(ਸਮਾਜ ਵੀਕਲੀ)
ਕਿਵੇਂ ਕੋਈ ਮਨਚਲਾ ਫ਼ਬਤੀਆ ਕਸਦਾ
ਕਿਸੇ
ਸੁਨੱਖੀ ਮੁਟਿਆਰ ਤੇ
ਕਿਵੇਂ ਖਾ ਜਾਣ ਵਾਲੀਆਂ ਨਜ਼ਰਾਂ
ਨਾਲ ਪੀ ਜਾਣਾ ਚਾਹੁੰਦਾ
ਉਸਦੇ ਰੂਪ ਨੂੰ
ਕਿਵੇਂ ਰੋਲ ਦਿੱਤੀ ਜਾਂਦੀ
ਪੱਤ ਕਿਸੇ
ਅਣਭੋਲ ਬਾਲੜੀ ਦੀ
ਕਿਵੇਂ ਤੋਰਿਆ ਜਾਂਦਾ ਉਸਨੂੰ
ਪਰਾਏ ਘਰ
ਦੇ ਕੇ ਕਰਜ਼ੇ ਤੇ ਲਿਆ
ਸਮਾਨ
ਕਿਵੇਂ ਨਜ਼ਰ ਅੰਦਾਜ਼ ਕੀਤੀਆਂ ਜਾਂਦੀਆ ਉਸ ਦੀਆਂ
ਬਦਸਲੂਕੀ ਦੀਆਂ
ਸ਼ਿਕਾਇਤਾਂ
ਕਿਵੇਂ ਤਰਲਿਆਂ ਦੇ ਬਾਵਜੂਦ
ਛੱਡ ਦਿੱਤਾ ਜਾਂਦਾ
ਸਹੁਰਿਆਂ ਦੇ
ਰਹਿਮੋ ਕਰਮ ਤੇ
ਕਿਵੇਂ ਮੰਗਦੇ ਹਾਂ
ਇਨਸਾਫ਼
ਉਸਦੇ ਸੜ ਮਰਨ
ਤੋਂ ਬਾਦ
ਕਿਵੇਂ ਥਾਣੇ ਮੂਹਰੇ
ਬਹਿ ਜਾਂਦੇ
ਲੈ ਕੇ
ਉਸਦੀ ਲਾਸ਼
ਧੀਆਂ ਕਿਤੇ ਭਾਰੀਆਂ ਹੁੰਦੀਆਂ
ਬਸ ਭਾਰੇ ਹੁੰਦੇ
ਉਹਨਾਂ ਦੇ ਦੁੱਖ
ਧੀਆਂ ਤਾਂ ਧਿਰਾਂ ਹੁੰਦੀਆਂ
ਪਰ
ਜੇ
ਜੰਮਣ ਦਿੱਤੀਆਂ ਜਾਣ!!
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly