ਬਾਲ ਗੀਤ – ਮਦਾਰੀ

ਨਿਰਮਲ ਸਿੰਘ ਨਿੰਮਾ
         (ਸਮਾਜ ਵੀਕਲੀ)
ਆਇਆ ਆਇਆ
ਸਾਡੇ ਪਿੰਡ ਮਦਾਰੀ ਆਇਆ..
ਸਾਈਕਲ ਉਹਦਾ ਟੱਲੀ ਵਾਲ਼ਾ
ਮੂਹਰੇ ਟੰਗਿਆ ਝੋਲ਼ਾ ਕਾਲ਼ਾ
ਬਾਂਦਰ ਬਾਂਦਰੀ ਨਾਲ਼ ਲਿਆਇਆ
ਸਾਡੇ ਪਿੰਡ ਮਦਾਰੀ ਆਇਆ..
ਕਹਿੰਦੇ ਸਾਰੇ ਉਸਨੂੰ ਜੀਤਾ
ਵਜ਼ਾ ਕੇ ਡਮਰੂ ਇਕੱਠ ਸੀ ਕੀਤਾ
ਲੰਬਾ ਚੌੜਾ ਕੁੜਤਾ ਪਾਇਆ
ਸਾਡੇ ਪਿੰਡ ਮਦਾਰੀ ਆਇਆ..
ਬਾਂਦਰ ਉਹਦਾ ਟਪੂਸੀਆਂ ਮਾਰੇ
ਦੇਖ ਕੇ ਬੱਚੇ ਹੱਸਣ ਸਾਰੇ
ਹਾਸਿਆਂ ਦਾ ਸੀ ਭੜਥੂ ਪਾਇਆ..
ਸਾਡੇ ਪਿੰਡ ਮਦਾਰੀ ਆਇਆ..
ਬਾਂਦਰੀ ਦਾ ਨਾਂਅ ਗੁਲਾਬੋ ਰੱਖਿਆ
ਠੁਮਕੇ ਦੇਖ ਕੇ ਭੋਲੂ ਹੱਸਿਆ
ਕਹਿੰਦਾ ਬਹੁਤ ਨਜ਼ਾਰਾ ਆਇਆ..
ਸਾਡੇ ਪਿੰਡ ਮਦਾਰੀ ਆਇਆ..
ਲਾਲ ਘੱਗਰੀ ਵਿੱਚ ਪੂਰਾ ਫੱਬਦੀ
ਜੀਤੇ ਦੇ ਇਸ਼ਾਰਿਆਂ ਤੇ ਜਾਵੇ ਨੱਚਦੀ
ਕੁੜਤੀ ਤੇ ਉਹਦੀ ਫੁੱਲ ਕਢਾਇਆ..
ਸਾਡੇ ਪਿੰਡ ਮਦਾਰੀ ਆਇਆ..
ਬਾਂਦਰ ਸਿਰ ਤੇ ਟੋਪੀ ਲਾ ਕੇ
ਮਿੰਨਤਾਂ ਕਰਦਾ ਗੁਲਾਬੋ ਦੀਆਂ ਜਾ ਕੇ
ਰੁੱਸੀ ਬਾਂਦਰੀ ਨੂੰ ਬਹੁਤ ਮਨਾਇਆ..
ਸਾਡੇ ਪਿੰਡ ਮਦਾਰੀ ਆਇਆ..
ਮੰਨੀ ਨਾ ਜਦੋਂ ਲਾਹੀ ਸੀ ਜੁੱਤੀ
ਬਾਂਦਰ ਨੇ ਸੋਟੀ ਵੀ ਚੁੱਕੀ
ਕਹਿੰਦਾ ਮੈਨੂੰ  ਬਹੁਤ ਸਤਾਇਆ..
ਸਾਡੇ ਪਿੰਡ ਮਦਾਰੀ ਆਇਆ..
ਦੇਖ ਕੇ ਮਸਲਾ ਉਲਝਿਆ ਹੋਇਆ
ਮਦਾਰੀ ਵਿਚਾਰਾ ਸੋਚ ਵਿੱਚ ਖੋਇਆ
ਦੋਹਾਂ ਦਾ ਫੇਰ ਫੈਸਲਾ ਕਰਵਾਇਆ..
ਸਾਡੇ ਪਿੰਡ ਮਦਾਰੀ ਆਇਆ..
ਤਮਾਸ਼ਾ ਮੁੱਕੇ ਤੇ ਤਾੜੀ ਵਜਾਈ
ਆਟੇ ਦੀ ਖੈਰ ਤਾਈ ਨੇ ਪਾਈ
ਨਿੰਮੇ ਵੀ ਨੋਟ ਦਸ ਦਾ ਦਿਖਾਇਆ..
ਗੇੜਾ ਕੱਢਦੀ ਗੁਲਾਬੋ ਦੇ ਛਾਬੇ ਵਿੱਚ ਪਾਇਆ..
ਆਇਆ ਆਇਆ
ਸਾਡੇ ਪਿੰਡ ਮਦਾਰੀ ਆਇਆ..
 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ: 9914721831
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਵੀਂ ਪੀੜ੍ਹੀ ਦੇ ਰੋਲ਼ ਮੌਡਲ ਗੈਂਗਸਟਰ ਹੀ ਕਿਉਂ…?
Next articleਕਲਮ..