“ਨਵੀਂ ਪੰਜਾਬਣ”

ਸੰਦੀਪ ਸਿੰਘ"ਬਖੋਪੀਰ "

(ਸਮਾਜ ਵੀਕਲੀ)

ਸਉਣ ਮਹੀਨਾ ਦਿਨ ਤੀਆਂ ਦੇ, ਤੀਆਂ ਕਿਹੜਾ ਲਾਵੇ।
ਪਿੱਪਲ,ਬੋਹੜ, ਧਰੇਕਾਂ, ਪੱਟੀਆਂ,ਰੌਣਕ ਕਿੱਥੋਂ ਆਵੇ।

ਆਈਲੈਟਸ, ਮੁਟਿਆਰ ਪੰਜਾਬਣ, ਕਰਕੇ ਸ਼ਹਿਰੋਂ ਆਵੇ।
ਲੰਮੀਆਂ ਗੁੱਤਾਂ, ਪੋਨੀਆਂ ਬਣੀਆਂ, ਬੌਬੀ ਕੱਟ ਕਰਾਵੇ।

ਸੂਟ ਪੰਜਾਬੀ ਭੱਦੇ ਲੱਗਦੇ, ਜੀਨ ਟੌਪ ਹੁਣ ਪਾਵੇ।
ਖੀਰ ਪੂੜੇ ਹੁਣ ਕਿੱਥੋਂ ਬਣਨੇ, ਪੀਜ਼ੇ ਬਰਗਰ ਖਾਵੇ।

ਬਾਲ ਸਟੇਟ ਨੇ ਸੋਹਣੇ ਲੱਗਦੇ,ਸੱਗੀ-ਫੁੱਲ਼ ਨਾ ਭਾਵੇ।
ਜੁੱਤੀ ਦੀ ਥਾਂ ਹੀਂਲਾ ਆਈਆਂ, ਨਾਲ ਟੌਪ ਦੇ ਪਾਵੇ।

ਸੁਰਮਾਂ, ਕੱਜਲ ਰੜ੍ਹਕਣ ਨੈਣੀ,ਐਨਕ ਅੱਖਾਂ ਤੇ ਲਾਵੇ।
ਕਿਹੜੀਆਂ ਤੀਆਂ ਕੀ ਸੰਧਾਰੇ? ਰਸਮ ਨਾ ਸਮਝੀ ਆਵੇ।

ਗਿੱਧਿਆ ਦੀ ਮੁਟਿਆਰ ਪੰਜਾਬਣ ਰੋਜ਼ ਹੀ ਪੱਬ ‘ਚੁ ਜਾਵੇ।
ਕੌਣ ਕਸ਼ੀਦੇ ਚਰਖੇ ਕੱਤੇ ,ਬੋਲੀ ਨਾ ਕੋਈ ਆਵੇ।

ਸੁੰਨੇ ਬੋਹੜ ਤੇ ਸੱਥਾਂ ਪਈਆਂ,ਹੀਂਘਾ ਕੌਣ ਚੜ੍ਹਾਵੇ।
ਚਾਰ ਜਮਾਤਾਂ ਪੜ੍ਹ ਕੇ ਬੀਬਾ, ਭੱਜੀ ਬਾਹਰ ਨੂੰ ਜਾਵੇ।

ਕੀ ਸਾਵਣ ਤੇ ਕੀ ਨੇ ਤੀਆਂ ? ਕਿੱਸਾ ਕੌਣ ਸੁਣਾਵੇ।
ਬੇਬੇ-ਬਾਪੂ ਅਕਲ ਨਾ ਕੋਈ ,ਬੀਬਾ ਪਈ ਸਮਝਾਵੇ।

ਸੱਗੀ-ਫੁੱਲ਼, ਫੁੱਲਕਾਰੀ, ਘੱਗਰੇ, ਚੀਜ਼ ਵੀ ਇੱਕ ਨਾ ਭਾਵੇ।
ਰਾਣੀ ਗਿੱਧਿਆਂ ਦੀ ਅੱਜ ਕੱਲ ਤੇ ,ਜਿੰਮ ‘ਚੁ ਭੰਗੜਾ ਪਾਵੇ।

ਸਿੱਠਣੀਆਂ,ਛੰਦ,ਸੁਹਾਗ,ਕੀ ਟੱਪੇ ,ਪੰਜਾਬਣ ਭੁੱਲਦੀ ਜਾਵੇ।
ਸੁਹਾਗ, ਘੋੜੀਆਂ,ਭੁੱਲ ਕੇ ਬੀਬਾ, ਗੀਤ ਅੰਗਰੇਜ਼ੀ ਗਾਵੇ।

ਦੂਜ-ਤੀਜ਼ ਤੇ ਭਾਦੋਂ ਚੰਦਰੀ,ਵਾਲਾ ਗੀਤ ਨਾ ਆਵੇ।
ਤੀਆਂ, ਬੱਲੋਂ ਹੁੰਦੀ ਕੀ ਹੈ ? ਸੁਣਕੇ ਪਈਂ ਮੁਸ਼ਕਾਵੇ।

ਫੇਸਬੁੱਕ ਤੇ ਇੰਸਟਾ ਉੱਤੇ ਬੀਬਾ, ਸਮਾਂ ਲੰਘਾਵੇ।
ਸਾਉਣ ਮਹੀਨਾ ਦਿਨ ਤੀਆਂ ਦੇ ਗਿੱਧਾ ਨਾ ਕੋਈ ਪਾਵੇ।

ਨਵੀਂ ਪੰਜਾਬਣ ਬਣ-ਠਣ ਕੇ ਹੁਣ, ਮੁਲਕ ਬਾਹਰਲੇ ਜਾਵੇ।
ਮਾਂ ਬੋਲੀ ਨੂੰ ਭੁੱਲ ਕੇ ਬੀਬਾ ,ਹੁਣ ਹੋਰ ਹੀ ਰੱਟੇ ਲਾਵੇ।

ਨਵੀਂ ਪੰਜਾਬਣ ਵਧੇ-ਫੁੱਲੇ ,ਪਰ ਵਿਰਸਾ ਨਾਹੀਂ ਗਵਾਵੇ।
ਆਪਣੀ ਧਰਤੀ ਆਪਣੇ ਮਾਪੇ, ਸਭ ਦਾ ਮਾਣ ਵਧਾਵੇ।

ਪੁੱਛੇ ਸਾਉਣ ਮਹੀਨਾ ਕੀ ਹੈ ? ਸਮਝੇ ਸਿੱਖੀ ਜਾਵੇ।
ਵਿਰਸਾ ਅਤੇ ਵਿਰਾਸਤ ਕੀ ਹੈ? ਇਹ ਵੀ ਸਿੱਖਕੇ ਜਾਵੇ ।

ਨਵੀਂ ਪੀੜ੍ਹੀ ਹੁਣ ਛੱਡ ਮੁਲਕ ਨੂੰ, ਬਾਹਰ ਨੂੰ ਭੱਜੀ ਜਾਵੇ।
ਫਿਰ ਤੋਂ ਉਹ ਹੀ ਰੌਣਕ ਲੱਗੇ, ਸਮਾਂ ਉਹ ਮੁੜ ਕੇ ਆਵੇ।

‘ਸੰਦੀਪ’ ਪੰਜਾਬੀ ਵਿਰਸੇ ਖਾਤਰ ਇਹੋ ਖੈਰ ਮਨਾਵੇ।
ਨਵੀਂ ਪੰਜਾਬਣ ਭੈਣ ਮੇਰੀ ਨੂੰ, ਉਮਰ ਮੇਰੀ ਲਗ ਜਾਵੇ।

ਸਉਣ ਮਹੀਨਾ ਦਿਨ ਤੀਆਂ ਦੇ, ਤੀਆਂ ਕਿਹੜਾ ਲਾਵੇ।
ਪਿੱਪਲ,ਬੋਹੜ, ਧਰੇਕਾਂ, ਪੱਟੀਆਂ,ਰੌਣਕ ਕਿੱਥੋਂ ਆਵੇ।

ਸੰਦੀਪ ਸਿੰਘ “ਬਖੋਪੀਰ”
ਸੰਪਰਕ:-9815321017

Previous articleਪਿੰਡ ਦਾ ਹਾਲ
Next article“ਅੰਮੜੀ-ਬਾਪੂ”