ਪਰਿਵਾਰ ਦਾਨੀ ਬਾਬਾ ਮੋਤੀ ਰਾਮ ਮਹਿਰਾ ਜੀ

ਮਹਿੰਦਰ ਸਿੰਘ ਮਾਨ

        (ਸਮਾਜ ਵੀਕਲੀ)

ਜਦੋਂ ਦਸਵੇਂ ਗੁਰੂ ਜੀ ਨੇ ਸਿੰਘਾਂ ਤੇ ਪਰਿਵਾਰ ਸਮੇਤ ਛੱਡਿਆ ਅਨੰਦਪੁਰ ਸਾਹਿਬ ਦਾ ਕਿਲ੍ਹਾ,
ਤਾਂ ਪਿੱਛੋਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਕਸਮਾਂ ਭੁਲਾ।
ਸਰਸਾ ਨਦੀ ਪਾਰ ਕਰਦਿਆਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਤੋਂ ਵਿੱਛੜ ਗਏ।
ਉਹ ਠੰਢੀ ਰਾਤ ਵਿੱਚ ਸਤਲੁਜ ਦਰਿਆ ਦੇ ਕੰਢੇ ਕੀਮੇ ਮਲਾਹ ਕੋਲ ਪਹੁੰਚ ਗਏ।
ਉਨ੍ਹਾਂ ਨੇ ਉਸ ਕੋਲ ਦੋ ਰਾਤਾਂ ਗੁਜ਼ਾਰ ਕੇ ਚਾਲੇ ਪਾ ਦਿੱਤੇ ਅੱਗੇ ਵੱਲ।
ਉਨ੍ਹਾਂ ਨੂੰ ਗੁਰੂ ਘਰ ਦਾ ਪੁਰਾਣਾ ਰਸੋਈਆ ਗੰਗੂ ਮਿਲ ਗਿਆ ਰਸਤੇ ਵਿੱਚ।
ਉਨ੍ਹਾਂ ਨੂੰ ਮੋਰਿੰਡੇ ਥਾਣੇ ਵਿੱਚ ਗ੍ਰਿਫਤਾਰ ਕਰਵਾ ਦਿੱਤਾ ਉਸ ਨੇ ਹੋ ਕੇ ਲਾਲਚ ਵੱਸ।
ਫੇਰ ਉੱਥੋਂ ਉਨ੍ਹਾਂ ਨੂੰ ਸੂਬਾ ਸਰਹਿੰਦ ਨੇ ਠੰਢੇ ਬੁਰਜ ਵਿੱਚ ਕਰਾ ਦਿੱਤਾ ਕੈਦ।
ਉਸ ਵੇਲੇ ਬਾਬਾ ਮੋਤੀ ਰਾਮ ਮਹਿਰਾ ਲੱਗਾ ਹੋਇਆ ਸੀ
ਉਸ ਦੇ ਰਸੋਈਖਾਨੇ ਵਿੱਚ।
ਉਹ ਕੈਦੀਆਂ ਤੇ ਹਿੰਦੂ ਸਿਪਾਹੀਆਂ ਲਈ ਕਰਦਾ ਸੀ ਖਾਣਾ ਤਿਆਰ।
ਉਹ ਉਨ੍ਹਾਂ ਲਈ ਖਾਣਾ ਲੈ ਕੇ ਪਹੁੰਚਿਆ ਠੰਢੇ ਬੁਰਜ ਵਿੱਚ ਬੜੀ ਸ਼ਰਧਾ ਨਾਲ।
ਪਰ ਮਾਤਾ ਜੀ ਨੇ ਇਹ ਕਹਿ ਕੇ ਖਾਣਾ ਖਾਣ ਤੋਂ ਕਰ ਦਿੱਤਾ ਇਨਕਾਰ,
” ਸਾਨੂੰ ਮੁਗਲਾਂ ਦੀ ਰਸੋਈ ਵਿੱਚ ਲੁੱਟੇ ਧਨ ਨਾਲ ਬਣਿਆ ਖਾਣਾ ਨਹੀਂ ਸਵੀਕਾਰ।”
ਉਸ ਨੇ ਘਰ ਆ ਕੇ ਆਪਣੀ ਬਿਰਧ ਮਾਤਾ ਤੇ ਪਤਨੀ ਨੂੰ ਦੱਸੀ ਸਾਰੀ ਗੱਲ।
ਸਾਰੇ ਪਰਿਵਾਰ ਨੇ ਬੈਠ ਕੇ ਸੋਚ ਲਿਆ ਇਸ ਮਸਲੇ ਦਾ ਹੱਲ।
ਉਹ ਉਨ੍ਹਾਂ ਲਈ ਗਰਮ ਦੁੱਧ ਲੈ ਕੇ ਠੰਢੇ ਬੁਰਜ ‘ਚ ਪਹੁੰਚ ਗਿਆ।
