈ। ਦੂਸਰੇ ਪਾਸੇ ਬੋਰਡ ਦੇ ਕਰਮਚਾਰੀਆਂ ਵਲੋਂ ਇਸ ਸਬੰਧੀ ਬੋਰਡ ਦੇ ਹੈੱਡ ਆਫਿਸ ਵਿੱਚ ਇਸ ਸਮੱਸਿਆ ਸਬੰਧੀ ਲਿਖਤੀ ਤੌਰ ਤੇ ਧਿਆਨ ਦਿਵਾਏ ਜਾਣ ਉਪਰੰਤ ਵੀ ਇਹ ਸਮੱਸਿਆ ਹੱਲ ਨਹੀਂ ਹੋ ਰਹੀ।
2. ਬੋਰਡ ਦੀ ਰਜਿਸਟ੍ਰੇਸ਼ਨ ਅਤੇ ਭਲਾਈ ਸਕੀਮਾਂ ਦੇ ਬਿਨੈਕਾਰਾਂ ਨੂੰ ਇੱਕ ਵੱਡੀ ਸਮੱਸਿਆ ਇਹ ਸਾਹਮਣੇ ਆ ਰਹੀ ਹੈ ਕਿ ਬਹੁਤ ਸਾਰੇ ਰਜਿਸਟਰਡ ਕਿਰਤੀਆਂ ਦੇ ਲਾਭਪਾਤਰੀ ਕਾਰਡ ਨਵਿਆਉਣ ਲਈ ਅਪਲਾਈ ਕੀਤੇ ਜਾਣ ਉਪਰੰਤ ਉਨ੍ਹਾਂ ਦੀਆਂ ਪਹਿਲੀਆਂ ਅਪਲਾਈ ਕੀਤੀਆਂ ਭਲਾਈ ਸਕੀਮਾਂ ਦਾ ਵੇਰਵਾ ਆਨ-ਲਾਈਨ ਪੋਰਟਲ ਵਿੱਚੋਂ ਗਾਇਬ ਹੋ ਰਿਹਾ ਹੈ।
3.ਉਸਾਰੀ ਕਿਰਤੀਆਂ ਦੇ ਲੇਬਰ ਕਾਰਡ ਨਵਿਆਉਣ (ਰਿਨਿਊ) ਦੇ ਵੱਡੇ ਹਿੱਸੇ ਦਾ ਕੰਮ ਇਕ ਤਰ੍ਹਾਂ ਰੁਕ ਗਿਆ ਹੈ। ਕਿਓਂਕਿ ਲਾਭਪਾਤਰੀਆਂ ਵਲੋ ਲੋੜੀਂਦੇ ਦਸਤਾਵੇਜ਼ ਲਗਾ ਕੇ ਆਪਣੇ ਲੇਬਰ ਕਾਰਡ ਨਵਿਆਉਣ ਲਈ ਸੇਵਾ ਕੇਂਦਰਾਂ ਵਿੱਚ ਅਪਲਾਈ ਕਰਨ ਉਪਰੰਤ ਉਨ੍ਹਾਂ ਦਾ ‘ਸਟੇਟਸ’ ਲਗਾਤਾਰ ‘ਪੇਡਿੰਗ’ ਆ ਰਿਹਾ ਹੈ। ਭਾਵੇਂ ਕਿ ਲੇਬਰ ਇਨਫੋਰਸਮੈਂਟ ਅਫਸਰਾਂ ਅਤੇ ਬੋਰਡ ਦੇ ਮੁਲਾਜ਼ਮਾਂ ਵਲੋਂ ਇਸ ਸਬੰਧੀ ਬੋਰਡ ਦੇ ਮੁੱਖ ਦਫ਼ਤਰ ਵਿੱਚ ਲਗਾਤਾਰ ਨੋਟ ਕਰਵਾਇਆ ਜਾ ਰਿਹਾ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
4.ਅਨੇਕਾਂ ਰਜਿਸਟਰਡ ਉਸਾਰੀ ਕਿਰਤੀਆਂ ਦੇ ਪੂਰੇ ਵੇਰਵੇ ਸ਼ੋਅ ਨਹੀਂ ਹੋ ਰਹੇ। ਇੱਥੋਂ ਤਕ ਕਿ ਇਨ੍ਹਾਂ ਕਿਰਤੀਆਂ ਵਲੋਂ ਅਪਲਾਈ ਕੀਤੀਆਂ ਭਲਾਈ ਸਕੀਮਾਂ ਵੀ ਸ਼ੋਅ ਨਹੀਂ ਹੋ ਰਹੀਆਂ। ਨਵੇਂ ਆਨ ਲਾਈਨ ਪੋਰਟਲ ਵਿੱਚ ਵੀ ਇਹ ਸਮੱਸਿਆ ਬਰਕਰਾਰ ਹੈ।
5.ਬੋਰਡ ਦੀ ਰਜਿਸਟ੍ਰੇਸ਼ਨ ਅਤੇ ਭਲਾਈ ਦੀ ਆਨ ਲਾਈਨ ਵਿਵਸਥਾ ਹੋਣ ਉਪਰੰਤ ਉਸ ਸਮੇਂ ਦੇ ਪੋਰਟਲ ਵਿੱਚ ਅਪਲਾਈ ਹੋਈਆਂ ਭਲਾਈ ਸਕੀਮਾਂ ਦੇ ਬਿਨੈਕਾਰਾਂ ਨੂੰ ਲਾਭ ਦੇਣ ਲਈ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਅਸੀਂ ਸਕੱਤਰ ਕਿਰਤ ਵਿਭਾਗ ਪੰਜਾਬ ਸਰਕਾਰ ਚੰਡੀਗੜ੍ਹ ਪਾਸੋਂ ਪੁਰਜੋਰ ਮੰਗ ਕਰਦੇ ਹਾਂ ਕਿ ਉਸਾਰੀ ਕਿਰਤੀ ਭਲਾਈ ਬੋਰਡ ਦੇ ਆਨ ਲਾਈਨ ਪੋਰਟਲ ਖਾਮੀਆਂ ਨੂੰ ਦੂਰ ਕਰਕੇ ਇਸ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾਵੇ ਅਤੇ ਉਸਾਰੀ ਕਿਰਤੀਆਂ ਦੀ ਹੋ ਰਹੀ ਖੱਜਲ ਖੁਆਰੀ ਅਤੇ ਆਰਥਿਕ ਨੁਕਸਾਨ ਨੂੰ ਰੋਕਿਆ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly