(ਸਮਾਜ ਵੀਕਲੀ)
ਅੱਪਰਾ (ਜੱਸੀ)- ਪੰਜਾਬ ਦੀਆਂ ਅਨੂਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਸਿਰਮੌਰ ਮੁਲਾਜ਼ਮ, ਮਜ਼ਦੂਰ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਵਲੋਂ ਭੱਖਦੇ ਜਾਇਜ਼ ਮੁੱਦਿਆਂ ਦੀ ਅਣਦੇਖੀ ਵਿਰੁੱਧ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਘਿਰਾਓ ਦੇ ਸੱਦੇ ਤੇ ਰਾਹੋਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਜੱਥਾ ਰਵਾਨਾ ਹੋਇਆ। ਇਸ ਜੱਥੇ ਦੀ ਅਗਵਾਈ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ.ਐਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਕਰ ਰਹੇ ਸਨ।
ਬਲਦੇਵ ਭਾਰਤੀ ਨੇ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਰਕਾਰ ਪਾਸੋਂ 85ਵੀਂ ਸੰਵਿਧਾਨਕ ਸੋਧ ਜੂਨ 1995 ਤੋਂ ਲਾਗੂ ਕਰਨ, ਮਿਤੀ 10 ਅਕਤੂਬਰ 2014 ਦਾ ਮੁਲਾਜ਼ਮ ਮਾਰੂ ਗੈਰ ਸੰਵਿਧਾਨਕ ਪੱਤਰ ਰੱਦ ਕਰਨ, ਸਲਾਨਾ ਬੱਜਟ ਵਿੱਚ ਐੱਸ.ਸੀ./ਬੀ.ਸੀ. ਸ਼੍ਰੇਣੀਆਂ ਦੀ ਆਬਾਦੀ ਅਨੁਸਾਰ ਵੱਖਰੇ ਭਲਾਈ ਫੰਡ ਜਾਰੀ ਕਰਨ, ਭਰਤੀਆਂ ਅਤੇ ਤਰੱਕੀਆਂ ਵਿੱਚ ਐੱਸ. ਸੀ. ਲਈ 40% ਅਤੇ ਬੀ. ਸੀ. ਲਈ 27% ਰਾਖਵਾਂਕਰਨ ਦੇਣ, ਬੈਕਲਾਗ ਪੂਰਾ ਕਰਨ, ਠੇਕਾ ਅਧਾਰਿਤ, ਆਊਟਸੋਰਸ, ਡੇਲੀਵੇਜਿਜ, ਮਨਰੇਗਾ ਕਰਮਚਾਰੀ, ਉਸਾਰੀ ਕਿਰਤੀ ਭਲਾਈ ਬੋਰਡ ਦੇ ਕਰਮਚਾਰੀ, ਕਰੈਚ ਵਰਕਰ, ਮਿਡ ਡੇ ਮੀਲ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਹੈਲਪਰ ਅਤੇ ਪੈਰਾ ਮੈਡੀਕਲ ਸਟਾਫ ਨੂੰ ਸਬੰਧਿਤ ਵਿਭਾਗਾਂ ਵਿੱਚ ਰੈਗੂਲਰ ਕਰਨ, ਮਨਰੇਗਾ ਮਜ਼ਦੂਰਾਂ ਅਤੇ ਮੇਟਾਂ ਨੂੰ ‘ਘੱਟੋ-ਘੱਟ ਉੱਜਰਤ ਕਾਨੂੰਨ-1948’ ਅਨੁਸਾਰ ਬਣਦੀ ਮਜ਼ਦੂਰੀ ਅਤੇ ਸਾਲ ਦੇ 365 ਦਿਨ ਰੋਜ਼ਗਾਰ ਦੇਣ, ਘਰੇਲੂ ਮਜ਼ਦੂਰਾਂ ਲਈ ਭਲਾਈ ਅਤੇ ਸਮਾਜਿਕ ਸੁਰੱਖਿਆ ਲਈ ਯੋਗ ਨੀਤੀ ਬਣਾਉਣ, ਮਨਰੇਗਾ ਨੂੰ ਸ਼ਹਿਰੀ ਖੇਤਰਾਂ ਵਿੱਚ ਵੀ ਲਾਗੂ ਕਰਨ, ਮਜ਼ਦੂਰਾਂ ਦੇ ਸਰਕਾਰੀ ਅਤੇ ਸਹਿਕਾਰੀ ਬੈਂਕਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਡੰਮੀ ਬੋਲੀਆਂ ਬੰਦ ਕਰਕੇ ਕਾਨੂੰਨ ਅਨੁਸਾਰ ਪੰਚਾਇਤੀ ਜਮੀਨਾਂ ਦਾ 1/3 ਹਿੱਸਾ ਦਲਿਤਾਂ ਨੂੰ ਦੇਣ, ਲੈਂਡ ਸੀਲਿੰਗ ਦੀ ਹੱਦਬੰਦੀ ਤੋਂ ਵਾਧੂ ਗੈਰ-ਕਾਨੂੰਨੀ ਜਮੀਨ ਬੇਜ਼ਮੀਨੇ, ਥੁੜ ਜਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਵੰਡਣ, ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਡਰਾਪ ਆਊਟ ਹੋਏ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰਨ ਵਾਲੀਆਂ ਸੰਸਥਾਵਾਂ ਅਤੇ ਅਧਿਕਾਰੀਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ, ਚੋਣ ਵਾਅਦਿਆਂ ਮੁਤਾਬਕ ਰੋਜ਼ਗਾਰ ਜਾਂ 3500/- ਰੁ ਮਾਸਿਕ ਬੇਰੁਜ਼ਗਾਰੀ ਭੱਤਾ ਅਤੇ ਔਰਤਾਂ ਨੂੰ 1000/- ਮਾਸਿਕ ਵਿੱਤੀ ਸਹਾਇਤਾ ਦੇਣ ਅਤੇ ਬੇਘਰੇ ਲੋਕਾਂ ਲਈ ਪਲਾਟਾਂ ਅਤੇ ਰਿਹਾਇਸ਼ਾਂ ਦਾ ਪ੍ਰਬੰਧ ਕਰਨ ਦੀ ਪੁਰਜੋਰ ਮੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਇਨ੍ਹਾਂ ਮੰਗਾਂ ਸਬੰਧੀ ਗੱਲਬਾਤ ਲਈ ਸਮਾਂ ਦੇ ਕੇ ਲਗਾਤਾਰ ਟਾਲਮਟੋਲ ਕਰ ਰਹੀ ਹੈ। ਇਸ ਲਈ ਜਾਇਜ਼ ਅਤੇ ਭੱਖਦੇ ਮੁੱਦਿਆਂ ਦੀ ਅਣਦੇਖੀ ਦੇ ਰੋਸ ਵਜੋਂ ਜੁਆਇੰਟ ਐਕਸ਼ਨ ਕਮੇਟੀ ਵਲੋਂ ਯੁੱਗ ਪਲਟਾਊ ਰਹਿਬਰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਦੇ ਮੌਕੇ ਤੇ 6 ਦਸੰਬਰ ਨੂੰ ਕਮੇਟੀ ਦੇ ਚੇਅਰਮੈਨ ਸ਼੍ਰੀ ਜਸਬੀਰ ਸਿੰਘ ਪਾਲ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਸੰਗਰੂਰ ਕੋਠੀ ਦਾ ਜਬਰਦਸਤ ਘਿਰਾਓ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਦਾ ਇਹ ਸੰਘਰਸ਼ ਪੂਰੀਆਂ ਮੰਗਾਂ ਮੰਨੇ ਜਾਣ ਤਕ ਜਾਰੀ ਰਹੇਗਾ।