ਚਿੰਤਾ ਨੁਕਸਾਨ ਹੀ ਕਰਦੀ ਹੈ

ਪ੍ਰਭਜੋਤ ਕੌਰ ਢਿੱਲੋਂ

  (ਸਮਾਜ ਵੀਕਲੀ)– ਚਿੰਤਾ ਨੁਕਸਾਨ ਹੀ ਕਰਦੀ ਹੈ,ਮਸਲੇ ਹੱਲ ਨਹੀਂ ਕਰਦੀ ਚਿੰਤਾ ਕਰਨੀ ਮਨੁੱਖੀ ਸੁਭਾਅ ਹੈ।ਅਸੀਂ ਸੋਚਣ,ਸਮਝਣ ਅਤੇ ਵਿਚਾਰ ਕਰਨ ਦੀ ਸੋਝੀ ਰੱਖਦੇ ਹਾਂ। ਇਸ ਕਰਕੇ ਚੰਗੇ ਮਾੜੇ ਤੇ ਸੋਚਦੇ ਵਿਚਾਰ ਦੇ ਹਾਂ।ਪਰ ਚਿੰਤਾ ਹਮੇਸ਼ਾਂ ਨਾਂਹ ਪੱਖੀ ਸੋਚ ਪੈਦਾ ਕਰਦੀ ਹੈ,ਜਦੋਂ ਉਸ ਨੂੰ ਅਸੀਂ ਵਧੇਰੇ ਸੋਚਦੇ ਹਾਂ। ਜੇਕਰ ਕੋਈ ਘਰੋਂ ਬਾਹਰ ਗਿਆ ਤਾਂ ਉਸ ਬਾਰੇ ਅਸੀਂ ਸੋਚਦੇ ਰਹਿੰਦੇ ਹਾਂ।ਜਦੋਂ ਜਿਆਦਾ ਸੋਚਣ ਲੱਗ ਜਾਈਏ ਤਾਂ ਉਹ ਨਤੀਜੇ ਵੀ ਨਾਂਹ ਪੱਖੀ ਹੋ ਜਾਂਦੇ ਹਨ।ਸਿਆਣਿਆਂ ਨੇ ਸੱਚ ਸੀ ਕਿਹਾ ਹੈ ਕਿ ਚਿੰਤਾ ਚਿਖਾ ਸਮਾਨ ਹੈ।ਇਹ ਬੰਦੇ ਨੂੰ ਘੁਣ ਵਾਂਗ ਅੰਦਰੋਂ ਖਾ ਜਾਂਦੀ ਹੈ।ਚਿੰਤਾ ਮਨੁੱਖ ਦੀ ਅਸਾਧਾਰਨ ਬੇਚੈਨੀ ਹੈ ਜਿਸ ਵਿੱਚ ਉਹ ਹਮੇਸ਼ਾਂ ਅਤੇ ਲਗਾਤਾਰ ਫਿਕਰ ਦੀ ਸਥਿਤੀ ਵਿੱਚ ਰਹਿੰਦਾ ਹੈ। ਕੁੱਝ ਚਿੰਤਾਵਾਂ ਸਥਿਤੀ ਮੁਤਾਬਿਕ ਹੁੰਦੀਆਂ ਹਨ।ਜਿਵੇਂ ਟਰੇਨ ਤੇ ਚੜ੍ਹਨਾ ਹੋਵੇ ਪਰ ਰਸਤੇ ਵਿੱਚ ਟਰੈਫਿਕ ਜਾਮ ਵਿੱਚ ਫਸ ਜਾਈਏ।ਜਦੋਂ ਸਮੇਂ ਤੇ ਪਹੁੰਚ ਜਾਈਏ,ਟਰੇਨ ਵਿੱਚ ਬੈਠ ਜਾਈਏ ਤਾਂ ਚਿੰਤਾ ਖਤਮ ਹੋ ਜਾਂਦੀ ਹੈ।ਦੂਸਰੀ ਤਰ੍ਹਾਂ ਦੀ ਚਿੰਤਾ ਹਰ ਵੇਲੇ ਰਹਿੰਦੀ ਹੈ।ਇਸ ਚਿੰਤਾ ਦਾ ਕਾਰਨ ਵੀ ਕਈ ਵਾਰ ਪਤਾ ਨਹੀਂ ਹੁੰਦਾ।ਪਰ ਚਿੰਤਾ ਨਾਲ ਬੇਚੈਨੀ ਹਰ ਵੇਲੇ ਬਣੀ ਰਹਿੰਦੀ ਹੈ।ਕਈ ਵਾਰ ਅਸੀਂ ਚਿੰਤਾ ਕਰਦੇ ਹਾਂ ਕਿ ਲੋਕਾਂ ਦੀ ਮੇਰੇ ਬਾਰੇ ਸੋਚ ਕਿਵੇਂ ਦੀ ਹੈ।ਅਸੀਂ ਦੂਸਰਿਆਂ ਨੂੰ ਚੰਗਾ ਬਣੇ ਰਹਿਣ ਅਤੇ ਵਿਖਾਉਣ ਦੀ ਚਿੰਤਾ ਕਰਦੇ ਰਹਿੰਦੇ ਹਾਂ।ਲੋਕਾਂ ਦੇ ਬੋਲਾਂ ਬਾਰੇ ਸੋਚਦੇ ਹਾਂ ਅਤੇ ਉਸਦੀਆਂ ਕਹਾਣੀਆਂ ਬਣਾਕੇ ਆਪਣੇ ਆਪਨੂੰ ਚਿੰਤਾ ਵਿੱਚ ਪਾ ਲੈਂਦੇ ਹਾਂ। ਬੱਚਿਆਂ ਦੀ ਪੜ੍ਹਾਈ,ਉਨ੍ਹਾਂ ਦੀ ਨੌਕਰੀ ਦੀ ਚਿੰਤਾ ਲੱਗੀ ਰਹਿੰਦੀ ਹੈ।ਹਕੀਕਤ ਇਹ ਹੈ ਕਿ ਕੁਦਰਤ ਨੇ ਹਰ ਕਿਸੇ ਦਾ ਪ੍ਰਬੰਧ ਕੀਤਾ ਹੋਇਆ ਹੈ।ਸਾਡੀ ਚਿੰਤਾ ਕੋਈ ਵੀ ਮਸਲਾ ਹੱਲ ਨਹੀਂ ਕਰਦੀ।ਹਾਂ ਮਾਹੌਲ ਖਰਾਬ ਜ਼ਰੂਰ ਕਰ ਦਿੰਦੀ ਹੈ।

ਜਦੋਂ ਅਸੀਂ ਵਧੇਰੇ ਚਿੰਤਾ ਕਰਦੇ ਹਾਂ ਅਤੇ ਹਰ ਵੇਲੇ ਉਸ ਵਿੱਚ ਹੀ ਰਹਿੰਦੇ ਹਾਂ ਤਾਂ ਸਿਹਤ ਵਿਗੜ ਜਾਂਦੀ ਹੈ।ਚਿੰਤਾ ਕਰਕੇ ਨੀਂਦ ਨਹੀਂ ਆਉਂਦੀ।ਨੀਂਦ ਪੂਰੀ ਨਾ ਕਰਕੇ ਹਾਕਮਾਂ ਖ਼ਰਾਬ ਹੋ ਜਾਂਦਾ ਹੈ।ਸਿਰਦਰਦ ਹੋਣ ਲੱਗਦਾ ਹੈ।ਹਰ ਵੇਲੇ ਬੇਚੈਨੀ ਰਹਿੰਦੀ ਹੈ।ਇਸਦੇ ਨਾਲ ਹੀ ਸੁਭਾਅ ਵਿੱਚ ਚਿੜਚਿੜਾਪਣ ਆ ਜਾਂਦਾ ਹੈ।ਘਰ ਦਾ ਮਾਹੌਲ ਖਰਾਬ ਹੋ ਜਾਂਦਾ ਹੈ।ਛੋਟੀ ਛੋਟੀ ਗੱਲ ਤੇ ਲੜਾਈ ਰਹਿਣ ਲੱਗਦੀ ਹੈ।ਜਿੱਥੇ ਲੜਾਈ ਅਤੇ ਬੀਮਾਰੀ ਹੋਵੇ,ਉੱਥੇ ਖੁਸ਼ਹਾਲੀ,ਤਰੱਕੀ ਅਤੇ ਸਫਲਤਾ ਹੋ ਹੀ ਨਹੀਂ ਸਕਦੀ।ਵਧੇਰੇ ਚਿੰਤਾ ਕਰਨ ਵਾਲੇ ਮਾਨਸਿਕ ਰੋਗੀ ਹੋ ਜਾਂਦੇ ਹਨ।ਲੋੜ ਤੋਂ ਵਧੇਰੇ ਸੋਚਦੇ ਹਨ।ਹਰ ਵੇਲੇ ਉਨ੍ਹਾਂ ਲੱਗਦਾ ਹੈ ਕਿ ਉਨ੍ਹਾਂ ਬਾਰੇ ਗੱਲ ਹੋ ਰਹੀ ਹੈ।ਉਹ ਆਪਣੀ ਸੋਚ ਮੁਤਾਬਿਕ ਕਲਪਨਾ ਕਰਦੇ ਰਹਿੰਦੇ ਹਨ।
ਲੋਕਾਂ ਦੀ ਪ੍ਰਵਾਹ ਕਰਨੀ ਛੱਡਣਾ ਬਹੁਤ ਜ਼ਰੂਰੀ ਹੈ।ਅਸੀਂ ਲੋਕਾਂ ਦੀ ਪਸੰਦ ਨਾ ਪਸੰਦ ਦੀ ਚਿੰਤਾ ਵਧੇਰੇ ਕਰਦੇ ਹਾਂ।ਸਾਨੂੰ ਹਮੇਸ਼ਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਚਿੰਤਾ ਲੱਗੀ ਰਹਿੰਦੀ ਹੈ।ਲੋਕਾਂ ਦੇ ਅੱਗੇ ਲੰਘਣ ਅਤੇ ਅਮੀਰ ਦਿਖਾਉਣ ਦੀ ਚਿੰਤਾ ਵੱਢ ਵੱਢ ਖਾਂਦੀ ਹੈ।ਲੋਕਾਂ ਨੂੰ ਕੋਈ ਖੁਸ਼ ਨਹੀਂ ਕਰ ਸਕਿਆ ਅਤੇ ਦੁਨੀਆਂ ਨੂੰ ਕੋਈ ਸਮਝ ਨਹੀਂ ਸਕਿਆ।ਹਾਂ ਪੱਖੀ ਸੋਚੋ।ਆਪਣਿਆਂ ਦਾ ਫਿਕਰ ਕਰੋ ਪਰ ਹਰ ਵੇਲੇ ਚਿੰਤਾ ਨਾ ਕਰੋ।ਲੋਕ ਤੁਹਾਡੇ ਲਈ ਕੀ ਬੋਲਦੇ ਹਨ ਜਾਂ ਬੋਲ ਰਹੇ ਹਨ ਦੀ ਆਪ ਮੁਹਾਰੇ ਕਲਪਨਾ ਨਾ ਕਰੋ।ਕੁਦਰਤ ਨੇ ਜ਼ਿੰਦਗੀ ਬਹੁਤ ਖੂਬਸੂਰਤ ਤੋਹਫ਼ਾ ਦਿੱਤਾ ਹੈ।ਜਦੋਂ ਚਿੜਚਿੜੇ ਹੋਕੇ ਬੋਲੋਗੇ ਤਾਂ ਦੂਸਰੇ ਬੁਲਾਉਣ ਤੋਂ ਕੰਨੀ ਕੁਤਰਾਉਣ ਲੱਗ ਜਾਂਦੇ ਹਨ।ਫਿਕਰ ਕਰੋ ਪਰ ਬਵੇਜਾ ਅਤੇ ਫਜ਼ੂਲ ਦੀ ਚਿੰਤਾ ਨਾ ਕਰੋ।ਇਸ ਨਾਲ ਮਸਲੇ ਹੱਲ ਹੋਣ ਦੀ ਥਾਂ ਵਧੇਰੇ ਉਲਝ ਜਾਂਦੇ ਹਨ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ
ਮੋਬਾਈਲ ਨੰਬਰ 9815030221
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੰਨਿਆ ਸਕੂਲ ਰੋਪੜ ਵਿਖੇ ‘ਵੀਰ ਗਾਥਾ’ ਤੇ ‘ਮੇਰੀ ਮਿੱਟੀ, ਮੇਰਾ ਦੇਸ਼’ ਪ੍ਰਾਜੈਕਟਾਂ ਤਹਿਤ ‘ਅੰਮ੍ਰਿਤ ਵਾਟਿਕਾ’ ਬਣਾਈ 
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ ਨੇ ਸੱਵਛਤਾ ਪੰਦਰਵਾੜਾ ਮਨਾਇਆ