ਜਲੰਧਰ, ਅੱਪਰਾ (ਜੱਸੀ)-ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਅਤੇ ਸੂਬਾਈ ਕਮੇਟੀ ਦੀ ਮੀਟਿੰਗ ਨੇ ਫੈਸਲਾ ਕੀਤਾ ਕਿ ਇਨਕਲਾਬੀ ਕਾਵਿ – ਜਗਤ ਦੇ ਧਰੂ ਤਾਰੇ, ਕਿੰਨੀਆਂ ਹੀ ਭਾਸ਼ਾਵਾਂ ਵਿੱਚ ਮਕਬੂਲ ਕਵੀ, ਅਵਤਾਰ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੂਬਾਈ ਸਾਲਾਨਾ ਸਮਾਗਮ ਇਸ ਵਾਰ 10 ਸਤੰਬਰ ਦਿਨ ਐਤਵਾਰ ਸਵੇਰੇ ਠੀਕ 10:30 ਵਜੇ ਐੱਮ ਜੀ ਐੱਮ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਸਫ਼ਲਤਾ ਪੂਰਵਕ ਕਰਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ।
ਸਮਾਗਮ ਦੇ ਪਹਿਲੇ ਸੈਸ਼ਨ ‘ਚ ਹੋਣ ਵਾਲੀ ਗੰਭੀਰ ਵਿਚਾਰ-ਚਰਚਾ ਦੇ ਮੁੱਖ ਵਕਤਾ ਨਾਮਵਾਰ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ ਹੋਣਗੇ ਜੋ ਪਾਸ਼- ਕਾਵਿ ਦੇ ਅੰਗ ਸੰਗ ਗੁਜ਼ਰਦਿਆਂ, ਅਜੋਕੀਆਂ ਚੁਣੌਤੀਆਂ ਦੇ ਦੌਰ ਅੰਦਰ ਕਾਵਿ ਸਿਰਜਣਾ ਦੀ ਪ੍ਰਸੰਗਿਕਤਾ ਅਤੇ ਸਾਰਥਕਤਾ ਉੱਪਰ ਚਾਨਣਾ ਪਾਉਣਗੇ । ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਮੈਂਬਰ ਡਾ. ਪਰਮਿੰਦਰ ਸਿੰਘ ਪਾਸ਼ ਵਰਗੇ ਕਵੀਆਂ ਦੀ ਮੌਤ ਤੋਂ ਬਾਅਦ ਸਮਾਜ ਅੰਦਰ ਉਹਨਾਂ ਦੀ ਜ਼ਿੰਦਗੀ ਦੇ ਜਾਰੀ ਮਾਣਮੱਤੇ ਸਫ਼ਰ ਦੀਆਂ ਬਾਤਾਂ ਸਾਂਝੀਆਂ ਕਰਨਗੇ। ਵਿਚਾਰ-ਚਰਚਾ ਦੇ ਪ੍ਰਧਾਨਗੀ ਮੰਡਲ ਵਿੱਚ ਜਾਣੇ- ਪਹਿਚਾਣੇ ਵਿਦਵਾਨ ਅਤੇ ਖੋਜ਼ੀ ਇਤਿਹਾਸਕਾਰ ਸੁਭਾਸ਼ ਪਰਿਹਾਰ, ਉੱਘੇ ਲੇਖਕ ਬਲਦੇਵ ਸਿੰਘ ਸੜਕਨਾਮਾ, ਰੰਗ ਕਰਮੀ ਮਨਜੀਤ ਕੌਰ ਔਲਖ, ਡਾ.ਅਰੀਤ, ਇਕਬਾਲ ਉਦਾਸੀ ਅਤੇ ਉੱਘੇ ਕਹਾਣੀਕਾਰ ਅਤਰਜੀਤ ਸਸ਼ੋਭਿਤ ਹੋਣਗੇ। ਸਮਾਗਮ ਦੇ ਦੂਜੇ ਸੈਸ਼ਨ, ਕਵੀ ਦਰਬਾਰ ‘ਚ ਵਿਜੈ ਵਿਵੇਕ, ਮਨਜੀਤ ਪੁਰੀ,ਸੁਰਜੀਤ ਜੱਜ, ਗੁਰਤੇਜ ਕੋਹਾਰਵਾਲਾ, ਗੁਰਮੀਤ ਕੜਿਆਲਵੀ, ਹਰਮੀਤ ਵਿਦਿਆਰਥੀ, ਤਲਵਿੰਦਰ ਸ਼ੇਰਗਿੱਲ, ਜਗਜੀਤ ਕੌਰ ਢਿੱਲਵਾਂ, ਜਗਸੀਰ ਜੀਦਾ, ਪਾਲੀ ਖ਼ਾਦਿਮ, ਮਨਜੀਤ ਸੂਖ਼ਮ,ਅਨੀ ਕਾਠਗੜ੍ਹ, ਗੁਰਜੰਟ ਰਾਜੇਆਣਾ, ਸਵਾਮੀ ਸਰਬਜੀਤ,ਸੁਨੀਲ ਚੰਦਿਆਣਵੀ,ਵਿਰਕ ਪੁਸ਼ਪਿੰਦਰ, ਸੁਖਜਿੰਦਰ ਅਤੇ ਮੋਹਣ ਮਤਿਆਲਵੀ ਆਪਣੀਆਂ ਨਜ਼ਮਾਂ ਸੰਗ ਸਾਡੇ ਸਮਿਆਂ ‘ਚ ਸਾਹਿਤ, ਕਲਾ ਅਤੇ ਸਮਾਜ ਨੂੰ ਦਰਪੇਸ਼ ਚੁਣੌਤੀਆਂ ਸਬੰਧੀ ਕਾਵਿ ਸਿਰਜਣਾ ਦੀ ਨੈਤਿਕ ਜ਼ਿੰਮੇਵਾਰੀ ਵੱਲ ਸੈਨਤਾਂ ਕਰਦੇ ਵੰਨ- ਸੁਵੰਨੇ ਰੰਗ ਪੇਸ਼ ਕਰਨਗੇ। ਸਮਾਗਮ ਨੂੰ ਹਰ ਪੱਖੋਂ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਨਾਲ਼ ਲੱਗਦੇ ਖੇਤਰ ਵਿਚ ਵਿਸ਼ੇਸ਼ ਕਰਕੇ ਤਿਆਰੀ ਮੁਹਿੰਮ ਚਲਾਉਣ ਅਤੇ ਸਮਾਗਮ ਦੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਸਥਾਨਕ ਪੱਧਰ ਤੇ ‘ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਸਹਿਯੋਗੀ ਕਮੇਟੀ’ ਓਟੇਗੀ। ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਕਨਵੀਨਰ ਸੁਰਿੰਦਰ ਧੰਜਲ ਨੇ ਕਨੇਡਾ ਤੋਂ ਅਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਹੋਈ ਮੀਟਿੰਗ ‘ਚ ਸ਼ਾਮਲ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਨੁਮਾਇੰਦੇ ਅਤੇ ਸੰਗੀ ਸਾਥੀ ਜਾਗੀਰ ਜੋਸਣ, ਡਾ. ਪਰਮਿੰਦਰ,ਮੋਹਣ ਸਿੰਘ ਬੱਲ, ਹਰਮੇਸ਼ ਮਾਲੜੀ, ਹਰਮੀਤ ਵਿਦਿਆਰਥੀ ਅਤੇ ਅਮੋਲਕ ਸਿੰਘ ਨੇ ਸਮੂਹ ਸਾਹਿਤਕ ਸਭਿਆਚਾਰਕ ਅਤੇ ਲੋਕ- ਪੱਖੀ ਸੰਸਥਾਵਾਂ ਨੂੰ ਸਮਾਗਮ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਭਰਵਾਂ ਸਹਿਯੋਗ ਦੇਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly