(ਸਮਾਜ ਵੀਕਲੀ)-ਕੁਦਰਤ ਹੀ ਰੱਬ ਹੈ । ਪ੍ਰਮਾਤਮਾ ਨੇ ਸੋਹਣੀ ਕਾਇਨਾਤ ਦੀ ਸਿਰਜਣਾ ਕੀਤੀ ਹੈ। ਸਵੇਰੇ ਉੱਠਦਿਆਂ ਹੀ ਅਸੀਂ ਪੰਛੀਆਂ ਦੀਆਂ ਚਹਿ ਚਹਾਉਣ ਦੀਆਂ ਆਵਾਜ਼ਾਂ ਸੁਣਦੇ ਹਨ। ਵਾਤਾਵਰਣ ਬਹੁਤ ਹੀ ਸਾਫ ਸੁਥਰਾ ਹੁੰਦਾ ਹੈ। ਪੈਸੇ ਦੀ ਹੋੜ ਕਰਕੇ ਅੱਜ ਮਨੁੱਖ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਮਨੁੱਖ ਦੀ ਲਗਾਤਾਰ ਦਖਲ ਅੰਦਾਜ਼ੀ ਕਰਕੇ ਕੁਦਰਤ ਬਾਰ-ਬਾਰ ਮਨੁੱਖ ਨੂੰ ਇਸ਼ਾਰੇ ਕਰ ਰਹੀ ਹੈ। ਪਰ ਜੋ ਇਨਸਾਨ ਹੈ ਉਸ ਨੂੰ ਸਮਝ ਨਹੀਂ ਆ ਰਹੀ ਹੈ।ਕੁਝ ਦਿਨਾਂ ਬਾਅਦ ਹੀ ਝੋਨੇ ਦੀ ਕਟਾਈ ਸ਼ੁਰੂ ਹੋ ਜਾਏਗੀ । ਕਿੱਥੇ ਕਿੱਥੇ ਤਾਂ ਕਟਾਈ ਸ਼ੁਰੂ ਹੋ ਚੁੱਕੀ ਹੈ। ਇੱਕ ਦੋ ਥਾਵਾਂ ਤੇ ਨਾੜ ਨੂੰ ਸਾੜਨ ਦੀਆਂ ਖਬਰਾਂ ਵੀ ਆਈਆਂ ।ਉਥੋਂ ਦੇ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਵੀ ਕੀਤੀ।ਕੋਈ ਸਮਾਂ ਸੀ ਜਦੋਂ ਕਿਸਾਨ ਦਾਤੀ ਨਾਲ ਹੀ ਫਸਲਾਂ ਦੀ ਕਟਾਈ ਕਰਦੇ ਸਨ। ਅੱਜ ਕੱਲ ਮਸ਼ੀਨਾਂ(ਕੰਬਾਈਨਾਂ) ਰਾਹੀਂ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ।ਹਰ ਸਾਲ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਆ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਸਾਲ 2020 ਵਿਚ ਅਸੀਂ ਦੇਖਿਆ ਸੀ ਕਿ ਜਦੋਂ ਕਰੋਨਾ ਕਰਕੇ ਪੂਰੇ ਭਾਰਤ ਵਿਚ ਲਾਕਡਾਊਨ ਲੱਗਾ ਤਾਂ ਵਾਤਾਵਰਣ ਸਾਫ਼ ਹੋ ਚੁੱਕਿਆ ਸੀ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਹਵਾ ਸਾਫ਼ ਹੋ ਚੁੱਕੀ ਸੀ। ਗੰਗਾ, ਜਮਨਾ ਤੋਂ ਲੈ ਕੇ ਬਿਆਸ ਦਰਿਆ ਵਿੱਚ ਪੰਛੀਆਂ ਅਠਖੇਲੀਆਂ ਕਰਦੇ ਨਜ਼ਰ ਆਏ । ਕੁਦਰਤ ਨਵੀਂ ਨਵੇਲੀ ਵਹੁਟੀ ਦੀ ਤਰ੍ਹਾਂ ਸੱਜ ਗਈ। ਇਨਸਾਨ ਕੈਦ ਸੀ ਤੇ ਜੀਵ-ਜੰਤੂ ਆਜ਼ਾਦ ਸਨ। ਆਪਣੇ ਨਿੱਜੀ ਸਵਾਰਥਾਂ ਖ਼ਾਤਰ ਮਨੁੱਖ ਕੁਦਰਤ ਨਾਲ ਲਗਾਤਾਰ ਖਿਲਵਾੜ ਕਰ ਰਿਹਾ ਹੈ। ਜਿਸ ਦਾ ਖ਼ਮਿਆਜ਼ਾ ਉਸ ਨੂੰ ਹਮੇਸ਼ਾ ਭੁਗਤਣਾ ਪੈਂਦਾ ਹੈ। ਜਦੋਂ ਤਾਲਾਬੰਦੀ ਹੋਈ ਤਾਂ ਸ਼ਹਿਰੀ ਖੇਤਰਾਂ ਤੋਂ ਬਰਫ਼ ਨਾਲ ਲੱਦੇ ਹੋਏ ਪਹਾੜ ਦੇਖੇ ਗਏ। ਸਾਰਾ ਵਾਤਾਵਰਣ ਮਹਿਕ ਚੁੱਕਿਆ ਸੀ। ਇਨਸਾਨ ਫਿਰ ਵੀ ਨਹੀਂ ਸੁਧਰਿਆ। ਕੁਦਰਤ ਲਗਾਤਾਰ ਇਨਸਾਨ ਨੂੰ ਇਸ਼ਾਰੇ ਕਰ ਰਹੀ ਹੈ। ਫ਼ੈਕਟਰੀਆਂ ਦੀ ਰਹਿੰਦ-ਖੂਹਿੰਦ ਨੂੰ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ।ਦਰਿਆ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।ਫੈਕਟਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਵੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਧੂੰਏਂ ਕਾਰਨ ਵਾਤਾਵਰਨ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਜਦੋਂ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਜਾਂਦੀ ਹੈ, ਤਾਂ ਇਹ ਧੂੰਆਂ ਫੇਫੜਿਆਂ ਲਈ ਨੁਕਸਾਨ ਦਾਇਕ ਹੁੰਦਾ ਹੈ, ਜਿਸ ਕਾਰਨ ਲੋਕ ਫੇਫੜਿਆਂ ਤੇ ਦਿਲ ਦੇ ਮਰੀਜ਼ ਬਣ ਜਾਂਦੇ ਹਨ। ਜਦੋਂ ਖੇਤਾਂ ਵਿੱਚ ਪਰਾਲੀ ਦੇ ਨਾੜ ਨੂੰ ਫੁਕਿਆ ਜਾਂਦਾ ਹੈ ਤਾਂ ਕਈ ਲੋਕ ਸੜਕ ਦੁਰਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ। ਸੜਕਾਂ ਤੇ ਧੂੰਆਂ ਹੀ ਧੂੰਆਂ ਪਸਰ ਜਾਂਦਾ ਹੈ। ਪਿਛਲੇ ਸਾਲ ਬਹੁਤ ਮੌਤਾਂ ਹੋਈਆਂ । ਜਦੋਂ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਖੇਤਾਂ ਵਿੱਚ ਹਰੇ ਭਰੇ ਦਰੱਖਤ ਵੀ ਸੜ ਜਾਂਦੇ ਹਨਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟ ਜਾਂਦੀ ਹੈ।4 ਕੁ ਸਾਲ ਪਹਿਲਾਂ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਪਰ ਅਜੇ ਤੱਕ ਇਹ ਮੁਆਵਜ਼ਾ ਕਿਸਾਨਾਂ ਤੱਕ ਨਹੀਂ ਪਹੁੰਚਿਆ ਹੈ। ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਹੀ ਪਰਾਲੀ ਦਾ ਹੱਲ ਲੱਭਣ ਵਿਚ ਨਾਕਾਮ ਸਿੱਧ ਹੋਈਆਂ ਹਨ। ਪੰਜਾਬ ਸਰਕਾਰ ਨੇ ਸਬਸਿਡੀ ਤੇ ਕਿਸਾਨਾਂ ਨੂੰ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਹਨ।ਛੋਟੇ ਕਿਸਾਨ ਪਰਾਲੀ ਨੂੰ ਨਸ਼ਟ ਕਰਨ ਵਾਲੀਆਂ ਮਸ਼ੀਨਾਂ ਨਹੀਂ ਖ਼ਰੀਦ ਸਕਦੇ। ਚੰਗਾ ਹੋਵੇ ਜੇ ਸਰਕਾਰਾਂ ਰਾਹੀਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਪਰਾਲੀ ਨੂੰ ਅੱਗ ਨਾ ਲਾਉਣ। ਜੁਰਮਾਨਾ ਤੇ ਸਜ਼ਾ ਕੋਈ ਮਸਲੇ ਦਾ ਹੱਲ ਨਹੀਂ ਹੈ।
ਸੰਜੀਵ ਸਿੰਘ ਸੈਣੀ,
ਮੋਹਾਲੀ7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly