ਫਰੀਦਕੋਟ/ਭਲੂਰ 22 ਅਗਸਤ (ਬੇਅੰਤ ਗਿੱਲ) – ਕੋਟਕਪੂਰਾ ਸ਼ਹਿਰ ਦੀ ਰੌਣਕ ਤੇ ਹੱਸਮੁਖ ਜਿਹੇ ਚਿਹਰੇ ਵਾਲੇ ਰਜਿੰਦਰ ਜੱਸਲ ਉਰਫ਼ ਰਾਜੂ ਟੇਲਰ ਉੱਪਰ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਸਦਾ ਛੋਟੀ ਜਿਹੀ ਉਮਰ ਦਾ ਬੇਟਾ ਕਰਨਵੀਰ ਸਿੰਘ ਉਨ੍ਹਾਂ ਰਾਹਾਂ ‘ਤੇ ਤੁਰ ਗਿਆ, ਜਿੱਥੋਂ ਕੋਈ ਵਾਪਿਸ ਮੁੜਦਾ ਹੀ ਨਹੀਂ। ਇਸ ਸਮੇਂ ਉਸਦੀ 15 ਵਰ੍ਹਿਆਂ ਦੀ ਕੱਚੀ ਜਿਹੀ ਬਚਪਨ ਉਮਰ ਸੀ। ਨੌਵੀਂ ਕਲਾਸ ਵਿੱਚ ਪੜ੍ਹ ਰਿਹਾ ਕਰਨਵੀਰ ਪੜ੍ਹਨ ਵਿਚ ਬੜਾ ਹੁਸ਼ਿਆਰ ਸੀ। ਸਕੂਲ ਵਿੱਚ ਉਹ ਅਧਿਆਪਕਾਂ ਦਾ ਲਾਡਲਾ ਵਿਦਿਆਰਥੀ ਰਿਹਾ। ਸਵੇਰ ਦੀ ਸਭਾ ਵਿੱਚ ਖਬਰਾਂ ਪੜ੍ਹਨ ਵਾਲਾ ਅੱਜ ਖੁਦ ਇਕ ਖ਼ਬਰ ਬਣ ਗਿਆ।ਇਹ ਖ਼ਬਰ ਲਿਖਦਿਆਂ ਮਨ ਬੇਹੱਦ ਪ੍ਰੇਸ਼ਾਨ ਤੇ ਗ਼ਮਗੀਨ ਹੈ। ਮਾਤਾ ਸਵੀਟੀ ਜੱਸਲ ਤੇ ਪਿਤਾ ਰਾਜਿੰਦਰ ਜੱਸਲ ਲਈ ਬੇਟੇ ਕਰਨਵੀਰ ਦਾ ਇਹ ਬੇਵਕਤ ਵਿਛੋੜਾ ਮੌਤੋਂ ਵੀ ਬੁਰਾ ਬਣ ਗਿਆ ਹੈ। ਹਾਲੇ ਤਾਂ ਉਨ੍ਹਾਂ ਉਸਨੂੰ ਪੜ੍ਹਾਉਣ ਲਿਖਾਉਣ ਦੇ ਚਾਅ ਵੀ ਪੂਰੇ ਨਹੀਂ ਕੀਤੇ ਸਨ। ਹਾਲੇ ਤਾਂ ਉਸਦੀ ਜੋਬਨ ਰੁੱਤ ਵੀ ਮਾਪਿਆਂ ਨੇ ਮਾਨਣੀ ਸੀ। ਇਹ ਦੁਖਦਾਈ ਖ਼ਬਰ ਜਿਵੇਂ ਹੀ ਬੰਗਾ ਸ਼ਹਿਰ ਤੋਂ ਕੋਟਕਪੂਰਾ ਪਹੁੰਚੀ ਤਾਂ ਇਸ ਖ਼ਬਰ ਨੇ ਇਲਾਕੇ ਦੇ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਸਾਹਿਤਕਾਰਾਂ ਵਿਚ ਗ਼ਮਗੀਨੀ ਪੈਦਾ ਕਰ ਦਿੱਤੀ। ਦੱਸ ਦੇਈਏ ਕਿ ਕੋਟਕਪੂਰਾ, ਫਰੀਦਕੋਟ , ਭਲੂਰ, ਬਾਘਾਪੁਰਾਣਾ, ਸਾਦਿਕ ਤੇ ਹੋਰ ਵੱਖ ਵੱਖ ਸਾਹਿਤ ਸਭਾਵਾਂ ਦੀ ਜਿੰਦ ਜਾਨ ਬਣਿਆ ਸਾਹਿਤਕਾਰ ਰਾਜਿੰਦਰ ਜੱਸਲ ਅੱਜਕਲ੍ਹ ਬੰਗਾ ਵਿਖੇ ਰਹਿ ਰਿਹਾ ਹੈ। ਇੱਥੇ ਹੀ ਕਰਨਵੀਰ ‘ਸਾਇਲੈਂਸ ਅਟੈਕ’ ਨਾਲ ਉਮਰਾਂ ਦਾ ਵਿਛੋੜਾ ਦੇ ਗਿਆ। ਪਤਾ ਲੱਗਾ ਹੈ ਕਿ ਜਿਸ ਤਰ੍ਹਾਂ ਰਾਜਿੰਦਰ ਜੱਸਲ ਇਕ ਚੰਗੀ ਕਵਿਤਾ ਰਚਨ ਅਤੇ ਖੂਬਸੂਰਤ ਅੱਖਰਕਾਰੀ ਕਰਨ ਵਾਲਾ ਵਿਲੱਖਣ ਕਲਾਕਾਰ ਹੈ ,ਉਸੇ ਤਰ੍ਹਾਂ ਕਰਨਵੀਰ ਵੀ ਅਗਾਂਹਵਧੂ ਖੋਜੀ ਸੋਚ ਰੱਖਣ ਵਾਲਾ ਹੀਰਾ ਬੱਚਾ ਸੀ। ਇਸ ਦੁਖਦਾਈ ਘੜੀ ਵਿੱਚ ਪੰਜਾਬ ਅਤੇ ਵਿਦੇਸ਼ਾਂ ਵਿੱਚ ਬੈਠੇ ਸਾਹਿਤਕਾਰਾਂ ਵੱਲੋਂ ਰਾਜਿੰਦਰ ਜੱਸਲ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।ਇਸ ਸਮੇਂ ‘ਨੌਜਵਾਨ ਸਾਹਿਤ ਸਭਾ ਭਲੂਰ’ ਅਤੇ ’35 ਅੱਖਰ ਲੇਖਕ ਮੰਚ ਭਲੂਰ’ ਦੇ ਨੁਮਾਇੰਦਿਆਂ ਬੇਅੰਤ ਗਿੱਲ, ਅਨੰਤ ਗਿੱਲ, ਸਤਨਾਮ ਸ਼ਦੀਦ ਸਮਾਲਸਰ, ਜਸਕਰਨ ਲੰਡੇ, ਮਨਪ੍ਰੀਤ ਸਿੰਘ ਬਰਗਾੜੀ, ਕੁਲਵਿੰਦਰ ਸਿੰਘ ਬਰਗਾੜੀ, ਰਣਧੀਰ ਸਿੰਘ ਮਾਹਲਾ, ਗੁਰਤੇਜ ਸਿੰਘ ਸੈਕਟਰੀ ਨਾਥੇਵਾਲਾ, ਸਤੀਸ਼ ਧਵਨ, ਤਰਸੇਮ ਪੱਲਣ ਲੰਡੇ, ਗੋਰਾ ਸਮਾਲਸਰ, ਸਤਨਾਮ ਬੁਰਜ ਹਰੀਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਧਾਰਮਿਕ, ਰਾਜਨੀਤਿਕ, ਸਮਾਜਿਕ ਤੇ ਵਿੱਦਿਅਕ ਸੰਸਥਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly