(ਸਮਾਜ ਵੀਕਲੀ)– ਸੀਤੋ ਦੇ ਆਦਮੀ ਪਾਲੇ ਨੂੰ ਮੁੱਕੇ ਨੂੰ ਬਾਰਾਂ ਵਰ੍ਹੇ ਹੋ ਗਏ ਸਨ। ਉਹ ਜਿਨ੍ਹਾਂ ਦੇ ਸੀਰੀ ਰਲ਼ਿਆ ਹੋਇਆ ਸੀ, ਜਦ ਕਦੇ ਰਾਤ ਨੂੰ ਖੇਤਾਂ ਨੂੰ ਪਾਣੀ ਲਾਉਣ ਦੀ ਵਾਰੀ ਹੋਣੀ,ਉੱਥੇ ਈ ਮੋਟਰ ਤੇ ਘਰ ਦੀ ਕੱਢੀ ਸ਼ਰਾਬ ਪੀ ਕੇ ਰਾਤ ਨੂੰ ਸੌਂ ਜਾਣਾ , ਜੇ ਵਾਰੀ ਨਾ ਹੋਣੀ ਤਾਂ ਉਸ ਨੇ ਮਲਕ ਦੇਣੇ ਡਰੰਮੀ ਵਿੱਚੋਂ ਸ਼ਰਾਬ ਬੋਤਲ ਭਰ ਕੇ ਘਰ ਲਿਆ ਕੇ ਪੀ ਲੈਣੀ। ਅੰਦਰ ਤਾਂ ਉਸ ਦਾ ਘਰ ਦੀ ਕੱਢੀ ਦਾਰੂ ਨੇ ਫੂਕਿਆ ਪਿਆ ਸੀ। ਪਹਿਲਾਂ ਪੀਲੀਆ ਹੋਇਆ ਤੇ ਫੇਰ ਵਿਗੜ ਕੇ ਕਾਲ਼ਾ ਪੀਲੀਆ ਹੋ ਗਿਆ। ਪੰਜਾਂ ਛੇਆਂ ਮਹੀਨਿਆਂ ਵਿੱਚ ਹੀ ਉਹ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਸੀ। ਤਿੰਨਾਂ ਸਾਲਾਂ ਦੀ ਕੁੱਛੜ ਕੁੜੀ ਤੇ ਡੇਢ ਸਾਲ ਦਾ ਮੁੰਡਾ ਪਾਲਣ ਦੀ ਜ਼ਿੰਮੇਵਾਰੀ ਸੀਤੋ ਦੇ ਗਲ਼ ਪੈ ਗਈ ਸੀ। ਪਿੰਡੋਂ ਬਾਹਰ ਵਿਹੜੇ ਵਿੱਚ ਨਿੱਕਾ ਜਿਹਾ ਘਰ ਸੀ। ਜਿਸ ਵਿੱਚ ਇੱਕ ਕੱਚਾ ਕਮਰਾ ਤੇ ਵਿਹੜੇ ਵਿੱਚ ਰੋਟੀ ਟੁੱਕ ਬਣਾਉਣ ਲਈ ਕਮਰੇ ਦੇ ਨਾਲ ਹੀ ਇੱਕ ਪਾਸੇ ਇੱਕ ਚੁੱਲ੍ਹਾ ਤੇ ਇੱਕ ਹਾਰਾ ਬਣਾਇਆ ਹੋਇਆ ਸੀ। ਕੱਚਾ ਵਿਹੜਾ ਸੀ ਤੇ ਇੱਕ ਪਾਸੇ ਨਲਕਾ ਲੱਗਿਆ ਹੋਇਆ ਸੀ। ਜਦੋਂ ਤੋਂ ਪਾਲਾ ਇਸ ਜਹਾਨੋਂ ਤੁਰ ਗਿਆ ਸੀ, ਉਦੋਂ ਤੋਂ ਹੀ ਸੀਤੋ ਉਹਨਾਂ ਜ਼ਿਮੀਂਦਾਰਾਂ ਦੇ ਘਰ ਰੋਟੀ ਟੁੱਕ ਬਣਾਉਣ ਦਾ ਕੰਮ ਕਰਨ ਲੱਗ ਗਈ ਸੀ ਜਿਹਨਾਂ ਦੇ ਪਾਲਾ ਰਲ਼ਿਆ ਹੋਇਆ ਸੀ ।ਉਸ ਦਾ ਗੁਜ਼ਾਰਾ ਚੱਲੀ ਜਾਂਦਾ ਸੀ। ਉਸ ਦੀ ਕੁੜੀ ਗਿੰਦੀ ਪੰਦਰਵੇਂ ਸਾਲ ਵਿੱਚ ਸੀ ਤੇ ਪਿੰਡ ਦੇ ਸਕੂਲ ਤੋਂ ਹੀ ਅੱਠਵੀਂ ਪਾਸ ਕਰਕੇ ਹਟੀ ਸੀ,ਮੁੰਡਾ ਪੰਮਾ ਉਸ ਤੋਂ ਡੇਢ ਕੁ ਸਾਲ ਛੋਟਾ ਸੀ ਤੇ ਉਹ ਵੀ ਪਿੰਡ ਦੇ ਸਕੂਲ ਈ ਪੜ੍ਹਦਾ ਸੀ।
ਸੀਤੋ ਦੇ ਘਰੇ ਉਸ ਦੀ ਚਚੇਰੇ ਮਾਮੇ ਦੀ ਕੁੜੀ ਦਾ ਆਉਣਾ ਜਾਣਾ ਬਹੁਤ ਸੀ ਕਿਉਂਕਿ ਉਹ ਨਾਲ਼ ਦੇ ਪਿੰਡ ਈ ਵਿਆਹੀ ਹੋਈ ਸੀ।ਉਹ ਥੋੜ੍ਹੇ ਜਿਹੇ ਦਿਨਾਂ ਬਾਅਦ ਹੀ ਆਪਣੇ ਛੋਟੇ ਮੁੰਡੇ ਪਾਲੀ ਨਾਲ ਸਾਈਕਲ ਦੇ ਮਗਰ ਬਹਿ ਕੇ ਮਿਲ਼ਣ ਆ ਜਾਂਦੀ। ਜਦ ਟਾਈਮ ਲੱਗਦਾ ਇਹ ਵੀ ਕਦੇ ਕਦਾਈਂ ਜਾ ਕੇ ਮਿਲ਼ ਆਉਂਦੀ। ਗਿੰਦੀ ਉਸ ਦੇ ਮੁੰਡੇ ਦੇ ਰੱਖੜੀ ਵੀ ਬੰਨ੍ਹਦੀ ਸੀ। ਪਰ ਅੱਲੜ੍ਹ ਉਮਰ ਜ਼ਿੰਦਗੀ ਦਾ ਇਹੋ ਜਿਹਾ ਪੜਾਅ ਹੁੰਦਾ ਹੈ ਕਿ ਉਸ ਸਮੇਂ ਆਪਣੇ ਸੁਪਨਿਆਂ ਦਾ ਸੰਸਾਰ ਹੀ ਨਜ਼ਰ ਆਉਂਦਾ ਹੈ,ਹੋਰ ਦੁਨੀਆਂ ਤਾਂ ਦਿਸਦੀ ਈ ਨਹੀਂ। ਪਾਲੀ ਨੇ ਆਪਣੇ ਘਰੇ ਗਿੰਦੀ ਨਾਲ ਵਿਆਹ ਕਰਵਾਉਣ ਦਾ ਰੌਲ਼ਾ ਪਾ ਲਿਆ,ਓਧਰ ਗਿੰਦੀ ਨੇ ਮਾਂ ਨੂੰ ਸਾਫ਼ ਸਾਫ਼ ਕਹਿ ਦਿੱਤਾ ਕਿ ਉਸ ਨੇ ਵਿਆਹ ਪਾਲੀ ਨਾਲ਼ ਹੀ ਕਰਵਾਉਣਾ ਹੈ। ਸੀਤੋ ਨੇ ਬਥੇਰਾ ਸਮਝਾਇਆ ਤੇ ਕਿਹਾ,” …. ਤੈਨੂੰ ਵਿਆਹ ਦੀ ਅੱਗ ਲੱਗੀ ਹੋਈ ਐ….. ਹਜੇ ਪੰਦਰਵਾਂ ਸਾਲ ਲੱਗਿਆ ਤੈਨੂੰ…… ਓਹਦੇ ਹੁਣ ਤੱਕ ਤੂੰ ਰੱਖੜੀ ਬੰਨ੍ਹਦੀ ਰਹੀ ਆਂ….. ਮੈਂ ਤਾਂ ਨੀ ਤੈਨੂੰ ਓਹਦੇ ਨਾਲ ਲਾਵਾਂ ਦੇ ਕੇ ਤੋਰ ਸਕਦੀ …. ।” ਪਰ ਕੁੜੀ ਟਸ ਤੋਂ ਮਸ ਨਾ ਹੋਈ। ਉਸ ਨੇ ਪਾਲੀ ਨਾਲ਼ ਵਿਆਹ ਕਰਵਾਉਣ ਦੀ ਇੱਕੋ ਜ਼ਿੱਦ ਫੜੀ ਹੋਈ ਸੀ। ਮਾਂ ਨੇ ਨਿੱਤ ਦੇ ਕਲੇਸ਼ ਨੂੰ ਖ਼ਤਮ ਕਰਨ ਲਈ ਗਿੰਦੀ ਨੂੰ ਆਖ ਦਿੱਤਾ,” ….. ਮੇਰੇ ਵੱਲੋਂ ਤੂੰ ਢੱਠੇ ਖੂਹ ਵਿੱਚ ਛਾਲ ਮਾਰਦੇ….. ਆਹ ਘਰ ਦਾ ਦਰਵਾਜ਼ਾ ਖੁੱਲ੍ਹਾ ਹੈ….. ਆਪਣੀ ਮਰਜ਼ੀ ਨਾਲ ਜਾਣਾ ਚਲੀ ਜਾਹ…. ਪਰ ਮੈਂ ਗੁਰਦੁਆਰੇ ਅਨੰਦ ਦੇ ਕੇ ਨੀ ਤੈਨੂੰ ਤੋਰਨਾ……!” ਗਿੰਦੀ ਨੇ ਸੱਚੀ ਪਾਲੀ ਨੂੰ ਬੁਲਾਇਆ ਤੇ ਮਾਂ ਦੇ ਸਾਹਮਣੇ ਈ ਘਰ ਛੱਡ ਕੇ ਉਸ ਦੇ ਸਾਈਕਲ ਮਗਰ ਬਹਿ ਕੇ ਚਲੀ ਗਈ। ਸੀਤੋ ਉਸ ਦੇ ਜਾਣ ਤੋਂ ਬਾਅਦ ਬਹੁਤ ਰੋਈ, ਕਿੰਨਾ ਚਿਰ ਵਿਹੜੇ ਵਿੱਚ ਮੰਜੇ ਤੇ ਬੈਠੀ ਕੀਰਨੇ ਪਾਉਂਦੀ ਰਹੀ ਜਿਵੇਂ ਕੋਈ ਮਰ ਗਿਆ ਹੋਵੇ।
ਓਧਰ ਪਾਲੀ ਦੀ ਮਾਂ ਨੇ ਵੀ ਉਹਨਾਂ ਦਾ ਕੋਈ ਚਾਅ ਨਾ ਕੀਤਾ। ਉਹਨਾਂ ਨੂੰ ਘਰ ਵਿੱਚ ਰਹਿਣ ਲਈ ਕਮਰਾ ਦੇਣ ਦੀ ਬਜਾਏ ਡੰਗਰਾਂ ਵਾਲੇ ਕਮਰੇ ਦੇ ਨਾਲ ਹੀ ਤੂੜੀ ਆਲ਼ਾ ਕੱਚਾ ਜਿਹਾ ਕੋਠਾ ਖਾਲੀ ਪਿਆ ਸੀ ਉਸੇ ਵਿੱਚ ਰਹਿਣ ਲਈ ਆਖ ਦਿੱਤਾ। ਪਰ ਗਿੰਦੀ ਤੇ ਪਾਲੀ ਬਹੁਤੀ ਛੋਟੀ ਉਮਰ ਦੇ ਹੋਣ ਕਰਕੇ ਉਹ ਉੱਥੇ ਵੀ ਖੁਸ਼ ਸਨ। ਗਿੰਦੀ ਦੀ ਸੱਸ ਸਾਰਾ ਦਿਨ ਉਸ ਤੋਂ ਕੰਮ ਕਰਵਾਉਂਦੀ,ਕਦੇ ਸਿੱਧੇ ਮੂੰਹ ਨਾ ਬੁਲਾਉਂਦੀ। ਉਹ ਦੋਵੇਂ ਜਣੇ ਤਾਂ ਵੀ ਬਹੁਤ ਖੁਸ਼ ਸਨ ਕਿਉਂਕਿ ਕਿ ਇੱਕ ਦੂਜੇ ਦਾ ਸਾਥ ਮਿਲਣਾ ਈ ਉਹਨਾਂ ਨੂੰ ਬਹੁਤ ਵੱਡੀ ਪ੍ਰਾਪਤੀ ਲੱਗਦੀ ਸੀ। ਪਾਲੀ ਦਾ ਵੱਡਾ ਭਰਾ ਨਸ਼ੇੜੀ ਸੀ। ਘਰ ਵਿੱਚ ਸਾਰਿਆਂ ਦਾ ਵਰਤਾਰਾ ਗਿੰਦੀ ਪ੍ਰਤੀ ਬਹੁਤ ਭੈੜਾ ਅਤੇ ਨਫ਼ਰਤ ਭਰਿਆ ਸੀ। ਵਿਆਹ ਨੂੰ ਦੋ ਸਾਲ ਲੰਘ ਗਏ ਸਨ ਕਿ ਇੱਕ ਦਿਨ ਪਾਲੀ ਪਿੰਡ ਵਿੱਚ ਹੀ ਦੁਕਾਨ ਤੋਂ ਕੁਛ ਖ਼ਰੀਦਣ ਗਿਆ ਤਾਂ ਕਿਸੇ ਨੇ ਆ ਕੇ ਸੁਨੇਹਾ ਦਿੱਤਾ ਕਿ ਪਾਲੀ ਗਲ਼ੀ ਵਿੱਚ ਬੇਹੋਸ਼ ਹੋ ਕੇ ਡਿੱਗਿਆ ਪਿਆ। ਪਾਲੀ ਨੂੰ ਚੁੱਕ ਕੇ ਘਰ ਲਿਆਂਦਾ ਤੇ ਪਿੰਡ ਦੇ ਡਾਕਟਰ ਨੂੰ ਬੁਲਾਇਆ ਤਾਂ ਉਸ ਨੇ ਕਿਹਾ ਕਿ ਇਸ ਨੂੰ ਛੇਤੀ ਵੱਡੇ ਹਸਪਤਾਲ ਵਿੱਚ ਲੈ ਜਾਓ….ਪਰ ਸਾਰਾ ਟੱਬਰ ਉਸ ਦੇ ਘਰੇ ਹੀ ਹੱਥ ਪੈਰ ਮਲੀ ਗਏ ਕਿਉਂ ਕਿ ਉਸ ਨੂੰ ਪਹਿਲਾਂ ਵੀ ਕਦੇ ਕਦਾਈਂ ਇਸ ਤਰ੍ਹਾਂ ਦਾ ਦੌਰਾ ਪੈ ਜਾਂਦਾ ਹੁੰਦਾ ਸੀ। ਪਰ ਇਸ ਵਾਰ ਪਾਲੀ ਨੂੰ ਸੁਰਤ ਆਉਣ ਦੀ ਬਜਾਏ ਉਸ ਨੇ ਪ੍ਰਾਣ ਤਿਆਗ ਦਿੱਤੇ ਸਨ। ਗਿੰਦੀ ਦੀ ਮਾਂ ਤੇ ਉਸ ਦਾ ਸ਼ਰੀਕਾ ਕਬੀਲਾ ਵੀ ਆਇਆ ਕਿਉਂ ਕਿ ਉਹਨਾਂ ਦੀ ਨਿਆਣੀ ਜਿਹੀ ਧੀ ਨੇ ਜੋ ਮਰਜੀ ਗ਼ਲਤੀ ਕੀਤੀ ਹੋਵੇ ਪਰ ਉਸ ਦੇ ਭਵਿੱਖ ਨੂੰ ਲੈ ਕੇ ਤਾਂ ਉਹਨਾਂ ਦੀ ਚਿੰਤਾ ਜਾਇਜ਼ ਸੀ। ਗਿੰਦੀ ਤਾਂ ਹਜੇ ਅਠਾਰਾਂ ਵਰ੍ਹਿਆਂ ਦੀ ਵੀ ਨਹੀਂ ਹੋਈ ਸੀ।
ਪਾਲੀ ਦੇ ਭੋਗ ਵਾਲ਼ੇ ਦਿਨ ਗਿੰਦੀ ਦੀ ਸੱਸ ਉਸ ਦੇ ਪੇਕੇ ਪਰਿਵਾਰ ਮੂਹਰੇ ਹੱਥ ਜੋੜ ਕੇ ਆਖਣ ਲੱਗੀ, ” ਗਿੰਦੀ ਤਾਂ…..ਮੇਰੇ ਘਰ ਦੀ ਧੀ ਹੈ….. ਮੈਂ ਤਾਂ ਹੁਣ ਵੀ ਇਸ ਨੂੰ ਧੀ ਬਣਾ ਕੇ ਰੱਖੂੰਗੀ…… ਮੇਰੇ ਵੱਡੇ ਮੁੰਡੇ ਦੇ ਸਿਰ ਧਰ ਦਿਓ…..ਇਹ ਤਾਂ ਸਾਡੇ ਸਭ ਲਈ ਬਹੁਤ ਲਾਡਲੀ ਹੈ….।”
ਉਹ ਇਸ ਤਰ੍ਹਾਂ ਤਾਂ ਆਖ ਰਹੀ ਸੀ ਕਿਉਂਕਿ ਉਸ ਦੇ ਵੱਡੇ ਪੁੱਤਰ ਨੂੰ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਸੀ ਤੇ ਉਹ ਸੋਹਣੀ ਸੁਨੱਖੀ ਕੁੜੀ ਨੂੰ ਘਰੋਂ ਜਾਣ ਨਹੀਂ ਦੇਣਾ ਚਾਹੁੰਦੀ ਸੀ।ਇਸ ਸਭ ਪਿੱਛੇ ਉਸ ਦਾ ਬਹੁਤ ਵੱਡਾ ਸਵਾਰਥ ਛੁਪਿਆ ਹੋਇਆ ਸੀ। ਗਿੰਦੀ ਦੀ ਮਾਂ ਨੇ ਕਿਹਾ,”ਭੈਣੇ……ਸਾਡੀ ਕੁੜੀ ਨਾ ਪਹਿਲਾਂ ਸਾਡੀ ਮਰਜ਼ੀ ਨਾਲ ਤੁਹਾਡੇ ਘਰ ਆਈ ਸੀ…… ਤੇ ਨਾ ਹੁਣ ਅਸੀਂ ਆਪਣੀ ਮਰਜ਼ੀ ਕਰਨੀ ਆ…… ਜਿਵੇਂ ਇਹ ਆਖੂ ਅਸੀਂ ਤਾਂ ਉਵੇਂ ਕਰ ਦੇਣਾ….।”
ਗਿੰਦੀ ਵੀ ਹੁਣ ਬਚਪਨੇ ਵਿੱਚੋਂ ਬਾਹਰ ਆ ਚੁੱਕੀ ਸੀ।ਉਹ ਵੀ ਆਪਣੀ ਸੱਸ ਦੀ ਚਾਲ ਸਮਝਦੀ ਸੀ ਇਸ ਲਈ ਉਸ ਨੇ ਆਖ ਦਿੱਤਾ ਕਿ ਉਹ ਤਾਂ ਸਿਰਫ਼ ਪਾਲ਼ੀ ਕਰਕੇ ਇਸ ਘਰ ਵਿੱਚ ਆਈ ਸੀ ਤੇ ਉਸ ਕਰਕੇ ਹੀ ਰਹਿ ਰਹੀ ਸੀ। ਹੁਣ ਉਸ ਦਾ ਇਸ ਘਰ ਵਿੱਚ ਕੁਝ ਨਹੀਂ ਹੈ। ਇਹ ਆਖ ਕੇ ਗਿੰਦੀ ਆਪਣੇ ਪੇਕੇ ਪਰਿਵਾਰ ਵਿੱਚ ਆ ਕੇ ਬੈਠ ਗਈ। ਉਸ ਨੂੰ ਉਸ ਦੀ ਮਾਂ ਆਪਣੇ ਨਾਲ ਘਰ ਲੈ ਆਈ । ਉਸ ਨੂੰ ਉਸ ਦੀ ਮਾਂ ਨੇ ਪਿੰਡ ਦੇ ਸਕੂਲ ਵਿੱਚ ਹੀ ਦਸਵੀਂ ਜਮਾਤ ਵਿੱਚ ਪੜ੍ਹਨ ਲਾ ਦਿੱਤਾ ਕਿਉਂਕਿ ਸਤਾਰਾਂ ਸਾਲਾਂ ਦੀ ਗਿੰਦੀ ਹੁਣ ਜ਼ਿੰਦਗੀ ਦੇ ਵੱਡੇ ਤਜ਼ਰਬਿਆਂ ਵਿੱਚੋਂ ਲੰਘ ਚੁੱਕੀ ਸੀ ਕਿ ਉਸ ਨੂੰ ਜ਼ਿੰਦਗੀ ਦੀ ਸਮਝ ਆ ਚੁੱਕੀ ਸੀ। ਹੁਣ ਉਸ ਨੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਨਵੇਂ ਅਹਿਸਾਸ ਨਾਲ ਕੀਤੀ ਸੀ ਕਿਉਂਕਿ ਹੁਣ ਉਸ ਵਿੱਚ ਪਹਿਲਾਂ ਵਾਂਗ ਅੱਲ੍ਹੜਪੁਣੇ ਵਾਲੀ ਗਲਤੀ ਕਰਨ ਦੀ ਗੁੰਜਾਇਸ਼ ਨਹੀਂ ਸੀ। ਇਸ ਤਰ੍ਹਾਂ ਜ਼ਿੰਦਗੀ ਵਿੱਚ ਕਈ ਮੋੜ ਇਹੋ ਜਿਹੇ ਆ ਜਾਂਦੇ ਹਨ ਜਦ ਇਨਸਾਨ ਨੂੰ ਲੱਗਦਾ ਹੈ ਕਿ ਉਸ ਕੋਲ ਕੁਝ ਨਹੀਂ ਰਿਹਾ ਪਰ ਫਿਰ ਆਪਣੇ ਆਪ ਨੂੰ ਸੰਭਾਲ ਕੇ ਨਵੀਂ ਸ਼ੁਰੂਆਤ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly