ਮੈਂ ਆਪਣੇ ਪਿੰਡ ਨੂੰ ਆਪਣਾ ਪਰਿਵਾਰ ਮੰਨਦਾ ਹਾਂ_ ਮਾ ਬਿੱਕਰ ਸਿੰਘ
ਮੋਗਾ/ਭਲੂਰ (ਬੇਅੰਤ ਗਿੱਲ ਭਲੂਰ) ਇੱਕ ਪਾਸੇ ਜਿੱਥੇ ਪਿੰਡ ਭਲੂਰ ਅੰਦਰ ਆਮ ਆਦਮੀ ਪਾਰਟੀ ਦੀ ਬਦੌਲਤ ਕਰੋੜਾਂ ਦੇ ਕਾਰਜ ਚੱਲ ਰਹੇ ਹਨ, ਉੱਥੇ ਦੂਜੇ ਪਾਸੇ ਪਿੰਡ ਦੇ ਸਦਾਬਹਾਰ ਸਰਪੰਚ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਹੋਰਾਂ ਦੀ ਹਿੰਮਤ, ਦਲੇਰੀ ਤੇ ਦ੍ਰਿੜਤਾ ਸਦਕਾ ਲਗਭਗ 1 ਕਰੋੜ ਦੇ ਖ਼ਰਚ ਵਾਲਾ ਸ਼ਾਨਦਾਰ ਪ੍ਰਾਜੈਕਟ ਵੀ ਨਵ- ਨਿਰਮਾਣ ਅਧੀਨ ਹੈ। ਇਸਦਾ ਖ਼ਰਚ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਹੋਰਾਂ ਦੀ ਜੇਬ ਅਤੇ ਪਿੰਡ ਵਾਸੀਆਂ ਤੇ ਐਨ ਆਰ ਆਈਜ਼ ਦੀਆਂ ਜੇਬਾਂ ਵਿੱਚੋਂ ਹੋ ਰਿਹਾ ਹੈ। ਅੱਜ ਇੱਥੇ ਪਿੰਡ ਦੇ ਸਾਊ ਤੇ ਕਮਾਊ ਪੁੱਤ ਸਰਦਾਰ ਸਰਬਜੀਤ ਸਿੰਘ ਇੰਗਲੈਂਡ ਵੱਲੋਂ ਆਪਣੇ ਜੋਬਨ ਰੁੱਤੇ ਸਦੀਵੀ ਵਿਛੋੜਾ ਦੇ ਗਏ ਪੁੱਤਰ ਮਨਦੀਪ ਸਿੰਘ ਦੀ ਯਾਦ ਵਿੱਚ ਉਕਤ ਕਾਰਜਾਂ ਲਈ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਅਤੇ ਪ੍ਰਬੰਧਕ ਕਮੇਟੀ ਨੂੰ 1 ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ। ਇੱਥੇ ਗੱਲਬਾਤ ਕਰਦਿਆਂ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਹੋਰਾਂ ਨੇ ਕਿਹਾ ਕਿ ਸਰਬਜੀਤ ਸਿੰਘ ਵਰਗੇ ਮੁਹੱਬਤੀ ਤੇ ਦਰਿਆਦਿਲ ਨੌਜਵਾਨਾਂ ਦੀ ਬਦੌਲਤ ਮੇਰੇ ਵਰਗੇ 80 ਵਰ੍ਹਿਆਂ ਨੂੰ ਪਹੁੰਚ ਚੁੱਕੇ ਲੋਕ ਇਸ ਤਰ੍ਹਾਂ ਦੇ ਵੱਡੇ ਪ੍ਰਾਜੈਕਟਾਂ ਨੂੰ ਹੱਥ ਪਾਉਣ ਦਾ ਹੌਂਸਲਾ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿੰਡ ਨੂੰ ਆਪਣਾ ਪਰਿਵਾਰ ਮੰਨਦਾ ਹਾਂ। ਇਹ ਪਰਿਵਾਰ ਕਦੇ ਵੀ ਮੇਰਾ ਹੌਂਸਲਾ ਨਹੀਂ ਡਿੱਗਣ ਦੇਵੇਗਾ। ਮੈਂ ਆਪਣੇ ਪਰਿਵਾਰ ਦੀਆਂ ਸਹੂਲਤਾਂ ਲਈ ਇਸ ਕਾਰਜਾਂ ਨੂੰ ਹਰ ਹੀਲੇ ਨੇਪਰੇ ਚੜ੍ਹਾਉਣ ਦਾ ਸੁਪਨਾ ਲਿਆ ਹੈ । ਇਹ ਸੁਪਨਾ ਭਲੂਰ ਦੇ ਸਰਬਜੀਤ ਸਿੰਘ ਵਰਗੇ ਪੁੱਤਰਾਂ ਦੀ ਸਵੱਲੀ ਨਿਗ੍ਹਾ ਨਾਲ ਸਾਕਾਰ ਹੋ ਕੇ ਰਹੇਗਾ। ਇਸ ਮੌਕੇ ਪ੍ਰਿੰਸੀਪਲ ਮੇਹਰ ਸਿੰਘ ਸੰਧੂ ਹੋਰਾਂ ਨੇ ਕਿਹਾ ਕਿ ਮਾਸਟਰ ਬਿੱਕਰ ਸਿੰਘ ਹੋਰਾਂ ਦਾ ਉਕਤ ਸੁਪਨਾ ‘ਭਲੂਰ’ ਲਈ ਚਾਨਣ ਮੁਨਾਰਾ ਸਾਬਿਤ ਹੋਵੇਗਾ। ਉਨ੍ਹਾਂ ਕਿਹਾ, ਇਸ ਸੁਪਨੇ ਲਈ ਸਰਬਜੀਤ ਸਿੰਘ ਵਰਗੇ ਲੋਕਾਂ ਦਾ ਅੱਗੇ ਆਉਣਾ ਭਲੂਰ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ, ਬਲਵਿੰਦਰ ਸਿੰਘ ਕਲੇਰ, ਲੈਕਚਰਾਰ ਹਰਮੇਲ ਸਿੰਘ, ਪ੍ਰਧਾਨ ਕਮਲਜੀਤ ਸਿੰਘ ਪੱਪੀ ਸੂਬੇਦਾਰ ਅਤੇ ਹੋਰ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly