ਕੁਲਦੀਪ ਚਾਹਲ ਦਾ ਕਾਰਜਕਾਲ ਦਲਿਤਾਂ ਖਿਲਾਫ ਨਜਾਇਜ਼ ਪੁਲਿਸ ਬੱਲ ਦੀ ਵਰਤੋਂ ਦੇ ਤੌਰ ’ਤੇ ਯਾਦ ਰੱਖਿਆ ਜਾਵੇਗਾ : ਐਡਵੋਕੇਟ ਬਲਵਿੰਦਰ ਕੁਮਾਰ

ਐਡਵੋਕੇਟ ਬਲਵਿੰਦਰ ਕੁਮਾਰ

ਸਿਰਫ 10 ਮਹੀਨੇ ਦੇ ਕਾਰਜਕਾਲ ਵਿੱਚ ਹੀ ਦੋ ਵਾਰ ਦਲਿਤਾਂ ’ਤੇ ਨਜਾਇਜ਼ ਤੌਰ ’ਤੇ ਲਾਠੀਚਾਰਜ ਕੀਤਾ ਗਿਆ

ਜਲੰਧਰ।(Samajweekly) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦਾ ਕਾਰਜਕਾਲ ਆਮ ਲੋਕਾਂ, ਮਜ਼ਦੂਰਾਂ ਤੇ ਖਾਸ ਕਰਕੇ ਦਲਿਤਾਂ ਦੇ ਲਈ ਬਹੁਤ ਮਾੜਾ ਰਿਹਾ ਹੈ ਤੇ ਇੱਕ ਤਰ੍ਹਾਂ ਨਾਲ ਦਲਿਤ ਮਜ਼ਦੂਰ ਵਿਰੋਧੀ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਕਰੀਬ 10 ਮਹੀਨੇ ਪਹਿਲਾਂ ਉਨ੍ਹਾਂ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ ਸੀ। ਉਨ੍ਹਾਂ ਦੇ ਸਿਰਫ 10 ਮਹੀਨੇ ਦੇ ਹੀ ਕਾਰਜਕਾਲ ਵਿੱਚ ਪੁਲਿਸ ਵੱਲੋਂ ਦੋ ਵਾਰ ਦਲਿਤ ਵਰਗ ’ਤੇ ਨਜਾਇਜ਼ ਤੌਰ ’ਤੇ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਦੇ ਆਗੂਆਂ ਨੂੰ ਨਜਾਇਜ਼ ਤੌਰ ’ਤੇ ਪੁਲਿਸ ਵੱਲੋਂ ਹਿਰਾਸਤ ਵਿੱਚ ਵੀ ਲਿਆ ਗਿਆ।
ਬਸਪਾ ਆਗੂ ਨੇ ਕਿਹਾ ਕਿ ਕੁਲਦੀਪ ਚਾਹਲ ਦੀ ਜਲੰਧਰ ਵਿੱਚ ਤੈਨਾਤੀ ਦੇ ਕੁਝ ਸਮੇਂ ਬਾਅਦ ਹੀ ਪ੍ਰੀਖਿਆ ਦੇਣ ਤੋਂ ਬਾਂਝੇ ਕੀਤੇ ਜਾਣ ’ਤੇ ਰੋਹ ਦਾ ਮੁਜ਼ਾਹਰਾ ਕਰ ਰਹੇ ਐਸਸੀ ਵਿਦਿਆਰਥੀਆਂ ’ਤੇ ਕਮਿਸ਼ਨਰੇਟ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਵਿਦਿਆਰਥਣਾਂ ਜਿਹੜੀਆਂ ਕਿ ਪਹਿਲਾਂ ਹੀ ਪ੍ਰੀਖਿਆ ਤੋਂ ਬਾਹਰ ਕੱਢੇ ਜਾਣ ਕਾਰਨ ਪਰੇਸ਼ਾਨ ਸਨ, ਉਨ੍ਹਾਂ ਨੂੰ ਬੱਸ ਵਿੱਚ ਬਿਠਾ ਕੇ ਕਰੀਬ 20 ਕਿੱਲੋਮੀਟਰ ਦੂਰ ਆਦਮਪੁਰ ਨਹਿਰ ’ਤੇ ਛੱਡਿਆ ਗਿਆ, ਜਿੱਥੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਕਾਫੀ ਜੱਦੋਜਹਿਦ ਬਾਅਦ ਘਰ ਪਹੁੰਚੀਆਂ। ਇਸੇ ਤਰ੍ਹਾਂ ਹੀ ਸਈਪੁਰ ਵਿੱਚ ਵੀ ਕਮਿਸ਼ਨਰੇਟ ਪੁਲਿਸ ਵੱਲੋਂ ਬਸਪਾ ਆਗੂਆਂ ਤੇ ਵਰਕਰਾਂ ’ਤੇ ਨਜਾਇਜ਼ ਤੌਰ ’ਤੇ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਜਾਇਜ਼ ਤੌਰ ’ਤੇ ਹਿਰਾਸਤ ਵਿੱਚ ਲਿਆ ਗਿਆ, ਜਦਕਿ ਉਹ ਸਿਰਫ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਨ। ਜਦਕਿ ਦੂਜੀ ਧਿਰ ਜਿਸ ਵੱਲੋਂ ਹਥਿਆਰਬੰਦ ਹੋ ਕੇ ਬਾਬਾ ਸਾਹਿਬ ਦੇ ਨਾਂ ’ਤੇ ਬਣੀ ਪਾਰਕ ਨੂੰ ਤੋੜਿਆ ਗਿਆ, ਉਸਨੂੰ ਪ੍ਰੋਟੈਕਸ਼ਨ ਦਿੱਤੀ ਗਈ।
ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੇ ਕਾਰਜਕਾਲ ਵਿੱਚ ਪੁਲਿਸ ਵੱਲੋਂ ਆਮ ਲੋਕਾਂ ਖਿਲਾਫ ਨਜਾਇਜ਼ ਤੌਰ ’ਤੇ ਬੱਲ ਦੀ ਦੁਰਵਰਤੋਂ ਕੀਤੀ ਗਈ। ਆਮ ਲੋਕਾਂ ਤੇ ਖਾਸਕਰ ਦਲਿਤਾਂ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਕੀਤਾ ਗਿਆ। ਇਹ ਇੱਕ ਤਰ੍ਹਾਂ ਦੇ ਨਾਲ ਪੁਲਿਸ ਦਾ ਭੇਦਭਾਵ ਵਾਲਾ ਰਵੱਈਆ ਸੀ। ਉਨ੍ਹਾਂ ਕਿਹਾ ਕਿ ਸ੍ਰੀ ਚਾਹਲ ਦੇ ਕਾਰਜਕਾਲ ਵਿੱਚ ਅਜਿਹੀਆਂ ਵਧੀਕੀਆਂ ਕਰਕੇ ਆਮ ਲੋਕਾਂ ਤੇ ਖਾਸਕਰ ਦਲਿਤਾਂ ਦਾ ਪ੍ਰਸ਼ਾਸਨ ਵਿੱਚ ਵਿਸ਼ਵਾਸ ਟੁੱਟਿਆ। ਇਸ ਕਰਕੇ ਦਲਿਤਾਂ ਤੇ ਬਸਪਾ ਵੱਲੋਂ ਆਪ ਸਰਕਾਰ ਤੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦਾ ਪੁਲਿਸ ਬੱਲ ਦੀ ਦੁਰਵਰਤੋਂ ਖਿਲਾਫ ਲਗਾਤਾਰ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਕਾਰਜਕਾਲ ਪੁਲਿਸ ਦੇ ਲੋਕਾਂ ਖਿਲਾਫ ਨਜਾਇਜ਼ ਤੌਰ ’ਤੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਦੇ ਤੌਰ ’ਤੇ ਯਾਦ ਰੱਖਿਆ ਜਾਵੇਗਾ। ਉਹ ਆਪਣੇ ਕਾਰਜਕਾਲ ਵਿੱਚ ਨਸ਼ੇ ਤੇ ਅਪਰਾਧ ’ਤੇ ਵੀ ਰੋਕ ਨਹੀਂ ਲਗਾ ਸਕੇ।
ਬਸਪਾ ਆਗੂ ਨੇ ਕਿਹਾ ਕਿ ਕੋਈ ਵੀ ਸਰਕਾਰ ਜਾਂ ਅਫਸਰ ਕਿਸੇ ਵੀ ਧਿਰ ਦੀ ਆਵਾਜ਼ ਦਬਾ ਕੇ ਮਕਬੂਲ ਨਹੀਂ ਹੋ ਸਕਦਾ ਅਤੇ ਜੇਕਰ ਉਨ੍ਹਾਂ ਵੱਲੋਂ ਸੰਵਿਧਾਨ ਰਾਹੀਂ ਮਿਲੀਆਂ ਸ਼ਕਤੀਆਂ ਦੀ ਲੋਕਾਂ ਖਿਲਾਫ ਦੁਰਵਰਤੋਂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਵਿਰੋਧ ਲਾਜ਼ਮੀ ਹੈ, ਜੋ ਕਿ ਚਾਹਲ ਦੇ ਮਾਮਲੇ ਵਿੱਚ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਸਾਰੀਆਂ ਧਿਰਾਂ ਨੂੰ ਬਣਦਾ ਸਥਾਨ ਤੇ ਨਿਆਂ ਦੇ ਕੇ ਹੀ ਵਧੀਆ ਢੰਗ ਨਾਲ ਚੱਲ ਸਕਦੇ ਹਨ।

Previous articleDozens of patients, injuries evacuated from Al-Shifa hospital to southern Gaza
Next articleFarmers face action for stubble burning in Gorakhpur