ਏਹੁ ਹਮਾਰਾ ਜੀਵਣਾ ਹੈ -398

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)- ਪਰਮਜੀਤ ਤੇ ਸੁਰਜੀਤ ਦਾ ਮੁੰਡਾ ਕੀਰਤ ਵਿਦੇਸ਼ ਪੜ੍ਹਨ ਗਿਆ ਹੋਇਆ ਸੀ। ਉੱਥੇ ਹੀ ਉਹ ਪੜ੍ਹਾਈ ਪੂਰੀ ਕਰਕੇ ਵਧੀਆ ਨੌਕਰੀ ਤੇ ਲੱਗ ਗਿਆ ਸੀ।ਉਹ ਉੱਥੇ ਦਾ ਪੱਕਾ ਵਸਨੀਕ ਬਣ ਗਿਆ ਸੀ। ਬਾਹਰਲੇ ਪੱਕੇ ਮੁੰਡੇ ਦੇ ਮਗਰ ਤਾਂ ਸੌ ਰਿਸ਼ਤਿਆਂ ਵਾਲੇ, ਕਈ ਤਰ੍ਹਾਂ ਦੇ ਲਾਲਚ ਦੇ ਕੇ ਰਿਸ਼ਤਾ ਕਰਨ ਨੂੰ ਮਗਰ ਮਗਰ ਫਿਰਦੇ ਹਨ।ਪਰ ਉਹ ਦੋਵੇਂ ਜੀਅ ਕਿਸੇ ਤਰ੍ਹਾਂ ਦੇ ਲਾਲਚ ਵਿੱਚ ਨਹੀਂ ਆਉਣਾ ਚਾਹੁੰਦੇ ਸਨ ਇਸ ਲਈ ਕਿਸੇ ਜਾਣ ਪਹਿਚਾਣ ਵਾਲੇ ਦੇ ਦੱਸ ਪਾਉਣ ਤੇ ਉਹਨਾਂ ਨੇ ਬਿਨਾਂ ਦਾਜ ਦਹੇਜ ਲਏ ਆਪਣੇ ਵਰਗੇ ਠੀਕ ਜਿਹੇ ਘਰ ਦੀ ਸਾਊ ਜਿਹੀ ਕੁੜੀ ਦਾ ਰਿਸ਼ਤਾ ਲੈ ਲਿਆ । ਵਿਆਹ ਹੋ ਗਿਆ। ਮੁੰਡਾ ਵਿਆਹ ਕਰਵਾ ਕੇ ਦੋ ਕੁ ਮਹੀਨਿਆਂ ਬਾਅਦ ਚਲਾ ਗਿਆ ਤੇ ਜਿੰਨਾ ਚਿਰ ਤੱਕ ਉਹਨਾਂ ਦੀ ਵਹੁਟੀ ਹਰਮਨ ਦੇ ਬਾਹਰ ਜਾਣ ਦੇ ਕਾਗਜ਼ ਪੱਤਰ ਨਹੀਂ ਤਿਆਰ ਹੋਏ ਓਨਾਂ ਚਿਰ ਤੱਕ ਕਦੇ ਉਹ ਆਪਣੇ ਪੇਕੇ ਚਲੀ ਜਾਂਦੀ ਤੇ ਕਦੇ ਆਪਣੇ ਸੱਸ ਸਹੁਰੇ ਕੋਲ਼ ਰਹਿੰਦੀ। ਪਰਮਜੀਤ ਦੇ ਪਤੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਕਮਾਈ ਬੰਦ ਹੋਣ ਕਾਰਨ ਉਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਵੀ ਕਰਨਾ ਪਿਆ। ਪਰ ਇਸ ਔਖੀ ਘੜੀ ਵਿੱਚ ਹਰਮਨ ਆਪਣੀ ਸੱਸ ਦੇ ਨਾਲ ਥੰਮ੍ਹ ਬਣ ਕੇ ਖੜ੍ਹੀ ਰਹੀ। ਸਾਰੇ ਲੋਕ ਉਸ ਦੀ ਤਾਰੀਫ਼ ਕਰਦੇ ਨਾ ਥੱਕਦੇ ਕਿ ਇਹੋ ਜਿਹੇ ਔਖੇ ਵੇਲੇ ਵੀ ਉਹ ਕਿਵੇਂ ਸਾਥ ਨਿਭਾ ਰਹੀ ਹੈ। ਸਾਲ ਕੁ ਬਾਅਦ ਕੀਰਤ ਨੇ ਉਸ ਦੇ ਕਾਗਜ਼ ਭੇਜ ਦਿੱਤੇ। ਉਹ ਵੀ ਪੱਕੇ ਤੌਰ ਤੇ ਆਪਣੇ ਪਤੀ ਕੋਲ ਚਲੀ ਗਈ।

              ਪਰਮਜੀਤ ਨੂੰ ਆਪਣੇ ਪਤੀ ਦੀ ਨੌਕਰੀ ਤੋਂ ਪੈਨਸ਼ਨ ਲੱਗ ਗਈ ਸੀ।ਉਸ ਦਾ ਉਸ ਨਾਲ਼ ਗੁਜ਼ਾਰਾ ਚੱਲੀ ਜਾਂਦਾ ਸੀ ਪਰ ਜੇ ਕਿਤੇ ਕੋਈ ਵੱਡਾ ਖ਼ਰਚਾ ਆ ਜਾਂਦਾ ਤਾਂ ਉਸ ਨੇ ਕੀਰਤ ਨੂੰ ਮਾੜੇ ਮੋਟੇ ਪੈਸੇ ਭੇਜਣ ਨੂੰ ਆਖਣਾ ਤਾਂ ਹਰਮਨ ਨੇ ਮੂਹਰੇ ਹੋ ਕੇ ਕਹਿ ਦੇਣਾ,” ਅਸੀਂ ਤਾਂ ਏਥੇ…. ਦਿਨ ਰਾਤ ਟੁੱਟ ਟੁੱਟ ਮਰਦੇ ਆਂ….. ਸਾਡਾ ਤਾਂ ਆਪ ਮਸਾਂ ਸਰਦਾ…. ਚੱਲ ਮੰਨਿਆ ਬਈ ਘਰ ਆਪਣਾ…. ਪਰ ਹੋਰ ਖਰਚੇ ਥੋੜ੍ਹੇ ਨੇ…..?” ਪਰਮਜੀਤ ਨੂੰ ਸਮਝ ਨਾ ਆਉਣੀ ਕਿ ਉਸ ਦੇ ਸੁਭਾਅ ਵਿੱਚ ਐਨੀ ਤਬਦੀਲੀ ਕਿਵੇਂ ਆ ਗਈ ਹੈ। ਇਸ ਗੱਲ ਦੀ ਤਾਂ ਉਸ ਨੂੰ ਉਦੋਂ ਭਿਣਕ ਲੱਗੀ ਜਦ ਉਸ ਦੀ ਮਾਂ ਪਰਮਜੀਤ ਨੂੰ ਮਿਲਣ ਆਏ ਤਾਂ ਹਰੇਕ ਵਾਰ ਉਸ ਨੂੰ ਸੁਣਾਇਆ ਕਰੇ,” ਭੈਣ ਜੀ….. ਮੈਂ ਤਾਂ ਆਪਣੇ ਮੁੰਡਿਆਂ ਨੂੰ ਜਮ੍ਹਾਂ ਤੰਗ ਨੀ ਕਰਦੀ….. ਕਦੇ ਉਹਨਾਂ ਤੋਂ ਇੱਕ ਪੈਸਾ ਨੀ ਮੰਗੀਦਾ….. ਬੱਚਿਆਂ ਦੇ ਆਪਣੇ ਖਰਚੇ ਈ ਬਹੁਤ ਹੁੰਦੇ ਨੇ…. !” ਪਰਮਜੀਤ ਸਮਝ ਗਈ ਸੀ ਕਿ ਉਸ ਦੀ ਕੁੜਮਣੀ ਉਸ ਨੂੰ ਸੁਣਾ ਕੇ ਆਖਦੀ ਹੈ। ਇਸ ਲਈ ਉਹ ਔਖੀ ਸੌਖੀ ਆਪਣਾ ਟਾਈਮ ਕੱਢਦੀ ਪਰ ਕਦੇ ਆਪਣੇ ਪੁੱਤ ਨੂੰਹ ਤੋਂ ਪੈਸੇ ਨਾ ਮੰਗਦੀ। 
            ਪਰਮਜੀਤ ਨੇ ਜਦ ਵੀ ਕਿਸੇ ਗੁਆਂਢਣ ਕੋਲ ਖੜ੍ਹਨਾ, ਜਾਂ ਕਿਸੇ ਕੰਮ ਜਾਣਾ ਜਾਂ ਕਿਸੇ ਰਿਸ਼ਤੇਦਾਰ ਨੇ ਆਉਣਾ ਤਾਂ ਬੱਸ ਇੱਕੋ ਗੱਲ ਪੁੱਛਣੀ,” ਭੈਣ ਜੀ ਹੁਣ ਤਾਂ ਸੁੱਖ ਨਾਲ ਤੁਹਾਡੀ ਨੂੰਹ ਨੂੰ ਗਈ ਨੂੰ ਵੀ ਸਾਲ ਹੋ ਗਿਆ….. ਤੁਸੀਂ ਬਾਹਰ ਨੂੰ ਕਦੋਂ ਜਾਣਾ…..!” ਪਰਮਜੀਤ ਹੱਸ ਕੇ ਕੋਈ ਨਾ ਕੋਈ ਜਵਾਬ ਦੇ ਛੱਡਦੀ। ਓਧਰ ਹਰਮਨ ਦੀਆਂ ਸਹੇਲੀਆਂ ਵੀ ਆਖਣ,” ਤੁਹਾਡੀ ਮੰਮੀ ਨੂੰ ਨੀ ਤੁਸੀਂ ਬੁਲਾਉਣਾ ਐਥੇ…. ਓਥੇ ਕੱਲੀ ਕੀ ਕਰਦੀ ਆ…. ਇੱਥੇ ਆ ਕੇ ਤੁਹਾਨੂੰ ਪਤਾ ਤੁਹਾਡੇ ਕਿੰਨਾ ਕੰਮ ਆਊਗੀ…. ਤੈਨੂੰ ਘਰ ਦੇ ਸਾਰੇ ਕੰਮਾਂ ਵਿੱਚ ਸੌਖ ਹੋ ਜਾਊ….!” ਪਰਮਜੀਤ ਨੂੰ ਉਸ ਦੇ ਬੱਚਿਆਂ ਨੇ ਬਾਹਰ ਬੁਲਾ ਲਿਆ। ਉੱਥੇ ਪਹੁੰਚ ਕੇ ਪਰਮਜੀਤ ਘਰ ਦੇ ਸਾਰੇ ਕੰਮ ਕਰਦੀ ਤੇ ਕੀਰਤ ਤੇ ਓਹਦੀ ਵਹੁਟੀ ਹਰਮਨ ਕੰਮ ਤੇ ਜਾਂਦੇ। ਹਰਮਨ ਨੂੰ ਘਰ ਦੇ ਕੰਮਾਂ ਕਾਰਾਂ ਵਿੱਚ ਸੌਖ ਹੋ ਗਈ ਸੀ ਪਰ ਜਦ ਹਰਮਨ ਨੂੰ ਉਸ ਦੀ ਮਾਂ ਦਾ ਫ਼ੋਨ ਆਉਂਦਾ ਤਾਂ ਉਹ ਕਈ ਕਈ ਦਿਨ ਪਰਮਜੀਤ ਨੂੰ ਸਿੱਧੇ ਮੂੰਹ ਨਾ ਬੁਲਾਉਂਦੀ। ਇੱਕ ਦਿਨ ਪਰਮਜੀਤ ਨੂੰ ਉਸ ਦੀ ਮਾਂ ਸੁਣਾਉਣ ਲੱਗੀ,” ਮੇਰੀ ਧੀ ਨੂੰ ਦਿਨ ਰਾਤ ਮਿਹਨਤ ਕਰਨੀ ਪੈਂਦੀ ਆ…. ਓਹਨੂੰ ਬਿੰਦ ਦਾ ਅਰਾਮ ਨੀ…. ਉਹ ਵਿਚਾਰੀ ਆਦਮੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਐ…..!” ਪਰਮਜੀਤ ਵਿੱਚੋਂ ਟੋਕ ਕੇ ਬੋਲੀ,” ਭੈਣ ਜੀ…. ਤੁਸੀਂ ਇਹ ਕਿਹੜੀਆਂ ਗੱਲਾਂ ਕਰਦੇ ਓ….. ਹਰਮਨ ਦਾ ਆਪਣਾ ਘਰ ਐ…. ਆਪਣੇ ਘਰ ਲਈ ਹਰ ਕੋਈ ਮਿਹਨਤ ਕਰਦਾ….. ।” ਕਹਿ ਕੇ ਫੋਨ ਕੱਟ ਦਿੱਤਾ। 
          ਪਰਮਜੀਤ ਨੇ ਸਮਾਂ ਦੇਖ਼ ਕੇ ਹਰਮਨ ਨੂੰ ਕਿਹਾ,” ਹਰਮਨ….. ਤੇਰੀ ਮੰਮੀ ਹਰ ਵੇਲੇ ਮੈਨੂੰ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਸੁਣਵਾਈ ਕਰਦੀ ਰਹਿੰਦੀ ਹੈ….. ਇਸ ਤਰ੍ਹਾਂ ਦੀਆਂ ਗੱਲਾਂ ਰਿਸ਼ਤਿਆਂ ਵਿੱਚ ਖਟਾਸ ਭਰਦੀਆਂ ਨੇ…..!” ਬੱਸ ਐਨਾ ਕਹਿਣ ਦੀ ਦੇਰ ਸੀ ਕਿ ਹਰਮਨ ਗਲੋਟੇ ਵਾਂਗੂੰ ਉੱਧੜ ਪਈ ਤੇ ਆਪਣੀ ਸੱਸ ਵੱਲ ਉਂਗਲ ਉਠਾ ਕੇ ਅੱਖਾਂ ਪਾੜ ਪਾੜ ਕੇ ਉਸ ਵੱਲ ਨੂੰ ਵਧਦੀ ਹੋਈ ਬੋਲੀ,” ਖ਼ਬਰਦਾਰ ਹੋ ਜਾ….. ਜੇ ਤੇਰੀ ਜ਼ੁਬਾਨ ਤੇ ਮੇਰੀ ਮਾਂ ਦਾ ਨਾਂ ਆਇਆ….. ਮੇਰੀ ਮਾਂ ਨੇ ਤਾਂ ਮੈਨੂੰ ਪਹਿਲਾਂ ਈ ਮੈਨੂੰ ਕਹਿ ਦਿੱਤਾ ਸੀ…. ਤੂੰ ਨੀਵੀਂ ਹੋ ਕੇ.. .ਆਪਣਾ ਮਤਲਬ ਕੱਢੀਂ ਤੇ ਚੁੱਪ ਚਾਪ ਆਪਣੇ ਆਦਮੀ ਕੋਲ ਜਾਣ ਦੀ ਕਰੀਂ….. ਮੁੜ ਕੇ ਕੋਈ ਜ਼ਰੂਰਤ ਨਹੀਂ ਏਹੋ ਜਿਹੀ ਨੂੰ ਮੂੰਹ ਲਾਉਣ ਦੀ…. ਇਹ ਤਾਂ ਮੇਰੀ ਮੱਤ ਮਾਰੀ ਗਈ ਸੀ ਜੋ ਤੈਨੂੰ ਐਥੇ ਬੁਲਾ ਲਿਆ….ਜੇ ਤੇਰੇ ਧੀ ਹੁੰਦੀ ਤਾਂ ਧੀਆਂ ਵਸਾਉਣ ਦੀ ਅਕਲ ਆਉਂਦੀ….. !” ਹਰਮਨ ਇੱਕ ਘੰਟਾ ਪਰਮਜੀਤ ਦੇ ਕੋਲ ਚੜ੍ਹ ਚੜ੍ਹ ਕੇ ਆਉਂਦੀ ਤੇ ਚੀਕ ਚੀਕ ਕੇ ਬੋਲ ਕੁਬੋਲ ਸੁਣਾਉਂਦੀ ਰਹੀ…. ਤੇ ਫਿਰ ਕੀਰਤ ਨੂੰ ਫ਼ੋਨ ਕਰਕੇ ਆਖਣ ਲੱਗੀ,” ਇਹਨੂੰ ਐਥੋਂ ਕੱਢ ਦੇ…. ਨਹੀਂ ਤਾਂ ਮੈਂ ਘਰ ਛੱਡ ਕੇ ਚਲੀ ਜਾਊਂਂਗੀ….!” ਪਰਮਜੀਤ ਚੁੱਪ ਚਾਪ ਘਰ ਛੱਡ ਕੇ ਚਲੀ ਗਈ ਤੇ ਉਸ ਨੇ ਆਪਣੇ ਕਿਸੇ ਰਿਸ਼ਤੇਦਾਰ ਦੀ ਸਹਾਇਤਾ ਨਾਲ ਵਾਪਸੀ ਦੀ ਟਿਕਟ ਕਰਵਾ ਕੇ ਪਿੰਡ ਆਪਣੇ ਘਰ ਆ ਗਈ। ਉਸ ਨੇ ਆਪਣੀ ਨੂੰਹ ਨੂੰ ਧੰਨਵਾਦ ਸੁਨੇਹਾ ਦਿੱਤਾ,” ਬੇਟਾ…. ਮੈਂ ਹੁਣ ਤੱਕ ਤੇਰੇ ਪਿਆਰ ਨੂੰ ਯਾਦ ਕਰਕੇ….. ਤੜਫ਼ਦੀ ਰਹਿੰਦੀ ਸੀ….. ਤੇਰਾ ਬਹੁਤ ਬਹੁਤ ਧੰਨਵਾਦ…. ਤੂੰ ਮੈਨੂੰ ਆਪਣੇ ਅਸਲੀ ਰੂਪ ਤੇ ਝਾਤ ਪਵਾ ਕੇ…. ਮੈਨੂੰ ਆਉਣ ਵਾਲੇ ਬੁਢਾਪੇ ਲਈ ਤਿਆਰ ਕੀਤਾ ਹੈ ਤੇ ਤਕੜਾ ਹੋਣ ਦੀ ਸਿੱਖਿਆ ਦਿੱਤੀ ਹੈ….!” ਉਹ ਲੰਬਾ ਹਉਕਾ ਭਰਦੀ ਹੋਈ ਸੋਚਦੀ ਹੈ ਅੱਜ ਦੇ ਬਜ਼ੁਰਗਾਂ ਦਾ ਇਹੀ ਕੌੜਾ ਸੱਚ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
 
ਬਰਜਿੰਦਰ ਕੌਰ ਬਿਸਰਾਓ…
9988901324
 
 
 
 
 
Previous articleਸਰਕਾਰੀ ਹਾਈ ਸਕੂਲ ਦੇਵਲਾਂਵਾਲ ਦੇ ਖਿਡਾਰੀ ਬੱਚਿਆਂ ਨੇ ਵੱਖ ਵੱਖ ਖੇਡਾਂ ਚੋਂ ਮਾਰੀਆਂ ਮੱਲ੍ਹਾਂ 
Next articleਸਰਵਹਿੱਤਕਾਰੀ ਵਿਦਿਆ ਮੰਦਰ ਛੋਕਰਾਂ ਵਿੱਚ ਸਵਦੇਸ਼ੀ ਸੰਬੰਧੀ ਸਹੁੰ ਚੁਕਵਾਈ