(ਸਮਾਜ ਵੀਕਲੀ)- ਉਹ ਜਦ ਵੀ ਮੇਰੀ ਦੁਕਾਨ ‘ਤੇ ਮੈਨੂੰ ਮਿਲਨ ਆਉਂਦਾ ਤਾਂ ਹਰ ਵਾਰ ਹੀ ਆਪਣੀ ਚੇਤਨ ਭਰਪੂਰ ਸਿਆਣਪ ਦਾ ਪ੍ਰਭਾਵ ਮੇਰੇ ‘ਤੇ ਛੱਡ ਜਾਂਦਾ। ਮੈਨੂੰ ਉਸਦੀਆਂ ਨਿੱਤ ਨਵੀਆਂ ਪਰ ਸਿਆਣੀਆਂ ਗੱਲਾਂ ਸੁਣਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ।
ਉਸਦੀਆਂ ਉਸਾਰੂ ਗੱਲਾਂ ਸਦਕਾ ਹੀ ਮੈਂ ਉਸਨੂੰ ਸਮਾਜ ਦੇ ਸਿਆਣੇ ਬੰਦਿਆਂ ਵਿੱਚ ਗਿਣਿਆ ਕਰਦਾ ਸੀ ਪਰ ਗਿਣਦਾ ਵੀ ਕਿਉਂ ਨਾ, ਮੈਂ ਜਦ ਕਦੀ ਵੀ ਕਿਸੇ ਪਰੇਸ਼ਾਨੀ ਜਾਂ ਉਲਝਣ ਵਿੱਚ ਤਾਂ ਉਹ ਝੱਟ ਮੈਨੂੰ ਉਸ ਉਲਝਣ ਦੇ ਹੱਲ ਦੀ ਬੜੀ ਹੀ ਸਰਲ ਤੇ ਸਫ਼ਲ ਵਿਉਂਤ ਦੱਸ ਦਿੰਦਾ।
ਹਰ ਧਰਮ ਬਾਰੇ ਉਸਨੂੰ ਐਨਾ ਗਿਆਨ ਸੀ ਕਿ ਕੁਝ ਕਹਿਣ ਸੁਣਨ ਤੋਂ ਪਰ੍ਹੇ ਇਸੇ ਕਰਕੇ ਮੈਂ ਬੜੀ ਵਾਰ ਇਹ ਸੋਚਿਆ ਸੀ ਕਿ ਜੇਕਰ ਉਸਨੂੰ ਸਭ ਧਰਮਾਂ ਦਾ ਸਾਂਝਾ ਆਗੂ ਬਣਾ ਦਿੱਤਾ ਜਾਵੇ ਤਾਂ ਦਿਨਾਂ ਵਿੱਚ ਹੀ ਸਭ ਧਰਮੀ ਝਗੜੇ ਖਤਮ ਹੋ ਜਾਣਗੇ ਅਤੇ ਸਮਾਜ ਵਿੱਚ ਫੈਲੀਆਂ ਧਰਮੀਂ ਕੁੜੱਤਣਾਂ, ਈਰਖਾ, ਵੈਰ ਵਿਰੋਧ ਆਦਿ ਸਭ ਖਤਮ ਹੁੰਦੀਆਂ ਦੇਰ ਨਹੀਂ ਲੱਗੇਗੀ।
ਉਹ ਕਈ ਸਾਲਾਂ ਤੋਂ ਦੁੱਜੇ – ਤੀਜੇ ਦਿਨ ਮੈਨੂੰ ਮਿਲਨ ਆਉਂਦਾ ਰਹਿੰਦਾ ਤੇ ਕੋਈ ਚੇਤਨ ਤੇ ਸਮਾਜ ਉਸਾਰੂ ਸਿੱਖਿਆ ਸੁਣਾ ਕੇ ਚਲਾ ਜਾਂਦਾ ਪਰ ਇਸ ਵਾਰ ਜਦ ਉਹ ਆਇਆ ਤਾਂ ਮੈਨੂੰ ਆਖਣ ਲੱਗਾ ਕਿ ਯਾਰ ਅੱਜ ਮੈਂ ਤੇਰੇ ਨਾਲ ਗੱਲਾਂ ਨਹੀਂ ਬਲਕਿ ਕਿਸੇ ਘਰੇਲੂ ਕੰਮ ਲਈ ਆਇਆ ਹਾਂ। ਮੈਂ ਕਿਹਾ, ਦੱਸੋ ਵੀਰ ਜੀ ਧੰਨਭਾਗ ਮੇਰੇ ਜੋ ਮੈਂ ਤੁਹਾਡੇ ਕਿਸੇ ਕੰਮ ਆ ਸਕਾਂ। ਉਸ ਆਖਿਆ, ਯਾਰ ਇੱਕ ਸਟੀਲ ਦਾ ਬਹੁਤ ਹੀ ਨਵੇਂ ਡਿਜ਼ਾਇਨ ਤੇ ਸਜਾਵਟ ਵਾਲਾ ਮੇਜ਼ ਬਣਾ ਕੇ ਦੇ, ਡਰਾਇੰਗ ਰੂਮ ਵਿੱਚ ਰੱਖਣਾ ਹੈ। ਅਖ਼ਬਾਰਾਂ ਤੇ ਕਿਤਾਬਾਂ ਰੱਖਣ ਦੀ ਬੜੀ ਪਰੇਸ਼ਾਨੀ ਰਹਿੰਦੀ ਹੈ।
ਮੈਂ ਕਿਹਾ ਕੋਈ ਗੱਲ ਨਹੀਂ ਭਾਅ ਜੀ ਕੱਲ੍ਹ ਸ਼ਾਮ ਤੀਕ ਤਿਆਰ ਕਰ ਦੇਵਾਂਗੇ ਤੁਸੀਂ ਪਰਸੋਂ ਨੂੰ ਲੈ ਜਾਣਾ। ਉਸ ਕਿਹਾ ਕਿ ,ਪਰਸੋਂ ਨੂੰ ਕੀਹ ਦਿਨ ਹੈ ? ਮੈਂ ਕਿਹਾ, ਜੀ ਸ਼ਨੀਵਾਰ। ਅਕਸਰ ਬਹੁਤ ਸਿਆਣੇ ਸਮਝੇ ਜਾਂਦੇ ਲੋਕ ਵੀ ਅਜਿਹੇ ਵਰਤਾਰੇ ਤੋਂ ਛੁਟਕਾਰਾ ਨਹੀਂ ਪਾ ਸਕੇ ਹੁੰਦੇ ਹਨ।ਉਹ ਕਹਿਣ ਲੱਗਾ, ਸੁਣਿਆ ਹੈ ਲੋਹਾ, ਸਟੀਲ ਸ਼ਨੀਵਾਰ ਘਰ ਲੈ ਜਾਣਾ ਸ਼ੁੱਭ ਨਹੀਂ ਹੁੰਦਾ। ਇਸ ਲਈ ਮੈਂ ਐਂਤਵਾਰ ਲੈ ਜਾਵਾਂਗਾ , ਤੁਸੀਂ ਆਰਾਮ ਨਾਲ ਤਿਆਰ ਕਰ ਦੇਣਾ। ਮੈਂ ਉਸਦੇ ਮੂੰਹੋਂ ਇਹ ਸ਼ਬਦ ਸੁਣਕੇ ਹੱਕਾ ਬੱਕਾ ਰਹਿ ਗਿਆ।
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly