ਅੱਜ ਲਈ ਵਿਸ਼ੇਸ਼
ਦੋਸਤੀ ਇੱਕ ਅਟੁੱਟ ਬੰਧਨ ਹੈ ਅਤੇ ਜੀਵਨ ਦੀ ਅਹਿਮ ਕੜੀ ਹੈ
ਫ਼ਰੀਦਕੋਟ/ਭਲੂਰ (ਬੇਅੰਤ ਗਿੱਲ) ਫਰੈਂਡਸ਼ਿਪ ਡੇ ਜਿਸਦਾ ਇਤਿਹਾਸ ਸਾਡੇ ਸਮਾਜ ਵਿੱਚ ਕਾਫੀ ਪੁਰਾਣਾ ਹੈ ਪਰੰਤੂ ਇਸਨੂੰ ਯੁਨਾਇਟੇਡ ਨੇਸ਼ਨਜ ਜਨਰਲ ਅਸੈਂਬਲੀ ( UNGA) ਨੇ 2011 ਵਿੱਚ ਮਾਨਤਾ ਦਿੱਤੀ। ਇਹ ਦਿਨ ਅੰਤਰਰਾਸ਼ਟਰੀ ਪੱਧਰ ‘ਤੇ 2 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਲੋਕਾਂ ਅਤੇ ਰਾਸ਼ਟਰਾਂ ਵਿੱਚ ਆਪਸੀ ਪਿਆਰ ਅਤੇ ਸਭਿਆਚਾਰ ਦੀ ਸਾਂਝ ਵਧਾਉਣਾ , ਆਪਸੀ ਮੇਲ-ਜੋਲ ਵਧਾਉਣਾ ਅਤੇ ਲੋੜ ਵੇਲੇ ਇਕ ਦੂਜੇ ਦੀ ਮਦਦ ਕਰਨਾ ਹੈ। ਇਨ੍ਹਾਂ ਸ਼ਬਦਾਂ ਦੀ ਸਾਂਝ ਪਾਉਂਦਿਆਂ ਸਰਦਾਰ ਇੰਦਰਜੀਤ ਸਿੰਘ ਬਰਾੜ ਈ ਟੀ ਟੀ ਟੀਚਰ ਸ.ਪ.ਸ. ਖਾਰਾ ਨੇ ਕਿਹਾ ਕਿ ਇਸਦਾ ਪੰਜਾਬੀ ਵਿੱਚ ਅਰਥ ਆਪਸੀ ਮਿੱਤਰਤਾ ਜਾਂ ਦੋਸਤੀ ਮੰਨਿਆ ਜਾਂਦਾ ਹੈ। ਸਾਡੇ ਸਮਾਜ ਵਿੱਚ ਪ੍ਰਮਾਤਮਾ, ਮਾਤਾ-ਪਿਤਾ ਅਤੇ ਗੁਰੂ ਤੋਂ ਬਾਅਦ ਜੋ ਮਹੱਤਵਪੂਰਨ ਰਿਸ਼ਤਾ ਆਉਂਦਾ ਹੈ ਉਹ ਹੈ ‘ਦੋਸਤੀ ‘। ਅਧਿਆਪਕ ਇੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਦੋਸਤੀ ਅਜਿਹੀ ਭਾਵਨਾ ਹੈ ਜੋ ਸਾਰੇ ਸਬੰਧਾਂ ਵਿੱਚ ਸ਼ਾਮਲ ਹੁੰਦੀ ਹੈ। ਜੇਕਰ ਸਾਡੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਸੁਦਾਮਾ ਕ੍ਰਿਸ਼ਨ ਦਾ ਪ੍ਰਸੰਗ,ਰਾਧਾ – ਕਿ੍ਸ਼ਨ ਦਾ ਪ੍ਰੇਮ ਜਾਂ ਰਾਮ ਲਕਸ਼ਮਣ ਦੀ ਜੋੜੀ ਆਦਿ ਇਸ ਦੀਆਂ ਪ੍ਰਤੱਖ ਉਦਾਹਰਣਾਂ ਹਨ। ਸਮਾਜਿਕ ਅਤੇ ਆਰਥਿਕ ਸਬੰਧਾਂ ਵਿੱਚ ਦੀ ਅਮਰਵੇਲ ਦਿਖਾਈ ਦਿੰਦੀ ਹੈ। ਉਨ੍ਹਾਂ ਆਖਿਆ ਕਿ ਪਤੀ- ਪਤਨੀ, ਭੈਣ – ਭਰਾ, ਬੱਚੇ ਅਤੇ ਮਾਂ – ਬਾਪ ਆਦਿ ਵਿੱਚ ਵੀ ਦੋਸਤੀ ਅਪਣੀਆਂ ਜੜ੍ਹਾਂ ਫੈਲਾਉਂਦੀ ਹੈ। ਮਨੁੱਖ ਆਪਣੇ ਆਲ਼ੇ ਦੁਆਲ਼ੇ ਜਾਨਵਰਾਂ, ਪੰਛੀਆਂ ਅਤੇ ਬਨਸਪਤੀ ਨਾਲ ਵੀ ਦੋਸਤੀ ਕਰਦਾ ਨਜ਼ਰ ਆਉਂਦਾ ਹੈ। ਦੋਸਤੀ ਇੱਕ ਅਟੁੱਟ ਬੰਧਨ ਹੈ ਅਤੇ ਜੀਵਨ ਦੀ ਅਹਿਮ ਕੜੀ ਹੈ। ਦੋਸਤੀ ਦਿਲ ਦਰਿਆ ਵਿੱਚ ਵਸਦੀ ਹੈ। ਇਸ ਵਿੱਚ ਮਿਠਾਸ ਅਤੇ ਲਗਨ ਦੀ ਭਾਵਨਾ ਆਪ ਮੁਹਾਰੇ ਨਜ਼ਰ ਆਉਂਦੀ ਹੈ। ਸੱਚਾ ਦੋਸਤ ਮਨੁੱਖ ਦੇ ਆਪੇ ਦਾ ਹੀ ਇੱਕ ਅੰਗ ਬਣ ਜਾਂਦਾ ਹੈ। ਅਧਿਆਪਕ ਇੰਦਰਜੀਤ ਸਿੰਘ ਬਰਾੜ ਨੇ ਬੜੀ ਖੂਬਸੂਰਤ ਗੱਲ ਆਖੀ ਕਿ ਦੋਸਤ ਭਾਵੇਂ ਬਦਲ ਸਕਦੇ ਹਨ ਪਰ ਦੋਸਤੀ ਕਾਇਮ ਰਹਿੰਦੀ ਹੈ। ਮਿੱਤਰਤਾ ਦੀ ਡੋਰ ਸਾਡੀ ਇਮਾਨਦਾਰੀ, ਸਬੰਧਾਂ ਅਤੇ ਭਾਵਾਂ ਉੱਤੇ ਟਿਕੀ ਹੋਈ ਹੈ।ਇਸ ਲਈ ਦੋਸਤੀ ਵਿਚ ਕੁੜੱਤਣ ਭਰੇ, ਫਿੱਕੇ ਤੇ ਰੁੱਖੇ ਬੋਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦੋਸਤੀ ਨੂੰ ਖੂਬਸੂਰਤੀ ਨਾਲ ਨਿਭਾਉਣ ਦਾ ਮਾਦਾ ਰੱਖਣ ਦੀ ਲੋੜ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly