ਨਿੱਜਵਾਦ ਦੇ ਰੰਗ

 ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ”

  (ਸਮਾਜ ਵੀਕਲੀ)  –ਅਜੋਕੇ ਦੌਰ ਵਿੱਚ ਮਨੁੱਖੀ ਭਾਵਨਾਵਾਂ,ਕਦਰਾਂ ਕੀਮਤਾਂ ਅਤੇ ਰਿਸ਼ਤਿਆਂ ਦੇ ਰੰਗਾਂ ਵਿੱਚ  ਆ ਰਹੇ ਨਿਰੰਤਰ ਤੇ ਬੇਰੋਕ ਨਾਂਹ ਪੱਖੀ ਪਰਿਵਰਤਣ  ਸਮਾਜੀ ਤਾਣੇ ਬਾਣੇ ਵਿੱਚ ਖਲਾਅ ਦਾ ਸਬੱਬ ਬਣੇ ਹਨ। ਮਾਇਆ ਜਾਲ ਦੇ ਚੱਕਰਵਿਊ ਵਿੱਚ ਫਸੇ ਹਰ ਸ਼ਖਸ ਦਾ ਵਿਵਹਾਰ ਰਸਮੀਪਣ ਦੇ ਰੰਗਾਂ ਵਿੱਚ ਰੰਗਿਆ ਗਿਆ।
ਪਿਆਰ,ਮੁਹੱਬਤ,ਸਨੇਹ,ਭਾਈਚਾਰਕ ਸਾਂਝਾਂ ਤੇ ਦਿਲੀ ਅਦਬ ਕਰਨ  ਦੇ ਜਜਬਾਤ ਡਿਜੀਟਲ ਯੁੱਗ ਦੇ ਆਧੁਨਿਕ ਮਨੁੱਖਾਂ ਦੀ ਜਿੰਦਗੀ ਵਿੱਚੋਂ ਮਨਫੀ ਹੋਣ ਸਦਕਾ ਉਹ ਮਨੁੱਖ ਤੋਂ ਰੋਬੋਟ ਬਨਣ ਦੇ ਕਗਾਰ ਤੇ ਆ ਖੜ੍ਹਾ ਹੈ।
ੇ ਵਿਕਾਸ ਦੀਆਂ ਬੁਲੰਦੀਆਂ ਛੂੰਹਦੇ ਮਨੁੱਖ ਦੀ ਜੀਵਲ ਸ਼ੈਲੀ ਵਿੱਚ ਆਏੇ ਇਸ ਤੀਬਰ ਬਦਲਾਅ  ਦਾ ਮੂਲ ਕਾਰਣ ਕੇਵਲ ਤੇ ਕੇਵਲ ਸਰਵ ਵਿਆਪੀ ਸੋਚ ਨੂੰ ਦਰਕਿਨਾਰ ਕਰਦਿਆਂ ਨਿੱਜਵਾਦੀ ਪਹੁੰਚ ਤੱਕ ਮਹਿਦੂਦ ਹੋਣਾ ਹੀ ਹੈ ।ਪਦਾਰਥਵਾਦ ਅਤੇ ਮਾਇਆ ਜਾਲ ਦੀ ਮ੍ਰਿਗ ਤ੍ਰਿਸ਼ਨਾਂ ਨੇ ਉਸਦੇ ਅੰਤਰੀਵੀ ਭਾਵੁਕ ਸ਼ਖਸ ਨੂੰ ਨਿਰਜਿੰਦ ਕਰ ਦਿੱਤਾ ਅਤੇ ਮਾਇਆ ਦੇ ਅੰਬਾਰਾਂ ਸੰਗ ਸੋਨੇ ਦੀ ਲੰਕਾ ਉਸਾਰਨ ਦੇ ਸੁਫਨੇ ਮਨੁੱਖ ਤੋਂ ਮਨੁੱਖ ਦਰਮਿਆਨ ਵਧਦੀਆਂ  ਅੰਤਰੀਵੀ ਦੂਰੀਆਂ ਦਾ ਕਾਰਣ ਬਣਨ ਲੱਗੇ ।
ਭੌਤਿਕੀ ਵਿਕਾਸ ਦੀ ਦੌੜ ਵਿੱਚ ਇੱਕ ਦੂਜੇ ਨੂੰ ਪਛਾੜਨ ਦੀ ਲਾਲਸਾ ਤਹਿਤ ਹਰ ਪ੍ਰਕਾਰ ਦੇ ਹੱਥ ਕੰਡੇ ਅਪਨਾਉਣ ਦੀਆਂ ਨੀਤੀਆਂ  ਨੈਤਿਕ ਪੱਧਰਾਂ ਦੇ ਡਿੱਗਦੇ ਮਿਆਰਾਂ ਨੂੰ ਉਪਜਾ ਰਹੀਆਂ ਹਨ।ਭਾਵੁਕ ਤੇ ਦਿਲੀ ਸਾਂਝਾਂ ਮੌਜੂਦਾ ਸਮਿਆਂ ਵਿੱਚ ਖੰਭ ਲਾਕੇ ਉੱਡਾਰੀ ਭਰ ਰਹੀਆਂ ਹਨ।
ਰੁਤਬੇ,ਸਟੇਟਸ ਤੇ ਪੇੈਸੇ ਦੇ ਰੰਗਾਂ ਵਿੱਚ ਰੰਗੇ ਲੋਕ ਆਪਣੇ ਪਿੰਡਾਂ,ਕਸਬਿਆਂ ਅਤੇ ਹੇਠਲੇ ਜੀਵਨ ਪੱਧਰਾਂ ‘ਤੇ ਜੀਵਨ ਬਸਰ ਕਰਦੇ ਆਪਣੇ ਦੋਸਤਾਂ,ਮਿੱਤਰਾਂ,ਰਿਸ਼ਤੇਦਾਰਾਂ ਅਤੇ ਸਨੇਹੀਆਂ ਤੋਂ ਕੋਹਾਂ ਦੂਰ ਹੋ ਗਏ ।ਆਰਥਿਕ ਅਮੀਰੀ ਵਿੱਚੋਂ ਸਮਾਜਿਕ ਗਰੀਬੀ ਸ਼ਪੱਸਟ  ਰੂਪ ਵਿੱਚ ਝਲਕਦੀ ਨਜਰ ਆਉਂਦੀ ਹੈ ।
ਖੁਸ਼ੀਆਂ,ਗਮੀਆਂ ਜਾਂ ਸਮਾਜਿਕ ਇਕੱਠਾਂ ਵਿੱਚ ਸ਼ਮੂਲੀਅਤ ਮਹਿਜ ਹਾਜਰੀ ਤੱਕ ਸਿਮਟ ਕੇ ਰਹਿ ਗਈ।ਪਦਾਰਥਾਂ ਦੀ ਦੌੜ ਵਿੱਚ ਰੁੱਝਿਆ ਅਜੋਕਾ  ਰੋਬੋਟ ਮਨੁੱਖ ਐਨ ਅੰਤਿਮ ਅਰਦਾਸ ਵੇਲੇੇ ਹਾਜਰੀ ਭਰਨ  ਅਤੇ ਖੁਸ਼ੀ ਮੌਕੇ ਕਿਸੇ ਹੱਥ ਸ਼ਗਨ ਦਾ ਲਿਫਾਫਾ ਭੇਜ ਕੇ  ਸਮਾਜਿਕ ਪ੍ਰਾਣੀ ਹੋਣ ਦਾ ਭਰਮ ਪਾਲੀ ਬੈਠਾ ਹੈ।ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਕੋਲ ਆਪਣੇ ਨੇੜਲਿਆਂ ਦੀਆਂ ਅੰਤਿਮ ਕ੍ਰਿਆਵਾਂ ਵਿੱਚ  ਸ਼ਾਮਿਲ ਨਾ ਹੋ ਸਕਣ ਦੀ ਅਸਮੱਰਥਤਾ ਭਰਿਆ  ਵਰਤਾਰਾ ਜੱਗ ਜਾਹਰ ਹੈ।
ਜਿੰਦਗੀ ਦੇ ਸਾਰਥਕ ਰੰਗਾਂ ਸੱਚਾਈ,ਪ੍ਰੇਮ,ਤਿਆਗ,ਸਮਰਪਣ ਅਤੇ ਦੂਜਿਆਂ ਦੀਆਂ ਹਨੇਰੀਆਂ ਜਿੰਦਗੀਆਂ ਨੂੰ ਰੁਸ਼ਨਾਉਣ ਦੀ ਥਾਂ ਝੂਠ,ਫਰੇਬ,ਠੱਗੀਆਂ,ਬੇਈਮਾਨੀਆਂ  ਆਦਿ ਨਿਰਾਰਥਕ ਰੰਗਾਂ ਨੇ ਮੱਲ ਲਈ  ਕਿਓ ਜੋ ਵਿਖਾਵੇ ਦੇ ਰੰਗਾਂ ਦੀ ਕੱਚੀ ਝਾਲ ਵਾਲਾ ਰੰਗ ਅਮੀਰ,ਗਰੀਬ ਤੇ ਦਰਮਿਆਨੇ ਵਰਗ ਦੇ ਸਾਰੇ ਲੋਕਾਂ ਤੇ ਚੜ੍ਹਿਆ। ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਕਿਤੇ ਵਧੇਰੇ ਜੋਰ ਸੈਕੰਡਰੀ ਜਰੂਰਤਾਂ ‘ਤੇ ਲਾਉਣ ਸਦਕਾ ਹੱਦੋਂ ਵੱਧ ਪੈਸਾ ਕਮਾਉਣ ਦੀ ਹੋੜ੍ਹ ਨੇ ਉਸਦਾ ਅਮਨ,ਚੈਨ,ਸਮਾਂ ਅਤੇ ਅਰਾਮ ਖੋਹ ਲਿਆ।
ਬੈਂਕਾਂ ਦੇ ਕਰਜੇ,ਗੱਡੀਆਂ ਦੇ ਤੇਲ,ਬੱਚਿਆਂ ਦੀ ਪੜ੍ਹਾਈ ਤੋਂ ਇਲਾਵਾ ਵਿਦੇਸ਼ਾਂ ਵਿੱਚ ਜਾਕੇ ਡਾਲਰ ਕਮਾਉਣ ਦੇ ਮਨ ਲੁਭਾਊ ਰੰਗਾਂ ਨੇ ਤਾਂ ਉਸਦੀ ਜਿੰਦਗੀ   ਵਾਸਤਵਿਕ ਖੁਸ਼ੀਆਂ ਤੋਂ ਵਿਹੂਣੀ,ਨੀਰਸ ਅਤੇ ਬੇਰੰਗ ਹੀ ਕਰ ਦਿੱਤੀ।
ਰਿਸ਼ਤੇ-ਨਾਤੇ,ਪਿਆਰ,ਮੁਹੱਬਤ,ਸਨੇਹ,ਪ੍ਰੇਮ,ਅਮਨ ,ਚੈਨ ਅਤੇ ਖੁਸ਼ੀਆਂ ਦਾ ਕੋਈ ਮੁੱਲ ਨਹੀਂ ਹੁੰਦਾ।ਮਾਇਆ ਜਾਂ ਪਦਾਰਥਾਂ ਸੰਗ ਇੰਨ੍ਹਾਂ ਨੂੰ ਖਰੀਦਿਆ,ਖੋਹਿਆ ਜਾਂ ਹਥਿਆਇਆ ਤਾਂ ਨਹੀ ਜਾ ਸਕਦਾ।
ਪਰ ਸਮਾਜੀ ਹਿੱਤਾਂ ਵਿੱਚ ਵਿਚਰਦਿਆਂ ਆਪਣਿਆਂ ਤੇ ਬਿਗਾਨਿਆਂ ਪ੍ਰਤੀ  ਸਾਰਥਕ  ਪਹੁੰਚ ਅਪਣਾਉਣ ਦੇ ਯਤਨਾਂ ਤੇ ਉਪਰਾਲਿਆਂ ਵਿੱਚ ਜੁਟੇ ਰਹਿਣ ਦੀ ਚੇਸ਼ਟਾ,ਕੁਝ ਵੀ ਪੱਲੇ ਨਾ ਹੋਣ ਦੇ ਬਾਵਜੂਦ ਲੋਕਾਈ ਵਾਸਤੇ ਆਪਾ ਵਾਰਨ ਦਾ ਅਹਿਸਾਸ ਅਤੇ ਮਨੁੱਖ ਨੂੰ ਦਰਜਾਬੰਦੀਆਂ ਤੋਂ ਰਹਿਤ ਕੁਦਰਤ ਦੀ ਸ੍ਰੇਸ਼ਟ ਤੇ ਉੱਤਮ ਰਚਨਾ ਵਜੋਂ ਵੇਖਣ,ਜਾਨਣ, ਪਿਆਰਨ ਅਤੇ ਸਵੀਕਾਰਨ ਵਾਲੇ ਨਜਰੀਏ ਨਾਲ ਲਬਰੇਜ ਰੰਗਾਂ ਵਿੱਚ ਰੰਗੇ ਜਾਣਾ ਹੀ ਅਸਲ ਮਾਅਨਿਆ ਵਿੱਚ ਸੱਭਿਅਕ ਤੇ ਵਿਕਸਿਤ ਇਨਸਾਨ ਕਹਾਉਣਾ ਅਤੇ ਜਿੰਦਗੀ ਨੂੰ  ਸ਼੍ਰੇਸਟ ਜਿਉਣਾ ਹੈ।

 ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ”
 ਸੰਪਰਕ:94646-01001

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article       ਕਰਮ ਤੇ ਕਿਸਮਤ 
Next articleਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸ਼ਰਧਾ ਭਾਵ ਨਾਲ ਮਨਾਇਆ