(ਸਮਾਜ ਵੀਕਲੀ)
ਓਏ ਇੱਜਤਾਂ ਅਪਣੀਆਂ ਰੋਲੀਆਂ ਨੇ
ਕੁਝ ਸੰਗਾਂ ਲਾਹਕੇ ਨਾਰੀਆਂ ਨੇ
ਗੁਲਾਮ ਗਰੀਬ ਬਣਾ ਲਿਆ
ਧੰਨ-ਦੌਲਤਾਂ ਦੇ ਪੁਜਾਰੀਆਂ ਨੇ
ਕੀ ਮਹਿਖਾਨੇ ਵਿੱਚ ਚਲਦਾ ਏ ਕਾਲ਼ਾ ਸੱਚ ਲਿਖਦੇ ਰਾਤਾਂ ਦਾ
ਇੱਕ ਹੋਰ ਕਿੱਸਾ ਬਿਆਨ ਕਰੀਂ ਤੂੰ ਅੱਜ ਦੇ ਯਾਰ ਹਲਾਤਾਂ ਦਾ
ਏਥੇ ਪੁੱਤ ਪਿਓ ਨੂੰ ਵੱਢ ਦਿੰਦਾ
ਤੇ ਮਾਂ ਧੀ ਦਾ ਗਲ਼ ਘੁੱਟ ਦੇਵੇ
ਹੁਣ ਭੈਣ ਭਰਾ ਦੀ ਬਣਦੀ ਨਾ
ਪੁੱਤ ਸਰਬਣ ਮਾਂ ਨੂੰ ਕੁੱਟ ਦੇਵੇ
ਜਦੋਂ ਹਾਕਮ ਜੁਮਲੇਬਾਜ ਹੋਵੇ, ਤਾਂ ਕੀ ਭਾਅ ਮਨ ਦੀਆਂ ਬਾਤਾਂ ਦਾ
ਇੱਕ ਹੋਰ ਕਿੱਸਾ ਬਿਆਨ ਕਰੀਂ ਤੂੰ ਅੱਜ ਦੇ ਯਾਰ ਹਲਾਤਾਂ ਦਾ
ਸੱਚ ਫਾਹੇ ਉੱਤੇ ਟੰਗਿਆ ਏ
ਝੂਠੇ ਦੀ ਜੈ ਜੈ ਕਾਰ ਹੋਈ
ਧੀ ਪੜ੍ਹਨ ਸਕੂਲੇ ਭੇਜੀ ਸੀ
ਪਰ ਆਸ਼ਿਕ ਨਾਲ਼ ਫਰਾਰ ਹੋਈ
ਬਈ ਕੋਟ ਚ ਵਿਆਹ ਕਰਵਾ ਲਿਆ ਛੱਡ ਖਹਿੜਾ ਕਲਮ ਦਵਾਤਾਂ ਦਾ
ਇੱਕ ਹੋਰ ਕਿੱਸਾ ਬਿਆਨ ਕਰੀਂ ਤੂੰ ਅੱਜ ਦੇ ਯਾਰ ਹਲਾਤਾਂ ਦਾ
ਲੈ ਪਿਆ ਭੁਲੇਖਾ ਚੌਧਰ ਦਾ
ਕੁਝ ਚੌਧਰੀਆਂ ਹੁਸ਼ਿਆਰਾਂ ਨੂੰ
ਕਦੋਂ ਬਦਲਣਗੇ ਜੀ ਸ਼ਾਟ ਹੋਈਆਂ
ਸੜ ਚੁੱਕੀਆਂ ਦਿਲ ਦੀਆਂ ਤਾਰਾਂ ਨੂੰ
ਖਿਆਲਾਂ ਦਾ ਬੱਦਲ ਘੋਰ ਰਿਹਾ ਸਿਰ ਉੱਤੇ ਜਾਤਾਂ ਪਾਤਾਂ ਦਾ
ਇੱਕ ਹੋਰ ਕਿੱਸਾ ਬਿਆਨ ਕਰੀਂ ਤੂੰ ਅੱਜ ਦੇ ਯਾਰ ਹਲਾਤਾਂ ਦਾ
ਉਂਝ ਮਤਲਬ ਦੇ ਸਭ ਰਿਸ਼ਤੇ ਨੇ
ਨਾ ਛੇੜ ਗੱਲ ਖੁਦਗਰਜਾਂ ਦੀ
ਕਿਉਂ ਪੀੜ ਰੜਕਦੀ ਰਹਿੰਦੀ ਏ
ਤੇਰੇ ਅੰਦਰ ਧੁੱਖਦੀਆਂ ਮਰਜਾਂ ਦੀ
ਸੁਖ ਨੀਵਾਂ ਹੋਕੇ ਮਾਣ ਸਕੇਂ ਤਾਂ ਮਾਣ ਲੈ ਫੇਰ ਸੁਗਾਤਾਂ ਦਾ
ਇੱਕ ਹੋਰ ਕਿੱਸਾ ਬਿਆਨ ਕਰੀਂ ਤੂੰ ਅੱਜ ਦੇ ਯਾਰ ਹਲਾਤਾਂ ਦਾ
ਗਿਆ ਬਦਲ ਜਮਾਨਾ ਧੰਨਿਆਂ ਓਏ
ਤੈਨੂੰ ਕਲਯੁਗ ਦਿਸਦਾ ਜੋਰਾਂ ਤੇ
ਤੂੰ ਸੱਚ ਦਾ ਹੋਕਾ ਲਾਈ ਜਾ
ਹਾਏ ਰੂਹ ਤੋਂ ਨੱਚਕੇ ਲੋਰਾਂ ਤੇ
ਓ ਨਾ ਅੰਦਾਜ਼ਾ ਲਾ ਸਕਦਾ ਮੁਰਸ਼ਦ ਦੀਆਂ ਬਖਸ਼ੀਆਂ ਦਾਤਾਂ ਦਾ
ਇੱਕ ਹੋਰ ਕਿੱਸਾ ਬਿਆਨ ਕਰੀਂ ਤੂੰ ਅੱਜ ਦੇ ਯਾਰ ਹਲਾਤਾਂ ਦਾ
ਧੰਨਾ ਧਾਲੀਵਾਲ਼:-
9878235714
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly