ਸਾਹਿਬ ਕਾਸ਼ੀ ਰਾਮ ਦੇ ਪ੍ਰੀ ਨਿਰਮਾਣ ਦਿਵਸ 09 ਅਕਤੂਬਰ ‘ਤੇ ਸ਼ਰਧਾਂਜਲੀ
(ਸਮਾਜ ਵੀਕਲੀ)- “ਕਾਸ਼ੀ” ਜੇਕਰ ਹਿੰਦੂਆਂ ਪਵਿੱਤਰ ਸਥਾਨ ਹੈ ਤਾਂ “ਸਾਹਿਬ ਕਾਸ਼ੀ ਰਾਮ” ਨੂੰ ਸਦੀਆਂ ਤੋਂ ਸਮਾਜਿਕ, ਧਾਰਮਿਕ, ਆਰਥਿਕ, ਮਾਨਸਿਕ ਅਤੇ ਰਾਜਨੀਤਿਕ ਗੁਲਾਮੀ ਦਾ ਸੰਤਾਪ ਹੰਢਾ ਰਹੇ ਦਲਿਤ ਅਤੇ ਪਿਛੜਿਆਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਤੋਂ ਬਾਅਦ “ਪਵਿੱਤਰ ਆਤਮਾ” ਅਤੇ “ਮੁਕਤੀ ਦਾਤਾ” ਮੰਨਿਆ। ਕਿਓ ਜੋ ਇਸ ਦੈਵੀ ਰੂਹ ਨੇ ਆਪਣਾ ਸਾਰਾ ਜੀਵਨ ਇੰਨ੍ਹਾਂ ਲੋਕਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋੜਨ ਅਤੇ ਰਾਜ-ਭਾਗ ਤੇ ਕਾਬਜ ਹੋਣ ਹਿੱਤ ਚੇਤਨਾ ਲਹਿਰ ਦੀ ਅਲਖ ਜਗਾਉਣ ‘ਤੇ ਲਗਾਇਆ।
15 ਮਾਰਚ 1934 ਨੂੰ ਰੋਪੜ ਜਿਲ੍ਹੇ ਦੇ ਪਿੰਡ ਖੁਆਸਪੁਰ ਵਿੱਚ ਰਮਦਾਸੀਆ ਭਾਈਚਾਰੇ ਵਿੱਚ ਜਨਮੇ ਇਸ ਸ਼ਖਸ ਨੇ ਗਰੀਬਾਂ, ਮਜਲੂਮਾਂ, ਨਿਆਸਰਿਆਂ ਅਤੇ ਜੀਵਨ ਦੇ ਹਰੇਕ ਪੱਧਰ ਤੇ ਸ਼ੋਸ਼ਣਾਂ ਦਾ ਸ਼ਿਕਾਰ ਹੁੰਦੇ ਨਿਮਨ ਵਰਗਾਂ ਦੀ ਚੌਤਰਫਾ ਅਜਾਦੀ, ਵਿਕਾਸ ਅਤੇ ਰਾਜਨੀਤਿਕ ਉਭਾਰ ਵਾਸਤੇ ਨਾ ਕੇਵਲ ਆਪਣਾ ਘਰ, ਪਰਿਵਾਰ ਅਤੇ ਉੱਚ ਅਹੁਦਾ ਤਿਆਗਿਆ ਬਲਕਿ ਉਮਰ ਭਰ ਵਿਆਹ ਨਾ ਕਰਵਾਉਣ ਦਾ ਸੰਕਲਪ ਵੀ ਲਿਆ।
ਸ਼ਾਹਿਬ ਕਾਸ਼ੀ ਰਾਮ ਜੀ ਦੀ ਵਿਸ਼ਾਲ, ਅਸੀਮਤ ਅਤੇ ਉਚ ਦਰਜੇ ਦੀ ਸਮਾਜਿਕ ਤੇ ਰਾਜਨੀਤਿਕ ਪਹੁੰਚ ਨੇ ਭਾਰਤੀ ਰਜਨੀਤੀ ਵਿੱਚ ਤਰਥੱਲੀ ਮਚਾਈ। ਇਸ ਰੂਹ ਦੀ ਬਦੌਲਤ ਨਿਮਨ ਲੋਕਾਂ ਵਿੱਚ ਸਵੈਮਾਣ ਅਤੇ ਸੱਤਾ ਸ਼ਾਸਨ ਦੀ ਲਾਲਸਾ ਨੇ ਅੰਗੜਾਈ ਭਰੀ। ਕਾਸੀ ਰਾਮ ਜੀ ਦਾ ਮੰਨਣਾ ਸੀ ਕਿ ਸੱਤਾ ਸ਼ਾਸਨ ‘ਤੇ ਕਬਜਾ ਹੀ ਦਲਿਤਾਂ ਦੀ ਮੁਕਤੀ ਅਤੇ ਅਜਾਦੀ ਦਾ ਬ੍ਰਹਮ-ਅਸਤਰ ਹੈ। ਮਹਿਜ ਮੰਗ ਪੱਤਰਾਂ, ਸਿਆਸੀ ਪਾਰਟੀਆਂ ਨੂੰ ਛੋਟੇ ਛੋਟੇ ਦਬਾਅ ਸਮੂਹਾਂ ਰਾਹੀਂ ਸਹਿਯੋਗ ਦੇਣਾ ਸਮੱਸਿਆ ਦਾ ਸਥਾਈ ਹੱਲ ਨਹੀਂ।
ਡੀ.ਐੱਸ.ਫੋਰ, ਬਾਮਸੇਫ, “ਪੇ ਬੈਕ ਟੂ ਸੁਸਾਇਟੀ” ਦੇ ਸੰਕਲਪ ਅਤੇ ਰਾਸ਼ਟਰੀ ਪੱਧਰ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਰਾਹੀਂ ਕਾਸ਼ੀ ਰਾਮ ਜੀ ਨੇ ਦੇਸ਼ ਵਿਆਪੀ ਦਲਿਤ ਚੇਤਨਾ ਲਹਿਰ ਨੂੰ ਹੁਲਾਰਾ ਦਿੱਤਾ।
ਉਹ ਸਾਫ, ਸ਼ਪੱਸ਼ਟ, ਨਿਡਰ, ਨਿਧੜਕ ਅਤੇ ਬੇਖੌਫ ਲੀਡਰ ਸੀ ਕਿਓ ਜੋ ਆਪਣੀਆਂ ਸਿਆਸੀ ਮੀਟੰਗਾਂ ਵਿੱਚ ਸਿੱਧੀ, ਸਾਦੀ ਤੇ ਸਧਾਰਨ ਬੋਲੀ ਰਾਹੀਂ ਸੰਬੌਧਿਤ ਹੁੰਦਿਆਂ ਦਲਿਤਾਂ ਦੀ ਅੰਤਰ ਆਤਮਾ ਨੂੰ ਝੰਜੋੜਦਿਆ ਆਖਦਾ ਸੀ, “ਓ ਮੇਰੇ ਸਮਾਜ ਦੇ ਲੋਕੋ ਆਪਣੀ ਵੋਟ ਦੀ ਤਾਕਤ ਪਛਾਣੋ ਮਹਿਜ ਸ਼ਰਾਬ ਦੀ ਬੋਤਲ, ਧਨਾਢਾਂ ਦੇ ਖੇਤਾਂ ਵਿੱਚ ਪੱਠਿਆਂ ਦੀ ਪੰਡ ਦੇ ਬਦਲੇ ਇਸਨੂੰ ਨਾ ਵੇਚੋ ”ਅਜਿਹੇ ਸ਼ਬਦ ਬਾਣਾਂ ਅਤੇ ਤਕਰੀਰਾਂ ਨੇ ਸਿਆਸੀ ਕੁੰਭਕਰਨੀ ਨੀਂਦ ਸੁੱਤੀ ਦਲਿਤ ਕੌਮ ਵਿੱਚ ਰਾਜਨੀਤਿਕ ਜਾਗ੍ਰਿਤੀ ਲਿਆਂਦੀ।
ਉਸਨੇ ਦਲਿਤ ਸਮਾਜ ਦੀ “ਦਿੱਲੀ ਤੋਂ ਦੂਰੀ” ਦੇ ਮੂਲ ਦੋਸ਼ੀਆਂ, ਨਿਮਨ ਵਰਗ ਵਿਰੋਧੀਆਂ ਦੇ ਹੱਥ ਠੋਕਿਆਂ ਅਤੇ ਮਾਨਸਿਕ ਗੁਲਾਮਾਂ ਵਜੋਂ ਵਿਚਰਨ ਵਾਲੇ ਸਿਆਸੀ ਲੋਕਾਂ ਨੂੰ ਆਪਣੀ ਪੁਸਤਕ “ਚਮਚਾ ਯੁੱਗ” ਵਿੱਚ ਖੂਬ ਬਿਆਨ ਕੀਤਾ। ਸਾਹਿਬ ਕਾਸ਼ੀ ਰਾਮ ਅਜਿਹੇ ਰਾਜਨੀਤਿਕ ਪ੍ਰਤੀਨਿਧੀਆਂ ਜਾਂ ਲੋਕਾਂ ਨੂੰ “ਚਮਚੇ” ਕਹਿਣ ਵਿੱਚ ਗੁਰੇਜ ਨਹੀਂ ਕਰਦੇ ਸਨ। ਦਲਿਤ ਲੋਕਾਂ ਪ੍ਰਤੀ ਅਜਿਹੇ ਲੋਕਾਂ ਦੀ ਪਹੁੰਚ ਦੀ ਭਵਿੱਖਬਾਣੀ ਕਰਦਿਆਂ ਕਾਸ਼ੀ ਰਾਮ ਨੇ ਇੱਕ ਸਮਾਗਮ ਵਿੱਚ ਕਿਹਾ ਸੀ ਕਿ “ਜਦੋਂ ਵੀ ਦਲਿਤ ਸਮਾਜ ਵਿੱਚ ਸਰਵਪੱਖੀ ਚੇਤਨਾ ਪੈਦਾ ਕਰਨ ਵਾਸਤੇ ਅੰਦੋਲਨ ਖੜੇ ਹੋਣਗੇ ਤਾਂ ਅਜਿਹੇ ਸਿਆਸੀ ਰਸੂਖ ਵਾਲੇ ਦਲਿਤ ਸਮਾਜ ਦੇ ਪ੍ਰਤੀਨਿਧੀਆਂ ਦੀ ਕਦਰ ਵਧੇਗੀ ਕਿਓ ਜੋ ਕਿਸੇ ਵੀ ਸ਼ੰਘਰਸ ਨੂੰ ਤਾਰੋਪੀਡਾ ਕਰਨ ਵਾਸਤੇ “ਚਮਚੇ” ਸਿਆਸੀ ਵਿਰੋਧੀਆਂ ਦਾ ਤਕੜਾ ਹਥਿਆਰ ਹੁੰਦੇ ਹਨ”।
ਆਰਥਿਕ ਪੱਖੋਂ ਕਮਜੋਰ ਪਾਰਟੀ ਹੋਣ ਕਾਰਣ ਉਸਨੇ ਲੋਕਾਂ ਤੱਕ ਸਾਇਕਲ ਯਾਤਰਾਵਾਂ ਰਾਹੀਂ ਪਹੁੰਚ ਬਣਾਈ। ਦਲਿਤ ਸਮਾਜ ਦੀ ਪੀੜ, ਦਰਦ, ਵੇਦਨਾ ਅਤੇ ਚੀਸ ਨੂੰ ਭਾਂਪਣ ਵਾਲੇ ਮਿਸ਼ਨਰੀ ਲੋਕਾਂ ਨੇ ਦੇਸ਼ ਵਿਦੇਸ਼ ਤੋਂ ਆਪ ਦੇ ਮੋਢੇ ਨਾਲ ਮੋਢਾ ਜੋੜਿਆ ਅਤੇ ਇਹ ਕਾਰਵਾਂ ਵੱਡਾ ਹੋਰ ਵੱਡਾ ਹੁੰਦਾ ਗਿਆ। ਜਿਸ ਦੀ ਬਦੌਲਤ ਕਾਸ਼ੀ ਰਾਮ ਨੇ ਸਿਆਸੀ ਤਾਜਪੋਸ਼ੀ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਤੋਂ ਆਰੰਭ ਕੀਤੀ ਅਤੇ ਜਿਉਂਦੇ ਜੀਅ ਸਿਆਸੀ ਗਲਿਆਰਿਆਂ ਵਿੱਚ “ਭੈਣ ਜੀ” ਦੇ ਨਾਮ ਨਾਲ ਸਤਿਕਾਰੀ ਜਾਂਦੀ ਕੁਮਾਰੀ ਮਾਇਆਵਤੀ ਨੂੰ ਆਪਣਾ ਉਤਰਾਧਿਕਾਰੀ ਬਣਾਇਆ।
ਸ਼ਾਹਿਬ ਕਾਸ਼ੀ ਰਾਮ ਜੀ ਨੇ 9 ਅਕਤੂਬਰ 2006 ਨੂੰ ਨਵੀਂ ਦਿੱਲੀ ਵਿਖੇ ਅੰਤਿਮ ਸਾਹ ਲਏ। ਵਿਸ਼ਵ ਭਰ ਵਿੱਚ ਉਨ੍ਹਾਂ ਦੇ ਪੈਰੋਕਾਰਾਂ ਵੱਲੋਂ ਇਸ ਦਿਨ ਨੂੰ ਉੰਨ੍ਹਾਂ ਦੇ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਂਦਿਆਂ ਉਨ੍ਹਾਂ ਦੇ ਪਦ ਚਿੰਨ੍ਹਾਂ ‘ਤੇ ਚੱਲਣ ਦਾ ਪ੍ਰਣ ਕੀਤਾ ਜਾਂਦਾ ਹੈ।
ਭਾਵੇਂ ਕਿ ਸਾਹਿਬ ਕਾਸ਼ੀ ਰਾਮ ਜੀ ਨੇ ਬਤੌਰ ਇੱਕ ਯੋਗ ਲੀਡਰ, ਸਿਆਸੀ ਰਾਹ ਦਸੇਰਾ ਅਤੇ ਸਮਾਜ ਸੁਧਾਰਕ ਵਜੋਂ ਵਿਚਰਦਿਆਂ ਦਲਿਤਾਂ, ਨਿਮਨ ਵਰਗਾਂ ਅਤੇ ਪਛੜੇ ਲੋਕਾਂ ਨੂੰ ਲਾਮਬੱਧ ਕਰਨ ਦੀਆਂ ਅਣਥੱਕ ਤੇ ਲਾਮਿਸਾਲ ਕੋਸ਼ਿਸ਼ਾ ਕੀਤੀਆਂ, ਪਰ ਫੇਰ ਵੀ ਮੌਜੂਦਾ ਸਮਿਆਂ ਦੌਰਾਨ ਪੰ੍ਰਪਰਾਵਾਦੀ, ਅਮੀਰ ਅਤੇ ਲੰਮੇ ਸਮੇਂ ਤੋਂ ਸੱਤਾ ਦਾ ਸੁਖ ਭੋਗ ਰਹੀਆਂ ਪਾਰਟੀਆਂ ਦੀਆਂ ਡੰੂਘੀਆਂ ਸਿਆਸੀ ਚਾਲਾਂ ਰਾਹੀਂ ਭਾਰਤ ਦੇਸ਼ ਅੰਦਰ ਇੰਨ੍ਹਾਂ ਲੋਕਾਂ ‘ਤੇ ਮਾਨਸਿਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਸਰੀਰਕ ਤਸ਼ੱਦਦ ਬਾ-ਦਸਤੂਰ ਜਾਰੀ ਹੀ ਨਹੀਂ ਬਲਕਿ ਦਲਿਤ ਸਮਾਜ ਦੇ ਸਿਆਸੀ ਏਕੇ ਦੇ ਉਭਾਰ ਨੂੰ ਠੱਲਣ ਦੀਆਂ ਕੋਝੀਆਂ ਲੂੰਬੜ ਚਾਲਾਂ ਵੀ ਖੇਡੀਆਂ ਜਾ ਰਹੀਆਂ ਹਨ।
ਮਾ: ਹਰਭਿੰਦਰ “ਮੁੱਲਾਂਪੁਰ”
ਸੰਪਰਕ:94646-01001