(ਸਮਾਜ ਵੀਕਲੀ)- ਜਸਵਿੰਦਰ ਤੇ ਹਰਜੀਤ ਦੋਵੇਂ ਪੱਕੀਆਂ ਸਹੇਲੀਆਂ ਸਨ ਤੇ ਦਸਵੀਂ ਜਮਾਤ ਵਿੱਚ ਪੜ੍ਹਦੀਆਂ ਸਨ। ਉਹ ਪਹਿਲੀ ਤੋਂ ਲੈ ਕੇ ਹੁਣ ਤੱਕ ਇੱਕੋ ਸੈਕਸ਼ਨ ਵਿੱਚ ਪੜ੍ਹਦੀਆਂ ਆ ਰਹੀਆਂ ਸਨ ।ਇੱਕ ਵਾਰ ਸਕੂਲ ਵਾਲਿਆਂ ਨੇ ਉਨ੍ਹਾਂ ਨੂੰ ਅੱਡ ਅੱਡ ਸੈਕਸ਼ਨਾਂ ਵਿੱਚ ਕਰ ਦਿੱਤਾ ਸੀ ਪਰ ਉਹਨਾਂ ਦੇ ਘਰਦਿਆਂ ਨੇ ਅਰਜ਼ੀ ਦੇ ਕੇ ਫਿਰ ਇੱਕੋ ਸੈਕਸ਼ਨ ਵਿੱਚ ਕਰਵਾ ਦਿੱਤਾ ਸੀ।ਉਨ੍ਹਾਂ ਦੇ ਘਰ ਦੀ ਕੰਧ ਵੀ ਸਾਂਝੀ ਸੀ। ਇਸ ਲਈ ਉਹ ਸਕੂਲ ਜਾਂਦੀਆਂ ਵੀ ਇਕੱਠੀਆਂ ਸਨ ਤੇ ਵਾਪਸ ਵੀ ਇਕੱਠੀਆਂ ਹੀ ਆਉਂਦੀਆਂ ਸਨ। ਉਹਨਾਂ ਦਾ ਸਕੂਲ ਵੀ ਘਰ ਤੋਂ ਬਹੁਤੀ ਦੂਰ ਨਹੀਂ ਸੀ ਇਸ ਲਈ ਉਹ ਪੈਦਲ ਹੀ ਜਾਂਦੀਆਂ ਤੇ ਆਉਂਦੀਆਂ ਸਨ।ਉਹ ਸ਼ਾਮ ਨੂੰ ਖੇਡਦੀਆਂ ਵੀ ਇਕੱਠੀਆਂ ਹੀ ਸਨ ਤੇ ਸਕੂਲ ਦਾ ਕੰਮ ਵੀ ਇਕੱਠੀਆਂ ਬੈਠ ਕੇ ਹੀ ਕਰਦੀਆਂ ਸਨ।
ਜਸਵਿੰਦਰ ਅਤੇ ਹਰਜੀਤ ਦਾ ਰਹਿਣ ਸਹਿਣ ਵੀ ਸਾਦਾ ਜਿਹਾ ਹੀ ਸੀ ।ਉਹ ਹੋਰਾਂ ਕੁੜੀਆਂ ਵਾਂਗ ਬਹੁਤੀ ਫੂੰ -ਫਾਂ ਵੀ ਨਹੀਂ ਕਰਦੀਆਂ ਸਨ ਤੇ ਨਾ ਹੀ ਉਹਨਾਂ ਨੇ ਕੋਈ ਬਹੁਤੀਆਂ ਸਹੇਲੀਆਂ ਬਣਾਈਆਂ ਹੋਈਆਂ ਸਨ। ਉਹਨਾਂ ਨੇ ਚੰਗੇ ਨੰਬਰਾਂ ਨਾਲ ਦਸਵੀਂ ਜਮਾਤ ਪਾਸ ਕਰ ਲਈ ਸੀ। ਉਹਨਾਂ ਦੇ ਮੁਹੱਲੇ ਦੀਆਂ ਬਾਕੀ ਕੁੜੀਆਂ ਨੂੰ ਤਾਂ ਦਸਵੀਂ ਪਾਸ ਕਰਾਕੇ ਉਹਨਾਂ ਦੇ ਮਾਪਿਆਂ ਨੇ ਪੜ੍ਹਨੋਂ ਹਟਾ ਲਿਆ ਸੀ। ਕੋਈ ਕਹਿੰਦਾ ਸੀ ਕਿ ਕੁੜੀਆਂ ਕਾਲਜ ਜਾ ਕੇ ਵਿਗੜ ਜਾਂਦੀਆਂ ਹਨ ਤੇ ਕਿਸੇ ਨੇ ਕਿਸੇ ਕੋਲ ਆਪਣੀ ਕੁੜੀ ਸਿਲਾਈ ਸਿੱਖਣ ਲਾ ਦਿੱਤੀ ਸੀ ਤੇ ਕੋਈ ਚੰਗਾ ਰਿਸ਼ਤਾ ਲੱਭ ਰਿਹਾ ਸੀ ਪਰ ਇਹ ਦੋਵੇਂ ਅੱਗੇ ਹੋਰ ਪੜ੍ਹਨਾ ਚਾਹੁੰਦੀਆਂ ਸਨ। ਕਾਲਜ ਘਰ ਤੋਂ ਬਹੁਤ ਦੂਰ ਸੀ। ਇਹਨਾਂ ਦੇ ਘਰਦਿਆਂ ਨੇ ਇਹਨਾਂ ਦੇ ਬਹੁਤ ਕਹਿਣ ਤੇ ਕਾਲਜ ਵਿੱਚ ਦਾਖਲਾ ਤਾਂ ਦਵਾ ਦਿੱਤਾ ਪਰ ਜਦ ਪਹਿਲੇ ਦਿਨ ਹੀ ਉਹ ਕਾਲਜ ਜਾਣ ਲੱਗੀਆਂ ਤਾਂ ਦੋਹਾਂ ਦੇ ਪਿਤਾ ਘਰ ਦੇ ਬਾਹਰ ਈ ਕੁਰਸੀਆਂ ਤੇ ਬੈਠੇ ਸਨ , ਕੁੜੀਆਂ ਨੂੰ ਕੋਲ਼ ਬੁਲਾ ਕੇ ਆਖਣ ਲੱਗੇ,”ਕੁੜੀਓ! ਕਾਲਜ ਪੜ੍ਹਨ ਸਿੱਧੀਆਂ ਜਾਣਾ ਤੇ ਪੜ੍ਹ ਕੇ ਸਿੱਧੀਆਂ ਵਾਪਸ ਆਉਣਾ….. ਜੇ ਤੁਹਾਡੀ ਕੋਈ ਥੋੜ੍ਹੀ ਜਿਹੀ ਵੀ ਊਚ ਨੀਚ ਵਾਲ਼ੀ ਗੱਲ ਸੁਣ ਲਈ….. ਤਾਂ ਤੁਹਾਨੂੰ ਉਸੇ ਵੇਲੇ ਘਰ ਬਿਠਾ ਲੈਣਾ…….।” ਦੋਵੇਂ ਜਾਣੀਆਂ ” ਠੀਕ ਹੈ ਡੈਡੀ ਜੀ…?” ਕਹਿ ਕੇ ਪੈਦਲ ਹੀ ਕਾਲਜ ਨੂੰ ਚਲੀਆਂ ਗਈਆਂ। ਸਵੇਰੇ ਸਾਢੇ ਸੱਤ ਵਜੇ ਘਰੋਂ ਜਾਣਾ ਤੇ ਦੁਪਹਿਰ ਨੂੰ ਦੋ ਵਜੇ ਘਰ ਵਾਪਸ ਆਉਣਾ ਹੁਣ ਉਹਨਾਂ ਦਾ ਨਿੱਤਨੇਮ ਸੀ।ਕਿਤੇ ਪੰਜ ਮਿੰਟ ਲੇਟ ਹੋ ਜਾਂਦੀਆਂ ਤਾਂ ਦੋਹਾਂ ਦੀਆਂ ਮਾਵਾਂ ਢਿੱਡ ਫ਼ੜੀ ਦਰਵਾਜ਼ੇ ਵਿੱਚ ਖੜੀਆਂ ਹੁੰਦੀਆਂ।
ਜਵਾਨ ਕੁੜੀਆਂ ਕਾਲਜ ਨੂੰ ਪੜ੍ਹਨ ਜਾਂਦੀਆਂ ਹੋਣ,ਤੇ ਮਨਚਲੇ ਉਹਨਾਂ ਨੂੰ ਪ੍ਰੇਸ਼ਾਨ ਨਾ ਕਰਨ,ਇਹ ਤਾਂ ਹੋ ਨਹੀਂ ਸਕਦਾ । ਉਹਨਾਂ ਦਿਨਾਂ ਵਿੱਚ ਟ੍ਰੈਫਿਕ ਵੀ ਬਹੁਤੀ ਨਹੀਂ ਹੁੰਦੀ ਸੀ। ਐਵੇਂ ਰਾਹ ਵਿੱਚ ਕੋਈ ਟਾਂਵਾਂ ਟਾਂਵਾਂ ਸਾਈਕਲ ਸਕੂਟਰ ਕੋਲ਼ ਦੀ ਲੰਘ ਜਾਂਦਾ ਸੀ । ਹਜੇ ਉਹਨਾਂ ਦੋਹਾਂ ਜਾਣੀਆਂ ਨੂੰ ਕਾਲਜ ਜਾਂਦੇ ਛੇ ਕੁ ਮਹੀਨੇ ਹੀ ਹੋਏ ਸਨ ਕਿ ਇੱਕ ਮਨਚਲਾ ਕੋਲੋਂ ਦੀ ਸਾਈਕਲ ਹੌਲ਼ੀ ਕਰਕੇ ਕੁਝ ਨਾ ਕੁਝ ਬੋਲ ਕੇ ਲੰਘ ਜਾਇਆ ਕਰੇ।ਉਹ ਦੋਵੇਂ ਜਾਣੀਆਂ ਨੇ ਕਾਫ਼ੀ ਜ਼ਿਆਦਾ ਘਬਰਾ ਜਾਣਾ ਤੇ ਕਾਲਜ ਜਾ ਕੇ ਵੀ ਸਹਿਮੀਆਂ ਰਹਿਣਾ। ਉਹ ਦੋਵੇਂ ਸੋਚਦੀਆਂ ਸਨ ਕਿ ਆਪੇ ਦੋ ਚਾਰ ਦਿਨ ਪਿੱਛਾ ਕਰਕੇ ਹਟ ਜਾਵੇਗਾ। ਉਹਨਾਂ ਨੇ ਉਸ ਮਨਚਲੇ ਦੀ ਸ਼ਕਲ ਵੀ ਕਦੇ ਨਹੀਂ ਦੇਖੀ ਸੀ ਕਿਉਂਕਿ ਪਿੱਛਿਓਂ ਹੀ ਸਾਈਕਲ ਤੇ ਆਉਂਦਾ ਸੀ ਤੇ ਇਹਨਾਂ ਕੋਲੋਂ ਸਾਈਕਲ ਹੌਲ਼ੀ ਕਰਕੇ ਕੁਝ ਨਾ ਕੁਝ ਬੋਲ ਕੇ ਅੱਗੇ ਲੰਘ ਜਾਂਦਾ ਸੀ। ਪੂਰਾ ਮਹੀਨਾ ਹੋ ਗਿਆ ਸੀ ਉਸ ਨੂੰ ਇਹਨਾਂ ਦੇ ਮਗਰ ਪਏ ਨੂੰ….ਉਹ ਨਾ ਤਾਂ ਘਰ ਦੱਸ ਸਕਦੀਆਂ ਸਨ ਤੇ ਨਾ ਹੀ ਉਸ ਦੇ ਰਾਹ ਵਿੱਚ ਹੀ ਛਿੱਤਰ ਪਰੇਡ ਕਰ ਸਕਦੀਆਂ ਸਨ ਕਿਉਂਕਿ ਦੋਵੇਂ ਤਰ੍ਹਾਂ ਨਾਲ ਉਹਨਾਂ ਨੂੰ ਬਦਨਾਮੀ ਹੋਣ ਦੇ ਨਾਲ ਨਾਲ ਘਰਦਿਆਂ ਦੀ ਸਖ਼ਤ ਤਾੜਨਾ ਯਾਦ ਆ ਜਾਂਦੀ। ਉਹ ਸੋਚਦੀਆਂ ਸਨ ਕਿ ਜੇ ਉਨ੍ਹਾਂ ਨੇ ਘਰ ਦੱਸਿਆ ਤਾਂ ਘਰਦਿਆਂ ਨੇ ਉਹਨਾਂ ਨੂੰ ਪੜ੍ਹਨੋਂ ਹਟਾ ਲੈਣਾ ਸੀ।ਇਸ ਤਰ੍ਹਾਂ ਇੱਕ ਤਾਂ ਉਹਨਾਂ ਦੀ ਪੜ੍ਹਾਈ ਛੁੱਟ ਜਾਂਦੀ ਤੇ ਦੂਜਾ ਮੁਹੱਲੇ ਦੀਆਂ ਹੋਰਾਂ ਕੁੜੀਆਂ ਵਿੱਚ ਹੋਰ ਬੇਜ਼ਤੀ ਹੋਣ ਦਾ ਡਰ ਸੀ ਜਿਹੜੀਆਂ ਅਗਾਂਹ ਪੜ੍ਹਨ ਨਹੀਂ ਲੱਗੀਆਂ ਸਨ।
ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦ ਉਹ ਮਨਚਲਾ ਉਹਨਾਂ ਦੇ ਮੁਹੱਲੇ ਦਾ ਨਾਂ ਲੈ ਕੇ ਦੋਹਾਂ ਨੂੰ ਸਤਿ ਸ੍ਰੀ ਆਕਾਲ ਬੋਲ ਕੇ ਲੰਘਿਆ। ਦੋਵੇਂ ਜਾਣੀਆਂ ਉਸ ਦੇ ਮੂੰਹੋਂ ਆਪਣੇ ਮੁਹੱਲੇ ਦਾ ਨਾਂ ਸੁਣ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਸੁੰਨ ਜਿਹੀਆਂ ਹੋ ਗਈਆਂ। ਕਾਲਜ ਵੀ ਉਹਨਾਂ ਦੋਹਾਂ ਨੇ ਕੋਈ ਪੀਰੀਅਡ ਨਾ ਲਾਇਆ। ਦੋਵੇਂ ਜਾਣੀਆਂ ਉਸ ਦਾ ਹੱਲ ਸੋਚਦੀਆਂ ਰਹੀਆਂ। ਆਖ਼ਰ ਉਹਨਾਂ ਦੋਹਾਂ ਨੇ ਆਪਣੇ ਸਮੇਂ ਵਿੱਚ ਤਬਦੀਲੀ ਕਰ ਲਈ।ਉਹ ਘਰੋਂ ਪੰਦਰਾਂ ਮਿੰਟ ਪਹਿਲਾਂ ਜਾਣ ਲੱਗੀਆਂ। ਕਦੇ ਕਦੇ ਉਹ ਰਸਤਾ ਬਦਲ ਕੇ ਜਾਂਦੀਆਂ… ਉਹਨਾਂ ਨੂੰ ਉਹ ਮਨਚਲਾ ਕਦੇ ਨਾ ਮਿਲਿਆ। ਉਹ ਦੋਵੇਂ ਬਹੁਤ ਖੁਸ਼ ਸਨ। ਉਹਨਾਂ ਨੂੰ ਆਪਣੀ ਸਮੱਸਿਆ ਆਪ ਹੱਲ ਕਰਕੇ ਇੰਝ ਲੱਗਦਾ ਸੀ ਜਿਵੇਂ ਉਹਨਾਂ ਨੇ ਸਾਰੀਆਂ ਕੁੜੀਆਂ ਦੀ ਮਾਨਸਿਕਤਾ ਅੰਦਰਲੀ ਹਾਰ ਉੱਤੇ ਜਿੱਤ ਹਾਸਲ ਕਰ ਲਈ ਹੋਵੇ।ਉਸ ਤੋਂ ਬਾਅਦ ਉਹ ਇਹੋ ਜਿਹੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਨੂੰ ਆਪਣੇ ਆਪ ਨਜਿੱਠਣ ਲੱਗੀਆਂ ਤੇ ਆਪਣੀ ਪੜ੍ਹਾਈ ਪੂਰੀ ਕਰ ਕੇ ਉੱਚੇ ਅਹੁਦਿਆਂ ਤੇ ਲੱਗ ਗਈਆਂ ਤੇ ਉਹ ਬਹੁਤ ਦਲੇਰ ਸ਼ਖ਼ਸੀਅਤ ਬਣ ਕੇ ਸਮਾਜ ਵਿੱਚ ਉੱਭਰੀਆਂ।
ਸੋ ਬੱਚੀਓ! ਇਹ ਜਿਹੜੀਆਂ ਕੁੜੀਆਂ ਦੀ ਕਹਾਣੀ ਮੈਂ ਤੁਹਾਨੂੰ ਸੁਣਾਈ ਹੈ,ਉਹ ਕੋਈ ਹੋਰ ਨਹੀਂ…. ਇਹ ਮੇਰੀ ਅਤੇ ਮੇਰੀ ਸਹੇਲੀ ਦੀ ਆਪ ਬੀਤੀ ਹੈ। ਤੁਸੀਂ ਵੀ ਜ਼ਿੰਦਗੀ ਵਿੱਚ ਡਰ ਕੇ ਕਦੇ ਹਾਰ ਨਹੀਂ ਮੰਨਣੀ ਸਗੋਂ ਹੱਲ ਲੱਭਣਾ ਸਿੱਖਣਾ ਹੈ ਤਾਂ ਜੋ ਤੁਸੀਂ ਵੀ ਸਾਡੇ ਦੇਸ਼ ਦੀਆਂ ਬਹਾਦਰ ਬੱਚੀਆਂ ਬਣੋਂ….. (ਲੜਕੀਆਂ ਦੇ ਸਕੂਲ ਵਿੱਚ ਜਸਵਿੰਦਰ ਪ੍ਰੇਰਨਾਦਾਇਕ ਭਾਸ਼ਨ ਦੇ ਕੇ ਹਟੀ ਤਾਂ ਤਾੜੀਆਂ ਨਾਲ ਹਾਲ ਗੂੰਜ ਰਿਹਾ ਸੀ) ਉਸ ਨੂੰ ਤਾੜੀਆਂ ਵਿੱਚੋਂ ਧੀਆਂ ਦੀ ਜਿੱਤ ਦੀ ਗੂੰਜ ਸੁਣਾਈ ਦੇ ਰਹੀ ਸੀ ਤੇ ਉਸ ਨੂੰ ਲੱਗ ਰਿਹਾ ਸੀ ਕਿ ਹੁਣ ਉਸ ਦੇ ਦੇਸ਼ ਦੀ ਕੋਈ ਵੀ ਧੀ ਕਦੇ ਡਰ ਕੇ ਆਪਣੀ ਪੜ੍ਹਾਈ ਅਧੂਰੀ ਨਹੀਂ ਛੱਡੇਗੀ ਕਿਉਂਕਿ ਕਿਸੇ ਵੀ ਸਮੱਸਿਆ ਦਾ ਹੱਲ ਆਪਣੇ ਢੰਗ ਤਰੀਕੇ ਨਾਲ ਲੱਭ ਲੈਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly