ਚਿੰਤਾ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

      (ਸਮਾਜ ਵੀਕਲੀ)

ਗਰਮੀਆਂ ਦੇ ਦਿਨ ਸਨ। ਰਾਤ ਦੇ ਨੌਂ ਵੱਜਣ ਵਾਲੇ ਸਨ। ਰਣਜੀਤ ਤੇ ਉਸ ਦੀ ਪਤਨੀ ਰਾਤ ਦੀ ਰੋਟੀ ਖਾਣ ਪਿੱਛੋਂ ਸੌਣ ਦੀ ਤਿਆਰੀ ਕਰ ਰਹੇ ਸਨ। ਅਚਾਨਕ ਉਨ੍ਹਾਂ ਦੇ ਘਰ ਦੀ ਬਿਜਲੀ ਦੀ ਸਪਲਾਈ ਬੰਦ ਹੋ ਗਈ। ਰਣਜੀਤ ਨੇ ਬਾਹਰ ਨਿਕਲ ਕੇ ਵੇਖਿਆ, ਉਸ ਦੇ ਲਾਗੇ ਦੇ ਦਸ, ਬਾਰਾਂ ਘਰਾਂ ਵਿੱਚ ਵੀ ਬਿਜਲੀ ਨਹੀਂ ਸੀ। ਹੌਲੀ, ਹੌਲੀ ਪਤਾ ਲੱਗਾ ਕਿ ਇਨ੍ਹਾਂ ਘਰਾਂ ਦੀ ਬਿਜਲੀ ਦੀ ਸਪਲਾਈ ਤਾਰਾਂ ਦੇ ਸੜ ਜਾਣ ਕਾਰਨ ਬੰਦ ਹੋਈ ਸੀ।
ਰਣਜੀਤ ਦੀ ਪਤਨੀ ਗਰਮੀ ਬਹੁਤ ਮੰਨਦੀ ਸੀ। ਉਸ ਨੇ ਵੇਖਿਆ, ਉਹ ਪਸੀਨੋ ਪਸੀਨਾ ਹੋਈ ਪਈ ਸੀ। ਉਸ ਦਾ ਵੱਡਾ ਭਰਾ ਉਸ ਕੋਲੋਂ 500 ਮੀਟਰ ਦੀ ਦੂਰੀ ਤੇ ਰਹਿੰਦਾ ਸੀ। ਉਸ ਦੀ ਪਤਨੀ ਨੇ ਉਸ ਦੇ ਭਤੀਜੇ ਨੂੰ ਫੋਨ ਕਰਕੇ ਆਖਿਆ,” ਅਮਨੇ, ਤੁਹਾਡੇ ਘਰ ਬਿਜਲੀ ਹੈਗੀ ਆ? ਸਾਡੀ ਤੇ ਸਾਡੇ ਨਾਲ ਦੇ ਦਸ, ਬਾਰਾਂ ਘਰਾਂ ਦੀ ਬਿਜਲੀ ਤਾਰਾਂ ਦੇ ਸੜ ਜਾਣ ਕਾਰਨ ਬੰਦ ਹੋ ਗਈ ਆ।”
” ਹਾਂ, ਹੈਗੀ ਆ, ਚਾਚੀ ਜੀ,” ਅਮਨੇ ਨੇ ਜਵਾਬ ਦਿੱਤਾ।
” ਮੈਂ ਤੁਹਾਡੇ ਘਰ ਸੌਣ ਆਣ ਲੱਗੀ ਆਂ,” ਰਣਜੀਤ ਦੀ ਪਤਨੀ ਨੇ ਆਖਿਆ।
ਫੇਰ ਉਹ ਰਣਜੀਤ ਨੂੰ ਮੁਖ਼ਾਤਿਬ ਹੋ ਕੇ ਬੋਲੀ,” ਮੈਂ ਅਮਨੇ ਹੋਰਾਂ ਦੇ ਘਰ ਸੌਣ ਚੱਲੀ ਆਂ। ਮੇਰੇ ਕੋਲੋਂ ਸਾਰੀ ਰਾਤ ਬਿਜਲੀ ਬਗੈਰ ਕੱਟਣੀ ਬੜੀ ਔਖੀ ਆ। ਜੇ ਤੁਸੀਂ ਮੇਰੇ ਨਾਲ ਆਣਾ, ਤਾਂ ਆ ਜਾਉ।”
” ਜੇ ਤੂੰ ਜਾਣਾ ਆਂ, ਤਾਂ ਜਾਹ, ਮੈਂ ਆਪਣਾ ਘਰ ਨ੍ਹੀ ਛੱਡ ਸਕਦਾ।”
ਰਣਜੀਤ ਦੇ ਏਨਾ ਕਹਿਣ ਦੀ ਦੇਰ ਸੀ ਕਿ ਉਹ ਉਸ ਦੇ ਵੱਡੇ ਭਰਾ ਦੇ ਘਰ ਸੌਣ ਲਈ ਚਲੀ ਗਈ। ਘਰ ਵਿੱਚ ਬਿਜਲੀ ਦੀ ਸਪਲਾਈ ਬੰਦ ਹੋਣਾ ਕੋਈ ਵੱਡੀ ਗੱਲ ਨਹੀਂ ਸੀ। ਹਾਲੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੀਆਂ ਕੁ ਮੁਸੀਬਤਾਂ ਆਉਣੀਆਂ ਸਨ? ਕਿਤੇ ਉਹ ਮੁਸੀਬਤਾਂ ਵਿੱਚ ਵੀ ਉਸ ਨੂੰ ਕੱਲਾ ਨਾ ਛੱਡ ਜਾਵੇ, ਰਣਜੀਤ ਇਹ ਸੋਚ ਕੇ ਚਿੰਤਾ ਵਿੱਚ ਡੁੱਬ ਗਿਆ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUnderground tunnel network used by Hamas passed beneath a school, hospital
Next articleਉਸਾਰੀ ਕਿਰਤੀ ਭਲਾਈ ਬੋਰਡ ਦੇ ਆਨ-ਲਾਈਨ ਪੋਰਟਲ ਵਿੱਚ ਵੱਡੀਆਂ ਖਾਮੀਆਂ ਹੋਣ ਕਾਰਨ ਉਸਾਰੀ ਕਿਰਤੀਆਂ ਨੂੰ ਭਾਰੀ ਦਿਕੱਤਾਂ-ਬਲਦੇਵ ਭਾਰਤੀ ਕਨਵੀਨਰ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ.ਐੱਲ.ਓ.)