ਨਵੀਂ ਪੀੜ੍ਹੀ ਦੇ ਰੋਲ਼ ਮੌਡਲ ਗੈਂਗਸਟਰ ਹੀ ਕਿਉਂ…?

ਬਰਜਿੰਦਰ ਕੌਰ ਬਿਸਰਾਓ‘

 (ਸਮਾਜ ਵੀਕਲੀ)- ਪਿਛਲੇ ਇੱਕ ਦਹਾਕੇ ਤੋਂ ਸਾਡੇ ਦੇਸ਼ ਵਿੱਚ ਗੈਂਗਸਟਰਵਾਦ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਸਾਡੇ ਦੇਸ਼ ਵਿੱਚ ਜਿਵੇਂ ਦਿਨੋ ਦਿਨ ਚੋਰੀਆਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਉਸੇ ਤਰ੍ਹਾਂ ਗੈਂਗ ਵਾਰ ਜਾਂ ਗੈਂਗਸਟਰਾਂ ਦੁਆਰਾ ਵੱਡੇ ਵੱਡੇ ਨਾਮੀ ਲੋਕਾਂ ਨੂੰ ਮਾਰ ਮੁਕਾਉਣਾ ਤੇ ਫਿਰ ਉਸ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਰਾਹੀਂ ਦੇ ਕੇ ਆਪਣੇ ਸਿਰ ਤੇ ਲੈਣਾ , ਕਿੰਨੀ ਆਮ ਜਿਹੀ ਗੱਲ ਹੋ ਗਈ ਹੈ। ਗੱਲ ਇੱਥੇ ਹੀ ਨਹੀਂ ਮੁੱਕਦੀ, ਇਸ ਤੋਂ ਬਾਅਦ ਇਸ ਗੱਲ ਨੂੰ ਸੋਸ਼ਲ ਮੀਡੀਆ ਦੇ ਨਿਊਜ਼ ਚੈਨਲਾਂ ਅਤੇ ਟੀ ਵੀ ਨਿਊਜ਼ ਚੈਨਲਾਂ ਤੇ ਮੁਕਾਬਲੇ ਦੀ ਦੌੜ ਵਿੱਚ ਇੱਕ ਘਟਨਾ ਨੂੰ ਬਹੁਤ ਹੀ ਦਿਲਚਸਪ ਤਰੀਕੇ ਨਾਲ਼ ਵੱਡੀ ਕਰਕੇ ਦਿਨ ਵਿੱਚ ਕਿੰਨੀ ਕਿੰਨੀ ਵਾਰ ਪੇਸ਼ ਕਰਨਾ ਕਿ ਉਹ ਗੱਲ ਵੱਡਿਆਂ ਵੱਡਿਆਂ ਦੇ ਦਿਮਾਗ ਵਿੱਚ ਐਨੀ ਘਰ ਕਰ ਜਾਂਦੀ ਹੈ ਕਿ ਇਨਸਾਨ ਉਸੇ ਬਾਰੇ ਹੀ ਸੋਚਦਾ ਰਹਿੰਦਾ ਹੈ ।ਬੱਚੇ ਕੋਮਲ ਮਨ ਦੇ ਹੋਣ ਕਰਕੇ ਤੇ ਨੌਜਵਾਨ ਗਰਮ ਖਿਆਲੀ ਹੋਣ ਕਰਕੇ ਛੇਤੀ ਪ੍ਰਭਾਵ ਹੇਠ ਆ ਜਾਂਦੇ ਹਨ। ਕੁਛ ਗੈਂਗਸਟਰਾਂ ਦੇ ਨਾਂ ਐਨੇ ਮਸ਼ਹੂਰ ਹੋ ਚੁੱਕੇ ਹਨ ਕਿ ਉਹਨਾਂ ਦਾ ਨਾਂ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ।

 ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਇੰਡ ਗੈਂਗਸਟਰਾਂ ਨੂੰ ਫੜਨ ਤੋਂ ਲੈਕੇ ਪੇਸ਼ੀਆਂ ਤੱਕ ਲਿਜਾਣ ਦੀਆਂ ਲਾਈਵ ਵੀਡੀਓਜ਼ ਇਸ ਤਰ੍ਹਾਂ ਵਿਖਾਈਆਂ ਜਾਂਦੀਆਂ ਹਨ ਜਿਵੇਂ ਉਹ ਕੋਈ ਕ੍ਰਿਮਿਨਲ ਨਾ ਹੋ ਕੇ ਕੋਈ ਬਹੁਤ ਵੱਡੇ ਨੇਤਾ ਹੋਣ। ਉਹਨਾਂ ਦੀਆਂ ਗੱਡੀਆਂ ਦੇ ਅੱਗੇ ਪਿੱਛੇ ਚੱਲਣ ਵਾਲ਼ੇ ਸੁਰੱਖਿਆ ਦਸਤਿਆਂ ਦੀਆਂ ਗੱਡੀਆਂ, ਉਹਨਾਂ ਦੇ ਵੱਜਦੇ ਹੂਟਰ ਅਤੇ ਉਨ੍ਹਾਂ ਉੱਪਰ ਜਗਦੀਆਂ ਬੁਝਦੀਆਂ ਲਾਲ ਨੀਲੀਆਂ ਲਾਈਟਾਂ ਦੀਆਂ ਲਾਈਵ ਵੀਡੀਓਜ਼ ਲਿਜਾਣ ਵਾਲੇ ਸਥਾਨ ਤੋਂ ਲੈ ਕੇ ਪਹੁੰਚਾਉਣ ਵਾਲੇ ਸਥਾਨ ਤੱਕ ਲਗਾਤਾਰ ਕਈ ਕਈ ਘੰਟੇ ਜਦ ਨਿਊਜ਼ ਚੈਨਲਾਂ ਤੇ ਦਿਖਾਈਆਂ ਜਾਂਦੀਆਂ ਹਨ ਤਾਂ ਇਸ ਚਕਾਚੌਂਧ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਤਾਂ ਕਰਨਾ ਹੀ ਹੈ। ਉਹਨਾਂ ਦੇ ਬਰੈਂਡਡ ਕੱਪੜੇ ਪਹਿਨ ਕੇ ਪੁਲਿਸ ਦੇ ਦਸਤੇ ਦੇ ਵਿਚਕਾਰ ਹਿੱਕ ਤਾਣ ਕੇ ਬੇਖੌਫ਼ ਚੱਲਣਾ, ਆਲ਼ੇ ਦੁਆਲ਼ੇ ਮੀਡੀਆ ਵਾਲਿਆਂ ਦਾ ਮਾਈਕ ਲੈ ਕੇ ਪਿੱਛੇ ਪਿੱਛੇ ਦੌੜਨਾ ਨਵੀਂ ਪੀੜ੍ਹੀ ਦੀ ਸੋਚ ਵਿੱਚ ਉਹਨਾਂ ਦੀ ਐਸ਼ ਪ੍ਰਸਤੀ ਦੀ ਜ਼ਿੰਦਗੀ ਦੀ ਤਸਵੀਰ ਪੈਦਾ ਕਰਦਾ ਹੈ। ਇਹ ਗੱਲ ਵੱਖਰੀ ਹੈ ਕਿ ਇਸ ਚੀਜ਼ ਦਾ ਸਕਾਰਾਤਮਿਕ ਅਸਰ ਘੱਟ ਤੇ ਨਾਕਾਰਾਤਮਕ ਅਸਰ ਵੱਧ ਹੋ ਰਿਹਾ ਹੈ। ਨਿੱਜੀ ਤਜ਼ਰਬੇ ਦੀ ਗੱਲ ਸਾਂਝੀ ਕਰਦਿਆਂ ਦੱਸਣਾ ਚਾਹੁੰਦੀ ਹਾਂ ਕਿ ਇੱਕ ਪੰਜ ਸੱਤ ਸਾਲ ਦਾ ਬੱਚਾ ਇਹ ਆਖਦਾ ਆਪਣੇ ਕੰਨੀਂ ਸੁਣਿਆ ਹੈ,” ਗੈਂਗਸਟਰ ਕੀ ਕਿਤਨੀ ਟੌਹਰ ਹੋਤੀ ਹੈ…. ਉਸ ਕੇ ਆਗੇ ਪੀਛੇ ਕਿਤਨੀ ਲਾਈਟੋਂ ਵਾਲੀ ਗਾੜੀਆਂ ਹੋਤੀ ਹੈਂ…. ਕਿਤਨੇ ਪੁਲਿਸ ਵਾਲੇ ਉਸ ਕੇ ਆਗੇ ਪੀਛੇ ਹੋਤੇ ਹੈਂ….. ਪੜ੍ਹਨੇ ਸੇ ਅੱਛਾ ਹੈ ਗੈਂਗਸਟਰ ਹੀ ਬਨ ਜਾਓ…..!” ਜੇ ਇਹ ਸਭ ਕੁਝ ਵੇਖ ਕੇ ਬੱਚਿਆਂ ਦੇ ਮਨ ਵਿੱਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਪੈਦਾ ਹੋਣ ਤਾਂ ਇਹੋ ਜਿਹੀਆਂ ਖ਼ਬਰਾਂ ਵਿਖਾਉਣ ਵਾਲ਼ਿਆਂ ਨੂੰ ਅਤੇ ਮਾਪਿਆਂ ਵੱਲੋਂ ਬੱਚਿਆਂ ਨਾਲ਼ ਬੈਠ ਕੇ ਟੀ ਵੀ ਤੇ ਇਹੋ ਜਿਹੀਆਂ ਖ਼ਬਰਾਂ ਵੇਖਣ ਤੋਂ ਆਪ ਹੀ ਗੁਰੇਜ਼ ਕਰਨਾ ਪਵੇਗਾ। ਡੁੱਬੀ ਤਾਂ ਜੇ ਸਾਹ ਨਾ ਆਇਆ, ਜੇ ਮਾਪੇ ਗੁਰੇਜ਼ ਕਰਨਗੇ ਤਾਂ ਮੋਬਾਈਲ ਤੇ ਸੋਸ਼ਲ ਮੀਡੀਆ ਤੇ ਚੱਲ ਰਹੇ ਹਜ਼ਾਰਾਂ ਨਿੱਜੀ ਚੈਨਲਾਂ ਤੇ ਉਹੀ ਖਬਰਾਂ ਨੂੰ ਉਹ ਚੋਰੀ ਚੋਰੀ ਵੇਖ ਕੇ ਪ੍ਰਭਾਵਿਤ ਹੋਣਗੇ। ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਆਗਰਾ ਵਿੱਚ ਦੋ ਨੌਜਵਾਨਾਂ ਵੱਲੋਂ ਆਪਣੇ ਅਧਿਆਪਕ ਦੇ ਪੈਰ ਵਿੱਚ ਗੋਲੀ ਮਾਰੀ ਗਈ ਤੇ ਫਿਰ ਗੈਂਗਸਟਰ ਅੰਦਾਜ਼ ਵਿੱਚ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ। ਪੁਲਿਸ ਦੁਆਰਾ ਉਹਨਾਂ ਨੂੰ ਫੜੇ ਜਾਣ ਤੇ ਉਹਨਾਂ ਨੇ ਗੈਂਗਸਟਰ ਦਾ ਨਾਂ ਦੱਸਿਆ ਤੇ ਕਿਹਾ ਕਿ ਉਹ ਗੈਂਗਸਟਰ ਉਹਨਾਂ ਦਾ ਰੋਲ ਮਾਡਲ ਹੈ। ਜੇ ਸਾਡੇ ਦੇਸ਼ ਦੇ ਨੌਜਵਾਨ ਨਾਮੀ ਗੈਂਗਸਟਰਾਂ ਨੂੰ ਹੀ ਆਪਣਾ ਰੋਲ ਮਾਡਲ ਮੰਨਣ ਲੱਗ ਪੈਣਗੇ ਤਾਂ ਸਾਡੇ ਦੇਸ਼ ਦਾ ਭਵਿੱਖ ਕੀ ਹੋਵੇਗਾ?
         ਨੌਜਵਾਨੀ ਨੂੰ ਇਹਨਾਂ ਲੋਕਾਂ ਦੇ ਪ੍ਰਭਾਵ ਹੇਠ ਆਉਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਇਹ ਸਮਾਂ ਰਹਿੰਦੇ ਹੀ ਸੋਚਣ ਦੀ ਲੋੜ ਹੈ ਨਹੀਂ ਤਾਂ ਪਤਾ ਨਹੀਂ ਕਿੰਨੇ ਨੌਜਵਾਨ ਇਸ ਪ੍ਰਭਾਵ ਹੇਠ ਆ ਕੇ ਕੁਰਾਹੇ ਪੈ ਜਾਣਗੇ। ਸ਼ੁਰੂਆਤ ਤਾਂ ਘਰ ਤੋਂ ਹੀ ਕਰਨੀ ਪੈਂਦੀ ਹੈ। ਮਾਪਿਆਂ ਵੱਲੋਂ ਬੱਚਿਆਂ ਨੂੰ ਇਹੋ ਜਿਹੇ ਲੋਕਾਂ ਦੀਆਂ ਖ਼ਬਰਾਂ ਪੜ੍ਹਨ ਅਤੇ ਵੇਖਣ ਤੋਂ ਬਾਅਦ ਇਹਨਾਂ ਦੇ ਭਿਆਨਕ ਨਤੀਜਿਆਂ ਬਾਰੇ ਦੱਸਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਬੁਰੇ ਕੰਮ ਦਾ ਬੁਰਾ ਨਤੀਜਾ ਹੀ ਨਿਕਲ਼ਦਾ ਹੈ। ਚੈਨਲਾਂ ਤੇ ਇਹੋ ਜਿਹੀਆਂ ਖ਼ਬਰਾਂ ਨੂੰ ਵਿਸਥਾਰਪੂਰਵਕ ਵਿਖਾਉਣ ਦੀ ਬਜਾਏ ਸਿਰਫ਼ ਅੰਸ਼ਕ ਮਾਤਰ ਹੀ ਦਿਖਾਉਣਾ ਚਾਹੀਦਾ ਹੈ ਤੇ ਨਾਲ ਹੀ ਉਨ੍ਹਾਂ ਨੂੰ ਮਿਲਣ ਵਾਲੀਆਂ ਸੰਭਾਵਿਤ ਸਜਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਵੇਖਣ ਵਾਲੇ ਬੱਚਿਆਂ ਜਾਂ ਯੁਵਾ ਪੀੜ੍ਹੀ ਨੂੰ ਗਲਤ ਰਸਤਿਆਂ ਤੇ ਚੱਲਣ ਦਾ ਅੰਜਾਮ ਨਾਲ਼ ਦੀ ਨਾਲ਼ ਹੀ ਪਤਾ ਲੱਗ ਸਕੇ।
       ਗੈਂਗਸਟਰਾਂ ਨੂੰ ਨਾਇਕ ਬਣਾ ਕੇ ਫ਼ਿਲਮਾਂ ਬਣਾਉਣ ਤੇ ਰੋਕ ਲੱਗਣੀ ਚਾਹੀਦੀ ਹੈ। ਕਲਾਕਾਰਾਂ ਦੁਆਰਾ ਅਜਿਹੇ ਗਾਣੇ ਸਾਡੇ ਸਮਾਜ ਵਿਚ ਪਰੋਸੇ ਜਾ ਰਹੇ ਹਨ, ਜਿਹਡ਼ੇ ਗੈਂਗਸਟਰਵਾਦ ਨੂੰ ਪ੍ਰਮੋਟ ਕਰਦੇ ਹਨ। ਗਾਣਿਆਂ ਵਿਚ ਹਥਿਆਰਾਂ, ਮਹਿੰਗੀਆਂ ਗੱਡੀਆਂ, ਮਹਿੰਗੇ ਫੋਨਾਂ, ਨਸ਼ੇ ਅਤੇ ਮਾਰਧਾਡ਼ ਦਿਖਾਉਣ ਨਾਲ ਨਵੀਂ ਪੀਡ਼੍ਹੀ ਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ। ਬੱਚਿਆਂ ਨੂੰ ਇਹ ਗਾਣੇ ਆਕਰਸ਼ਤ ਕਰਦੇ ਹਨ ਤੇ ਬੱਚੇ ਉਹੋ ਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਨ।ਅੱਜ ਛੋਟੇ ਛੋਟੇ ਬੱਚਿਆਂ ਨੂੰ ਵੱਡੇ ਵੱਡੇ ਮਾਰੂ ਹਥਿਆਰਾਂ ਦੇ ਨਾਂ ਪਤਾ ਹਨ। ਇਸ ਰੁਝਾਨ ਲਈ ਕਿਤੇ ਨਾ ਕਿਤੇ ਪੈਸਾ ਕਮਾਉਣ ਦੇ ਚੱਕਰ ਵਿੱਚ ਸਾਡੇ ਦੇਸ਼ ਦੇ ਕਲਾਕਾਰ ਵੀ ਜ਼ਿੰਮੇਵਾਰ ਹਨ । ਕਲਾ ਕੋਈ ਵੀ ਹੋਵੇ ਉਸ ਰਾਹੀਂ ਦੁਨੀਆਂ ਵਿੱਚ ਚੰਗੇ ਸੰਦੇਸ਼ ਵੀ ਦਿੱਤੇ ਜਾ ਸਕਦੇ ਹਨ ਬੱਸ ਇਰਾਦਾ ਹੋਣਾ ਚਾਹੀਦਾ ਹੈ।
       ਸਾਡੇ ਦੇਸ਼ ਖ਼ਾਸ ਕਰਕੇ ਸਾਡੇ ਪੰਜਾਬ ਦੀ ਨੌਜਵਾਨੀ ਤਾਂ ਪਹਿਲਾਂ ਹੀ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਰੁੜ੍ਹਦੀ ਜਾ ਰਹੀ ਹੈ , ਉੱਤੋਂ ਗੈਂਗਸਟਰਵਾਦ ਦੇ ਪ੍ਰਭਾਵ ਹੇਠ ਆ ਕੇ ਕੁਰਾਹੇ ਪੈਣਾ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦਲਦਲ ਵਿੱਚ ਫ਼ਸੇ ਨੌਜੁਆਨਾਂ ਨੂੰ ਵਿਸਥਾਰਪੂਰਵਕ ਵਿਖਾਉਣ ਦੀ ਬਜਾਏ ਉਹਨਾਂ ਦੀਆਂ ਬਰਬਾਦ ਹੋ ਰਹੀਆਂ ਜ਼ਿੰਦਗੀਆਂ ਬਾਰੇ ਚਾਨਣ ਪਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਉਹਨਾਂ ਨੂੰ ਰੋਲ ਮਾਡਲ ਮੰਨਣ ਦੀ ਬਜਾਏ ਉਹਨਾਂ ਨੂੰ ਖਲਨਾਇਕ ਵਜੋਂ ਵੇਖ ਸਕਣ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰਥਲਾ ਵਿਖੇ ਜੰਗਲ਼ੀ ਜੀਵ ਸੁਰੱਖਿਆ ਸਪਤਾਹ ਮਨਾਇਆ ਗਿਆ।
Next articleਬਾਲ ਗੀਤ – ਮਦਾਰੀ