ਉਸ ਨੇ ਉਨ੍ਹਾਂ ਨੂੰ ਬੜੀ ਸ਼ਰਧਾ ਨਾਲ ਇਹ ਗਰਮ ਦੁੱਧ ਪਿਲਾਇਆ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪਿੱਛੋਂ ਉਹ ਆਇਆ ਦੀਵਾਨ ਟੋਡਰ ਮੱਲ ਪਾਸ।
ਅੱਤੇ ਲੱਕੜਹਾਰੇ ਤੋਂ ਚੰਦਨ ਦੀ ਲੱਕੜੀ ਖਰੀਦੀ ਕਰਕੇ ਸਲਾਹ ਉਸ ਨਾਲ।
ਦੀਵਾਨ ਟੋਡਰ ਮੱਲ ਦੁਆਰਾ ਮੋਹਰਾਂ ਖੜ੍ਹੀਆਂ ਕਰਕੇ ਖਰੀਦੀ ਜ਼ਮੀਨ ਉੱਤੇ।
ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਕੀਤਾ ਸਸਕਾਰ  ਹੱਥੀਂ ਅੰਗੀਠੀ ਤਿਆਰ ਕਰਕੇ।
ਉਸ ਦੇ ਨਾਲ ਰਸੋਈਖਾਨੇ ਵਿੱਚ ਲੱਗਾ ਹੋਇਆ ਸੀ ਗੰਗੂ ਦਾ ਭਰਾ ਪੰਮਾ।
ਉਹ ਵਜ਼ੀਰ ਖਾਂ ਕੋਲ ਬਾਬਾ ਜੀ ਦੀ ਚੁਗਲੀ ਕਰ ਆਇਆ ਨਿਕੰਮਾ।
ਵਜ਼ੀਰ ਖਾਂ ਨੇ ਬਾਬਾ ਜੀ ਨੂੰ ਪਰਿਵਾਰ ਸਮੇਤ ਕੋਹਲੂ ‘ਚ
ਪੀੜਨ ਦੀ ਸਜ਼ਾ ਸੁਣਾਈ।
ਏਨੀ ਸਖਤ ਸਜ਼ਾ ਸੁਣ ਕੇ ਬਾਬਾ ਜੀ ਦੇ ਚਿਹਰੇ ਤੇ ਰਤਾ ਨਾ ਉਦਾਸੀ ਛਾਈ।
ਵਜ਼ੀਰ ਖਾਂ ਦਾ ਹੁਕਮ ਸੁਣ ਕੇ ਜੱਲਾਦਾਂ ਨੇ ਰਤਾ ਦੇਰ ਨਾ ਲਾਈ।
ਸਭ ਤੋਂ ਪਹਿਲਾਂ ਬਾਬਾ ਜੀ ਦੇ ਸੱਤ ਸਾਲਾ ਬੱਚੇ ਦੀ ਵਾਰੀ ਆਈ।
ਉਨ੍ਹਾਂ ਕੋੜੇ ਮਾਰ ਕੇ ਉਸ ਨੂੰ ਕਰਕੇ ਅੱਧਮੋਇਆ ਕੋਹਲੂ ‘ਚ ਪਾ ਪੀੜ ਦਿੱਤਾ।
ਫਿਰ ਬਾਬਾ ਜੀ ਦੀ ਬਿਰਧ ਮਾਤਾ ਤੇ ਪਤਨੀ ਨੂੰ ਕੋਹਲੂ ‘ਚ ਪਾ ਕੇ ਪੀੜ ਦਿੱਤਾ।
ਵਜ਼ੀਰ ਖਾਂ ਨੇ ਬਾਬਾ ਜੀ ਨੂੰ ਆਖਿਆ,” ਮੋਤੀ ਰਾਮ, ਹੁਣ ਵੀ ਹੈ ਵੇਲਾ।
ਇਸਲਾਮ ਧਾਰਨ ਕਰ ਲੈ, ਜੇ ਵੇਖਣਾ ਚਾਹੁੰਨਾ ਤੂੰ ਦੁਨੀਆਂ ਦਾ ਮੇਲਾ।”
ਬਾਬਾ ਜੀ ਨੇ ਆਖਿਆ,” ਮੈਂ ਧਰਮ ਤੇ ਗੁਰੂ ਤੋਂ ਬੇਮੁੱਖ ਨ੍ਹੀ ਹੋਣਾ।
ਤੂੰ ਮੇਰਾ ਸਾਰਾ ਪਰਿਵਾਰ ਮਾਰ ਦਿੱਤਾ ਆ, ਹੁਣ ਮੈਂ ਜੀ ਕੇ ਕੀ ਲੈਣਾ?”
ਅਖੀਰ ਬਾਬਾ ਜੀ ਨੂੰ ਕੋਹਲੂ ਵਿੱਚ ਪੀੜਨ ਦਾ ਹੁਕਮ ਹੋ ਗਿਆ।
ਏਦਾਂ ਪਰਿਵਾਰ ਦਾਨੀ ਸਿੱਖ ਨੇ ਸ਼ਹਾਦਤ ਦਿੱਤੀ ਤੇ ਅਮਰ ਹੋ ਗਿਆ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਵੀ ਦੁਨੀਆਂ
Next articleਗੱਲ ਵਿਚਾਰੀ