ਵਾਤਾਵਰਣ ਨਾਲ ਖਿਲਵਾੜ ਕਰਨਾ ਮਹਿੰਗਾ ਪੈਂਦਾ ਹੈ 

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

(ਸਮਾਜ ਵੀਕਲੀ)

ਕੁਦਰਤ ਵੱਲੋਂ ਸਾਨੂੰ ਰੋਸ਼ਨੀ ,ਪਾਣੀ,ਹਵਾ ਅਤੇ ਹੋਰ ਬਹੁਤ ਕੁੱਝ ਮੁਫ਼ਤ ਦਿੱਤਾ ਹੈ।ਪਰ ਅਸੀਂ ਆਪਣੇ ਦਿਮਾਗ਼ ਦੀ ਵਰਤੋਂ ਕਰਕੇ ਬਹੁਤ ਕੁੱਝ ਨਸ਼ਟ ਕਰ ਲਿਆ।ਅਸੀਂ ਕੁਦਰਤ ਤੋਂ ਆਪਣੇ ਆਪਨੂੰ ਵਧੇਰੇ ਸਿਆਣਾ ਸਮਝਣ ਲੱਗ ਗਏ।ਜਦੋਂ ਅਸੀਂ ਉਨ੍ਹਾਂ ਨੂੰ ਬੇਅਕਲ ਦੱਸਣ ਲੱਗ ਜਾਈਏ,ਜਿੰਨ੍ਹਾਂ ਨੇ ਸਾਨੂੰ ਪੈਦਾ ਕੀਤਾ ਹੈ ਤਾਂ ਸਾਨੂੰ ਠੋਕਰਾਂ ਵਜਣੀਆਂ ਹੀ ਹਨ।ਅਸੀਂ ਕੁਦਰਤ ਤੋਂ ਵੀ ਤੇ ਆਪਣੇ ਵੱਡਿਆਂ ਤੋਂ ਆਪਣੇ ਆਪਨੂੰ ਵਧੇਰੇ ਸਿਆਣਾ ਸਮਝ ਰਹੇ ਹਾਂ।ਇਸ ਕਰਕੇ ਪਰਿਵਾਰ,ਸਮਾਜ ਟੁੱਟ ਰਹੇ ਨੇ ਅਤੇ ਵਾਤਾਵਰਨ ਦੀ ਮਾਰ ਵੀ ਝੱਲਣੀ ਪੈ ਰਹੀ ਹੈ।ਖੈਰ,ਜੋ ਮਾਰ ਇਸ ਵੇਲੇ ਕੁਦਰਤ ਨੇ ਮਾਰੀ ਹੈ,ਉਹ ਵੀ ਮਨੁੱਖ ਵੱਲੋਂ ਕੀਤੇ ਵਾਤਾਵਰਣ ਨਾਲ ਖਿਲਵਾੜ ਕਰਕੇ ਹੈ।                                      ਲੋਕਾਂ ਵਿੱਚ ਲਾਲਚ,ਸਵਾਰਥ ਅਤੇ ਹੰਕਾਰ ਇੰਨਾਂ ਵੱਧ ਗਿਆ ਕਿ ਉਸਨੇ ਕੁਦਰਤ ਨੂੰ ਟਿੱਚ ਸਮਝਕੇ ਵਾਤਾਵਰਣ ਨਾਲ ਅੰਨ੍ਹੇ ਵਾਹ ਛੇੜ ਛਾੜ ਕੀਤੀ।ਜੇਕਰ ਹੜ੍ਹਾਂ ਦੀ ਗੱਲ ਕਰੀਏ ਤਾਂ ਪਾਣੀ ਦੇ ਸਰੋਤ ਗੰਦੇ ਕੀਤੇ,ਪਾਣੀ ਦੇ ਸਰੋਤਾਂ ਦੇ ਵਹਾਅ ਵਾਲੀ ਜ਼ਮੀਨ ਤੇ ਕਬਜ਼ੇ ਕਰ ਲਏ ਅਤੇ ਪਾਣੀ ਦੇ ਸਰੋਤਾਂ ਨੂੰ ਕਦੇ ਸਾਫ ਕਰਨ ਦਾ ਕੰਮ ਨਹੀਂ ਕੀਤਾ।ਵਾਤਾਵਰਣ ਪ੍ਰੇਮੀ ਬਹੁਤ ਘੱਟ ਨੇ।ਬਾਕੀ ਅਸੀਂ ਸਾਰੇ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ। ਅਸੀਂ ਇਹ ਸੋਚਦੇ ਹੀ ਨਹੀਂ ਕਿ ਸਾਡੀ ਗਲਤੀ ਕਿੰਨਾ ਵੱਡਾ ਨੁਕਸਾਨ ਕਰੇਗੀ।ਇੱਥੇ ਸਰਕਾਰ ਵੀ ਜ਼ਿੰਮੇਵਾਰ ਹੈ ਅਤੇ ਬਰੀ ਅਸੀਂ ਆਪਣੇ ਆਪਨੂੰ ਵੀ ਨਹੀਂ ਕਰ ਸਕਦੇ।ਸਰਕਾਰ ਤੋਂ ਮਤਲਬ ਉਸਦੇ ਸੰਬੰਧਿਤ ਵਿਭਾਗਾਂ ਤੋਂ  ਹੈ।ਸਿਆਣੇ ਕਹਿੰਦੇ ਹਨ ਕਿ “ਅਤਿ ਖ਼ੁਦਾ ਦਾ ਵੈਰ ਹੈ”।ਕੁਦਰਤ ਫਿਰ ਆਪਣੇ ਰੰਗ ਵਿਖਾਉਂਦੀ ਹੈ।

ਜੇਕਰ ਅਸੀਂ ਪਾਣੀ ਦੇ ਸਰੋਤਾਂ ਦੀ ਗੱਲ ਕਰੀਏ ਤਾਂ ਤਕਰੀਬਨ ਸਾਰੇ ਸਰੋਤਾਂ ਵਿੱਚ ਗੰਦਗੀ ਸੁੱਟੀ ਗਈ ਹੈ।ਜੇਕਰ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਨੂੰ ਹੜ੍ਹਾਂ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।ਇੱਥੇ ਵੀ ਅਸੀਂ ਬਹੁਤ ਗਲਤੀਆਂ ਕੀਤੀਆਂ ਹੋਈਆਂ ਹਨ।ਲਾਲਚ ਅਤੇ ਸਵਾਰਥ ਨੇ ਰਿਸ਼ਵਤ ਦਾ ਪੱਲਾ ਫੜਕੇ,ਪਾਣੀ ਦੇ ਕੁਦਰਤੀ ਵਹਾਅ ਹੀ ਬੰਦ ਕਰ ਦਿੱਤੇ।ਕਲੋਨੀਆਂ ਕੱਟ ਕੇ, ਪਲਾਟ ਅਤੇ ਫਲੈਟ ਬਣਾਕੇ ਵੇਚੇ ਦਿੱਤੇ।ਪਾਣੀ ਨੇ ਆਪਣੇ ਰਸਤੇ ਫੜੇ,ਕਈ ਥਾਵਾਂ ਤੇ ਆਪਣਾ ਰਸਤੇ ਤਬਾਹੀ ਮਚਾ ਕੇ ਬਣਾ ਲਏ।ਘਰ ਵਹਿ ਗਏ ,ਘਰਾਂ ਦੇ ਸਮਾਨ ਤਬਾਹ ਹੋ ਗਏ ਅਤੇ ਫਸਲਾਂ ਬਰਬਾਦ ਹੋ ਗਈਆਂ।ਇਸਦੇ ਨਾਲ ਹੀ ਪਲਾਸਟਿਕ ਦੀਆਂ ਬੋਤਲਾਂ ਅਤੇ ਲਿਫਾਫਿਆਂ ਨੂੰ ਸੁੱਟਿਆ,ਜਿਸ ਨਾਲ ਪਾਣੀ ਦਾ ਵਹਾਅ ਰੁੱਕ ਗਿਆ।ਸੜਕਾਂ ਨੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ ਅਤੇ ਸੜਕਾਂ ਟੁੱਟ ਗਈਆਂ।ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ,ਕੋਈ ਵੀ ਉਸ ਵੱਲ ਧਿਆਨ ਦੇਣਾ ਆਪਣੀ ਡਿਊਟੀ ਨਹੀਂ ਸਮਝਦਾ।ਪਾਣੀ ਨੇ ਕੂੜਾ ਵੀ ਵਹਾਅ ਲਿਆ ਅਤੇ ਤੰਗ ਕੀਤੇ ਨਾਲਿਆਂ ਵਿੱਚ ਫਸ ਗਿਆ।ਤਬਾਹੀ ਹੀ ਹੋਈ,ਜੇਕਰ ਵਾਤਾਵਰਣ ਵੱਲ ਧਿਆਨ ਦਿੱਤਾ ਹੁੰਦਾ ਤਾਂ ਅੱਜ ਇਹ ਤਬਾਹੀ ਦਾ ਮੰਜਰ ਵੇਖਣਾ ਨਾ ਪੈਂਦਾ।
ਵਿਕਾਸ ਹੋਣਾ ਬਹੁਤ ਜ਼ਰੂਰੀ ਹੈ ਪਰ ਤਬਾਹੀ ਦੀਆਂ ਪੌੜੀਆਂ ਬਣਾਕੇ ਨਹੀਂ। ਫੈਕਟਰੀਆਂ ਦਾ ਲੱਗਣਾ ਅਤੇ ਹੋਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਰੁਜ਼ਗਾਰ ਪੈਦਾ ਹੁੰਦੇ ਹਨ।ਪਰ ਧਰਤੀ ਹੇਠਲਾ ਪਾਣੀ ਅਤੇ ਕੁਦਰਤੀ ਸਰੋਤਾਂ ਨੂੰ ਗੰਦਾ ਕਰਨਾ ਤਬਾਹੀ ਤੇ ਬਰਬਾਦੀ ਹੈ।ਜਿਹੜੇ ਇਲਾਕੇ ਵਿੱਚ ਫੈਕਟਰੀਆਂ ਲੱਗਦੀਆਂ ਹਨ ਜੇਕਰ ਲੋਕ ਬੀਮਾਰੀਆਂ ਵਿੱਚ ਫਸ ਗਏ ਤਾਂ ਕਮਾਈ ਘੱਟ ਤੇ ਇਲਾਜ ਤੇ ਪੈਸਾ ਵੱਧ ਲੱਗਦਾ ਹੈ।ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਣ ਦਾ ਕੰਮ ਵੀ ਗੁਨਾਹ ਹੀ ਹੈ ਅਤੇ ਇਸਦੀ ਸਜ਼ਾ ਜੇਕਰ ਵਿਭਾਗ ਜਾਂ ਅਦਾਲਤਾਂ ਨਹੀਂ ਦੇ ਰਹੀਆਂ ਤਾਂ ਕੁਦਰਤ ਜ਼ਰੂਰ ਦੇਵੇਗੀ।”ਰੱਬ ਦੇ ਘਰ ਦੇਰ ਹੈ ਅੰਧੇਰੀ ਨਹੀਂ।”
 ਦਰੱਖਤਾਂ ਨੂੰ ਅੰਨ੍ਹੇਵਾਹ ਵੱਢਿਆ ਗਿਆ।ਪਹਾੜਾਂ ਤੋਂ ਜੰਗਲ ਖਤਮ ਕਰ ਦਿੱਤੇ। ਪਹਾੜਾਂ ਨੂੰ ਛਾੜ ਛਾੜ ਕਰਕੇ ਹੋਟਲ, ਘਰ ਅਤੇ ਸੜਕਾਂ ਬਣਾਈਆਂ।ਪਹਾੜ ਹਿੱਲ ਗਏ,ਹੁਣ ਆਏ ਦਿਨ ਪਹਾੜ ਖਿਸਕ ਰਹੇ ਹਨ,ਸੜਕਾਂ ਤੇ ਡਿੱਗ ਰਹੇ ਹਨ ਅਤੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ।ਸੀਵਰੇਜ਼ ਪਾਣੀ ਦੇ ਵਹਾਅ ਵਿੱਚ ਬਿਨਾਂ ਟਰੀਟਮੈਂਟ ਦੇ ਸੁੱਟਿਆ ਜਾ ਰਿਹਾ ਹੈ।ਫੈਕਟਰੀਆਂ ਦੇ ਕੈਮੀਕਲ ਸੁੱਟਿਆ ਜਾ ਰਿਹਾ ਹੈ।ਪਾਣੀ ਦੇ ਜੀਵ ਜੰਤੂ ਮਰ ਗਏ ਅਤੇ ਜਾਨਵਰਾਂ ਤੇ ਪੰਛੀਆਂ ਦੇ ਪੀਣ ਯੋਗ ਪਾਣੀ ਨਹੀਂ ਰਿਹਾ। ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਵੀ ਜ਼ਹਿਰ ਹੈ।ਲੋਕ ਹਰ ਰੋਜ਼ ਖਾਣ ਵਾਲੀਆਂ ਚੀਜ਼ਾਂ ਰਾਹੀਂ ਮਿੱਠਾ ਜ਼ਹਿਰ ਖਾ ਰਹੇ ਹਨ।ਮਨੁੱਖ ਨੇ ਕੁਦਰਤ ਨਾਲ ਛੇੜਖਾਨੀ ਕਰਕੇ ਜਿੱਥੇ ਕੁਦਰਤ ਦਾ ਨੁਕਸਾਨ ਕੀਤਾ ਹੈ,ਉੱਥੇ ਹੀ ਆਪਣੀ ਬਰਬਾਦੀ ਵੀ ਕੀਤੀ ਹੈ।ਮਹਿੰਗਾ ਪੈ ਰਿਹਾ ਹੈ ਵਾਤਾਵਰਨ ਨਾਲ ਕੀਤਾ ਖਿਲਵਾੜ,ਇਸਨੂੰ ਸਮਝਣਾ ਅਤੇ ਗੰਭੀਰਤਾ ਨਾਲ ਲੈਣਾ ਬੇਹੱਦ ਜ਼ਰੂਰੀ ਹੈ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ
ਮੋਬਾਈਲ 9815030221 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁੱਧ ਦਾ ਪੈਕਟ…..(ਮਿੰਨੀ ਕਹਾਣੀ)
Next articleਕਾਰਜ ਸਾਧਕ ਅਫਸਰ ਅਤੇ ਡਾ ਬੀ ਆਰ ਅੰਬੇਡਕਰ ਦਲਿਤ ਸੈਨਾਂ ਪੰਜਾਬ ਦੇ ਆਗੂਆ ਵਿਚਕਾਰ ਹੋਈ ਮੀਟਿੰਗ