ਏਹੁ ਹਮਾਰਾ ਜੀਵਣਾ ਹੈ -387

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)- ਮਨੁੱਖੀ ਸਰੀਰ ਇੱਕ ਮਸ਼ੀਨ ਵਾਂਗ ਹੁੰਦਾ ਹੈ। ਜਿਵੇਂ ਮਸ਼ੀਨਾਂ ਨੂੰ ਉਹਨਾਂ ਦੀ ਸ਼ਕਤੀ ਤੋਂ ਵੱਧ ਚਲਾਉਣ ਨਾਲ ਉਹ ਵੀ ਇੱਕ ਨਾ ਇੱਕ ਦਿਨ ਖ਼ਰਾਬ ਹੋ ਕੇ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਬਿਲਕੁਲ ਇਸੇ ਤਰ੍ਹਾਂ ਜਦ ਦਿਮਾਗ ਨੂੰ ਜ਼ਰੂਰਤ ਤੋਂ ਜ਼ਿਆਦਾ ਭਜਾਓਗੇ ਤਾਂ ਕਈ ਵਾਰ ਜ਼ਿਆਦਾ ਭੱਜਦੇ ਭੱਜਦੇ ਇਹ ਵੀ ਐਨਾ ਥੱਕ ਜਾਂਦਾ ਹੈ ਕਿ ਉਹ ਵੀ ਕੰਮ ਕਰਨਾ ਬੰਦ ਕਰ ਦਿੰਦਾ ਹੈ ਦਿਮਾਗੀ ਥਕਾਵਟ ਕਾਰਨ ਮਨੁੱਖ ਡਿਪਰੈਸ਼ਨ ਜਾਂ ਦਬਾਅ ਹੇਠ ਆ ਕੇ ਕੋਈ ਉਲਟਾ ਪੁਲਟਾ ਫੈਸਲਾ ਲੈ ਲੈਂਦਾ ਹੈ ਜੋ ਬਹੁਤ ਘਾਤਕ ਸਿੱਧ ਹੁੰਦਾ ਹੈ। ਜੀਵਨ ਪ੍ਰਮਾਤਮਾ ਦੀ ਦਿੱਤੀ ਹੋਈ ਇੱਕ ਬਹੁਤ ਹੀ ਅਨਮੋਲ ਦਾਤ ਹੈ।ਇਸ ਦੀ ਸੰਭਾਲ ਦਾ ਜ਼ਿੰਮਾ ਪ੍ਰਮਾਤਮਾ ਨੇ ਮਨੁੱਖ ਨੂੰ ਹੀ ਦਿੱਤਾ ਹੈ। ਜਿਹੜੇ ਵਿਅਕਤੀ ਖੁਦ ਨੂੰ ਪਿਆਰ ਨਹੀਂ ਕਰ ਸਕਦੇ ਉਹ ਹੋਰ ਕਿਸੇ ਨੂੰ ਪਿਆਰ ਕਿਵੇਂ ਕਰ ਸਕਦੇ ਹਨ? ਇਹ ਦੁਨੀਆਂ ਬਹੁਤ ਵਿਸ਼ਾਲ ਹੈ,ਇਸ ਨੂੰ ਜਿਊਂ ਕੇ ਤਾਂ ਦੇਖੋ, ਤੁਹਾਨੂੰ ਧਰਤੀ ਉੱਪਰ ਹਰ ਚੀਜ਼ ਵਿੱਚੋਂ ਨਿਰਾ ਸਵਰਗੀ ਨਜ਼ਾਰਾ ਹੀ ਨਜ਼ਰ ਆਏਗਾ ,ਬਸ ਇਸ ਨੂੰ ਦੇਖਣ ਦਾ ਨਜ਼ਰੀਆ ਬਦਲਨਾ ਪਵੇਗਾ। ਜੇ ਤੁਸੀਂ ਖੁਸ਼ੀ ਲੱਭਣਾ ਚਾਹੋਗੇ ਤਾਂ ਤੁਹਾਨੂੰ ਕੁਦਰਤ ਦੀ ਹਰ ਸ਼ੈਅ ਰੰਗੀਨ ਲੱਗੇਗੀ,ਹਰ ਚਹਿਕਦਾ ਪੰਛੀ ਖੁਸ਼ੀ ਦੇ ਗੀਤ ਗਾਉਂਦਾ ਨਜ਼ਰ ਆਏਗਾ,ਹਰ ਫੁੱਲ ਹੱਸਦਾ ਜਾਪੇਗਾ,ਹਰ ਪਸ਼ੂ ਦੀਆਂ ਅੱਖਾਂ ਵਿੱਚ ਮਾਸੂਮੀਅਤ ਨਜ਼ਰ ਆਏਗੀ ਤੇ ਉਹ ਤੁਹਾਨੂੰ ਆਪਣਾ ਹਾਲ ਬਿਆਨ ਕਰਦੀ ਲੱਗੇਗੀ,ਹਰ ਇਨਸਾਨ ਤੁਹਾਨੂੰ ਆਪਣਾ ਆਪਣਾ ਜਾਪੇਗਾ।ਬੱਸ ਇਸ ਨੂੰ ਖੁੱਲ੍ਹ ਕੇ ਜਿਊਣ ਦੀ ਕਲਾ ਆਉਂਦੀ ਹੋਣੀ ਚਾਹੀਦੀ ਹੈ।ਇਸ ਦੁਨੀਆ ਵਿੱਚ ਵਿਚਰਦੇ ਹੋਏ ਮਨੁੱਖ ਚਾਹੇ ਅਨੇਕਾਂ ਦੋਸਤ ਮਿੱਤਰ ਬਣਾਉਂਦਾ ਹੈ, ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਅਨੇਕਾਂ ਰਿਸ਼ਤਿਆਂ ਦੀ ਲੜੀ ਨਾਲ ਲੜੀ ਜੋੜਦਾ ਵਧਦਾ ਜਾਂਦਾ ਹੈ ।ਐਨਾ ਵੱਡਾ ਪਸਾਰਾ ਪਸਾਰ ਕੇ ਵੀ ਹਰੇਕ ਵਿਅਕਤੀ ਉੱਪਰ ਜ਼ਿੰਦਗੀ ਵਿੱਚ ਕਈ ਮੌਕੇ ਇਹੋ ਜਿਹੇ ਆਉਂਦੇ ਹਨ ਜਦੋਂ ਉਹ ਇਸ ਰਿਸ਼ਤਿਆਂ ਦੀ ਭੀੜ ਵਿੱਚ ਖੜ੍ਹਾ ਆਪਣੇ ਆਪ ਨੂੰ ਬਿਲਕੁਲ ਇਕੱਲਾ ਮਹਿਸੂਸ ਕਰਦਾ ਹੈ।ਉਸ ਨੂੰ ਲੱਗਦਾ ਹੈ ਕਿ ਉਸ ਤੋਂ ਵੱਧ ਦੁਖੀ ਇਨਸਾਨ ਤਾਂ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੋਵੇਗਾ। ਉਸ ਨੂੰ ਲੱਗਦਾ ਹੈ ਕਿ ਦੁੱਖ ਸਿਰਫ਼ ਉਸ ਲਈ ਹੀ ਬਣੇ ਹਨ। ਜ਼ਿੰਦਗੀ ਵਿੱਚ ਕਦੇ ਨਾ ਕਦੇ ਇਹੋ ਜਿਹੇ ਮੌਕੇ ਹਰ ਮਨੁੱਖ ਤੇ ਆਉਂਦੇ ਹੀ ਹਨ ਚਾਹੇ ਉਹ ਅਮੀਰ ਹੋਵੇ ਜਾਂ ਗਰੀਬ। ਉਸ ਸਮੇਂ ਵਿੱਚੋਂ ਨਿਕਲਣ ਲਈ ਆਪਣੇ ਮਨ ਵਿੱਚ ਮਹਾਨ ਸ਼ਖ਼ਸੀਅਤਾਂ ਦੇ ਵਿਚਾਰ,”ਨਾਨਕ ਦੁਖੀਆ ਸਭੁ ਸੰਸਾਰੁ” ਜਾਂ”ਫਰੀਦਾ ਮੈਂ ਜਾਣਿਆ ਦੁਖ ਮੁਝ ਕੋ,ਦੁਖ ਸਬਾਇਆ ਜਗ,ਉਚੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅਗ” ਯਾਦ ਕਰਨੇ ਚਾਹੀਦੇ ਹਨ ਤੇ ਮਨ ਵਿੱਚ ਵਿਚਾਰ ਕਰੋ ਕਿ ਜਦੋਂ ਉਹਨਾਂ ਨੇ ਇਹ ਸ਼ਬਦ ਉਚਾਰੇ ਹੋਣਗੇ ਤਾਂ ਦੁੱਖ ਤਾਂ ਉਦੋਂ ਵੀ ਮਨੁੱਖ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਘੇਰਦਾ ਹੀ ਹੋਵੇਗਾ, ਤਾਂ ਹੀ ਉਹਨਾਂ ਨੇ ਆਮ ਲੋਕਾਂ ਨੂੰ ਮਾਰਗ ਦਰਸ਼ਨ ਕਰਵਾਉਣ ਲਈ ਇਹ ਬਿਰਤਾਂਤ ਦਿੱਤੇ ਹੋਣਗੇ। ਇਸ ਦਾ ਮਤਲਬ ਹੈ ਕਿ ਇਨਸਾਨ ਤਾਂ ਸ਼ੁਰੂ ਤੋਂ ਹੀ ਦੁਖੀ ਹੁੰਦਾ ਆਇਆ ਹੈ ਪਰ ਸੰਜਮ ਤੋਂ ਕੰਮ ਲੈ ਕੇ ਦੁੱਖ ਦੀ ਘੜੀ ਨੂੰ ਪਾਰ ਕਰਨਾ ਵੀ ਆਦਿ ਕਾਲ ਤੋਂ ਸਿੱਖਿਆ ਮਿਲਦੀ ਆਈ ਹੈ। ਇਸ ਤੋਂ ਉਲਟ ਸੋਚਿਆ ਜਾਵੇ ਕਿ ਦੁਖੀ ਹੋ ਕੇ ਮਰ ਜਾਓ ਜਾਂ ਮਾਰ ਦਿਓ ਤਾਂ ਕਿਤੇ ਨਹੀਂ ਲਿਖਿਆ ਹੋਇਆ, ਫਿਰ ਅਸੀਂ ਇਹ ਰਾਹ ਕਿਉਂ ਅਪਣਾਈਏ? ਅੱਜ ਕੱਲ੍ਹ ਦਾ ਮਨੁੱਖ ਓਨਾਂ ਦੁਖੀ ਆਪਣੀਆਂ ਮੁਸੀਬਤਾਂ ਤੋਂ ਨਹੀਂ ਬਲਕਿ ਦੂਜਿਆਂ ਦੀ ਤਰੱਕੀ ਤੋਂ ਦੁਖੀ ਹੋ ਰਿਹਾ ਹੈ। ਮੰਨਿਆ ਕਿ ਜੇ ਕੋਈ ਵਿਅਕਤੀ ਬਹੁਤਾ ਹੀ ਦੁਖੀ ਹੋ ਗਿਆ ਹੋਵੇ ਤੇ ਉਸ ਦਾ ਮਰਨ ਨੂੰ ਹੀ ਦਿਲ ਕਰਦਾ ਹੋਵੇ ਤਾਂ ਉਸ ਨੂੰ ਓਨਾ ਹੀ ਸਹਿਜਤਾ ਤੋਂ ਕੰਮ ਲੈਣਾ ਚਾਹੀਦਾ ਹੈ। ਜਿਹੜੀ ਸਮੱਸਿਆ ਕਾਰਨ ਉਹ ਮਰਨ ਬਾਰੇ ਸੋਚ ਰਿਹਾ ਹੈ ਉਹ ਸਮੱਸਿਆ ਨੂੰ ਕੁਝ ਸਮੇਂ ਲਈ ਬਿਲਕੁਲ ਸੋਚਣਾ ਬੰਦ ਕਰ ਦੇਵੇ ਜਾਂ ਫਿਰ ਆਪਣੀ ਸਮੱਸਿਆ ਨੂੰ ਕਿਸੇ ਨਾ ਕਿਸੇ ਨਾਲ ਸਾਂਝਾ ਕਰੇ।ਜੇ ਕੋਈ ਦੋਸਤ ਮਿੱਤਰ ਨਾ ਵੀ ਹੋਵੇ ਤਾਂ ਇੱਕ ਕਾਪੀ ਪੈੱਨ ਲੈ ਕੇ ਉਸ ਉੱਤੇ ਆਪਣੀਆਂ ਦਿਲ ਦੀਆਂ ਸਾਰੀਆਂ ਗੱਲਾਂ ਲਿਖ ਦੇਵੋ।ਜੇ ਕਾਪੀ ਪੈੱਨ ਚੁੱਕ ਕੇ ਲਿਖ਼ਣ ਦੀ ਹਿੰਮਤ ਵਾ ਨਾ ਹੋਵੇ ਤਾਂ ਇਕਾਂਤ ਵਿੱਚ ਬੈਠ ਕੇ ਜੋ ਤੁਹਾਡੇ ਦਿਲ ਦੇ ਵਲਵਲਿਆਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੋਵੇ ਤਾਂ ਪ੍ਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਦੇ ਹੋਏ ਉਸ ਨਾਲ ਗੱਲਾਂ ਕਰਦੇ ਕਰਦੇ ਦੋ ਨੈਣਾਂ ਰਾਹੀਂ ਵਹਾ ਕੇ ਸ਼ਾਂਤ ਕਰ ਦੇਵੋ । ਸਾਰੇ ਦੁੱਖੜੇ ਉਸ ਅੱਗੇ ਸੁਣਾ ਦੇਵੋਗੇ। ਫਿਰ ਕੁਝ ਹਲਕਾ ਮਹਿਸੂਸ ਕਰੋਗੇ। ਜ਼ਿੰਦਗੀ ਜਿਊਣ ਲਈ ਹੈ ,ਇਸ ਲਈ  ਇਸ ਨੂੰ ਖੁੱਲ੍ਹ ਕੇ ਜਿਊਣਾ ਚਾਹੀਦਾ ਹੈ। ਅਸਲੀ ਮਨੁੱਖ ਓਹੀ ਹੈ ਜੋ ਮੁਸ਼ਕਲਾਂ ਤੋਂ ਨਾ ਤਾਂ ਘਬਰਾਉਂਦਾ ਹੈ ਤੇ ਨਾ ਉਨ੍ਹਾਂ ਤੋਂ ਭੱਜਦਾ ਹੈ ,ਹਰ ਮੁਸ਼ਕਲ ਨੂੰ ਖਿੜੇ ਮੱਥੇ ਸਵੀਕਾਰਦਾ ਹੋਇਆ ਹੱਸਦੇ ਹੱਸਦੇ ਪਾਰ ਕਰ ਜਾਂਦਾ ਹੈ।ਉਸੇ ਮਨੁੱਖ ਦਾ ਇਸ ਦੁਨੀਆਂ ਤੇ ਆਉਣਾ ਸਫ਼ਲ ਹੈ ਕਿਉਂਕਿ ਔਖੀ ਘੜੀ ਵਿੱਚ ਵੀ ਅਡੋਲ ਰਹਿਕੇ ਜਿਊਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਸਕੂਲ ਨਿਰਮਾਣ ਲਈ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਪੰਜਾਬ ਅਤੇ ਡੀ.ਸੀ ਜਲੰਧਰ ਨਾਲ ਸੰਪਰਕ ਸਾਧਿਆ – ਅਸ਼ੋਕ ਸੰਧੂ ਨੰਬਰਦਾਰ
Next articleਵਿਸ਼ਵ ਓਜ਼ੋਨ ਦਿਵਸ