ਮਿੰਨੀ ਕਹਾਣੀ ਨਿਰਾਸ਼ ਨਾ ਹੋਵੋ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)-ਇੱਕ ਆਦਮੀ ਸੀ। ਉਹ ਮੁਸ਼ਕਿਲ ਨਾਲ ਦਸਵੀਂ ਪਾਸ ਹੋਵੇਗਾ। ਉਹ ਬਹੁਤ ਗਰੀਬ ਸੀ ਅਤੇ ਕੋਈ ਵੀ ਕੰਮ ਕਰਨ ਨੂੰ ਤਿਆਰ ਸੀ। ਉਹ ਇੱਕ ਕੰਪਨੀ ਵਿੱਚ ਗਿਆ ਅਤੇ ਉਸ ਦੇ ਸਭ ਤੋਂ ਵੱਡੇ ਅਫਸਰ ਨੂੰ ਬੇਨਤੀ ਕੀਤੀ ਕਿ ਉਸਨੂੰ ਕਿਸੇ ਵੀ ਕੰਮ ਤੇ ਰੱਖ ਲਿਆ ਜਾਵੇ। ਉਸ ਅਫਸਰ ਨੇ ਉਸਨੂੰ ਕਿਹਾ,,, ਜੇਕਰ ਤੂੰ ਇਸ ਫਰਸ਼ ਨੂੰ ਮੇਰੀ ਤਸੱਲੀ ਮੁਤਾਬਕ ਸਾਫ਼ ਕਰ ਦੇਵੇਂ ਤਾਂ ਮੈਂ ਤੈਨੂੰ ਇਸ ਕੰਪਨੀ ਵਿਚ ਨੌਕਰ ਰੱਖ ਲਵਾਂਗਾ। ਉਸ ਨੇ ਅਫਸਰ ਦੇ ਕਹਿਣ ਦੇ ਮੁਤਾਬਿਕ ਫ਼ਰਸ਼ ਇੰਨਾ ਸਾਫ ਕਰ ਦਿੱਤਾ ਕਿ ਉਹ ਖੁਸ਼ ਹੋ ਗਿਆ ਅਤੇ ਕਿਹਾ,,, ਜਾ, ਤੈਨੂੰ ਇਸ ਕੰਪਨੀ ਵਿੱਚ ਚਪੜਾਸੀ ਦੀਨੌਕਰੀ ਤੇ  ਰੱਖ ਲਿਆ ਗਿਆ ਹੈ।

ਲੇਕਿਨ ਪਹਿਲਾਂ ਤੈਨੂੰ ਆਪਣੀ ਈਮੇਲ ਆਈਡੀ ਦੱਸਣੀ ਪਏਗੀ। ਉਸ ਆਦਮੀ ਨੇ ਕਿਹਾ,,, ਮੈਂ ਇੱਕ ਗਰੀਬ ਆਦਮੀ ਹਾਂ। ਮੈਂ ਮੋਬਾਇਲ ਨਹੀਂ ਖਰੀਦ ਸਕਦਾ। ਇਸ ਲਈ ਮੇਰੀ ਕੋਈ ਈਮੇਲ   ਆਈਡੀ ਨਹੀਂ ਹੈ। ਇਸ ਤੇ ਉਸ ਅਫ਼ਸਰ ਨੇ ਕਿਹਾ,,, ਸਾਡੀ ਇਹ ਬਹੁਤ ਵੱਡੀ ਕੰਪਨੀ ਹੈ। ਅਸੀਂ ਕਿਸੇ ਬੰਦੇ ਨੂੰ ਈਮੇਲ ਆਈਡੀ ਤੋਂ ਬਿਨਾਂ ਨਹੀਂ ਰੱਖ ਸਕਦੇ। ਇਸ ਲਈ ਮੈਨੂੰ ਅਫ਼ਸੋਸ ਹੈ ਕਿ ਮੈਂ ਤੈਨੂੰ ਇੱਥੇ ਨੌਕਰ ਨਹੀਂ ਰੱਖ ਸਕਾਂਗਾ। ਉਹ ਆਦਮੀ ਦਫ਼ਤਰ ਤੋਂ ਬਾਹਰ ਆਇਆ। ਉਸ ਦੀ ਜੇਬ ਵਿੱਚ 5 ਸੋ ਰੁਪਏ ਸਨ। ਉਸ ਦੇ ਦਿਮਾਗ ਵਿੱਚ ਇੱਕ ਫੁਰਨਾ ਫੁਰਿਆ।। ਉਸ ਨੇ 500 ਰੁਪਏ ਦੇ ਪਿਆਜ਼ ਖਰੀਦ ਲਏ ਜਿਹੜੇ ਕਿ ਦੋ ਘੰਟਿਆਂ ਵਿੱਚ ਵਿੱਕ ਗਏ। ਉਸ ਨੇ ਸਾਰੇ ਪੈਸਿਆਂ ਦੇ ਦੁਬਾਰਾ ਪਿਆਜ਼ ਖਰੀਦ ਲਏ ਅਤੇ ਉਹ ਵੀ ਲਗਭਗ ਦੋ ਘੰਟਿਆਂ ਵਿੱਚ ਵਿਕ ਗਏ। ਹੁਣ ਉਸ ਨੇ ਸਾਰੇ ਪੈਸਿਆਂ ਤੇ ਤੀਜੀ ਵਾਰ ਪਿਆਜ਼ ਖਰੀਦੇ ਅਤੇ ਉਹ ਵੀ ਹਨੇਰਾ ਹੋਣ ਤੋਂ ਪਹਿਲੇ ਪਹਿਲੇ ਵਿਕ ਗਏ। ਸ਼ਾਮ ਨੂੰ ਜਦੋਂ ਉਸ ਨੇ ਹਿਸਾਬ ਕਿਤਾਬ ਕੀਤਾ ਤਾਂ ਹੁਣ ਉਸ ਕੋਲ ਕੁੱਲ ਮਿਲਾ ਕੇ 12 ਸੌ ਰੁਪਏ ਹੋ ਗਏ ਸਨ। ਉਹ ਬਹੁਤ ਖੁਸ਼ ਹੋਇਆ।। ਉਹ ਇਹ ਕੰਮ ਕਈ ਦਿਨ ਕਰਦਾ ਰਿਹਾ ਅਤੇ ਉਸ ਕੋਲ ਬਹੁਤ ਸਾਰੇ ਪੈਸੇ ਹੋ ਗਏ। ਹੁਣ ਉਸ ਨੇ ਸਬਜ਼ੀ ਦੀ ਇਕ ਰੇਹੜੀ ਲਗਾ ਲਈ ਅਤੇ ਮੁਹੱਲਿਆਂ ਵਿੱਚ ਜਾ ਕੇ ਸਬਜ਼ੀ ਵੇਚਣ ਲੱਗਿਆ। ਅਜਿਹਾ ਕਰਨ ਨਾਲ ਉਸ ਕੋਲ ਹੋਰ ਵੀ ਜ਼ਿਆਦਾ ਪੈਸੇ ਹੋ ਗਏ। ਹੁਣ ਉਸਨੇ ਸਬਜ਼ੀ ਮੰਡੀ ਵਿਚ ਥੋਕ ਵਪਾਰੀ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਉਸ ਕੋਲ ਏਨੇ ਪੈਸੇ ਹੋ ਗਏ ਕਿ ਉਸ ਨੇ ਆਪਣਾ ਇਕ ਘਰ ਵੀ ਬਣਾ ਲਿਆ ਅਤੇ ਪਿੰਡੋਂ ਆਪਣੇ ਪਰਿਵਾਰ ਦੇ ਬੰਦਿਆਂ ਨੂੰ ਵੀ ਬੁਲਾ ਲਿਆ। ਉਸਨੇ ਆਪਣੇ ਕੰਮ ਵਿੱਚ ਵਾਧਾ ਦੇਖਦੇ ਹੋਏ ਕਈ ਨੌਕਰ ਵੀ ਰੱਖ ਲਏ। ਉਸਦੀ ਇੱਕ ਵੱਡੇ ਸਬਜ਼ੀ ਵਿਕਰੇਤਾ ਦੇ ਤੌਰ ਤੇ ਮਸ਼ਹੂਰੀ ਚਾਰੋਂ ਤਰਫ਼ ਫੈਲ ਗਈ। ਇੱਕ ਦਿਨ ਉਸਨੇ ਕਿਸੇ  ਬੀਮਾ ਕੰਪਨੀ ਤੋਂ ਕਿਸੇ ਏਜੰਟ ਨੂੰ ਬੀਮਾ ਕਰਵਾਉਣ ਵਾਸਤੇ ਬੁਲਵਾਇਆ। ਜਦੋਂ ਏਜੰਟ ਬੀਮੇ ਦਾ ਫਾਰਮ ਭਰ ਰਿਹਾ ਸੀ ਤਾਂ ਉਸ ਨੇ ਉਸ ਸਬਜੀ ਦੇ ਵਪਾਰੀ ਨੂੰ ਉਸ ਦਾ ਈਮੇਲ ਆਈਡੀ ਪੁੱਛਿਆ। ਇਸ ਤੇ ਉਸਨੇ ਜਵਾਬ ਦਿੱਤਾ ਕਿ ਉਸ ਦਾ ਕੋਈ ਵੀ ਈਮੇਲ ਆਈਡੀ ਨਹੀਂ ਹੈ। ਇਸ ਤੇ ਏਜੰਟ ਨੇ ਕਿਹਾ,,, ਤੁਸੀਂ ਅਮੀਰ ਹੋਣ ਦਾ ਇੱਕ ਬਹੁਤ ਵੱਡਾ ਚਾਂਸ ਗੁਆ ਦਿੱਤਾ ਹੈ। ਜੇ ਤੁਹਾਡੇ ਕੋਲ ਈ ਮੇਲ ਆਈ ਡੀ ਹੁੰਦਾ ਤਾਂ ਤੁਸੀਂ ਬਹੁਤ ਅਮੀਰ ਆਦਮੀ ਬਣ ਸਕਦੇ ਸੀ। ਹੁਣ ਤੁਸੀਂ ਕੁਝ ਵੀ ਨਹੀਂ ਬਣ ਸਕਦੇ। ਇਸ ਤੇ ਉਸ ਸਬਜ਼ੀ ਦੇ ਵਪਾਰੀ ਨੇ ਜਵਾਬ ਦਿੱਤਾ।,,,, ਜੇਕਰ ਮੇਰੇ ਕੋਲ  ਈਮੇਲ ਆਈਡੀ ਹੁੰਦਾ ਤਾਂ ਮੈਂ ਅੱਜ ਵੀ ਉਸ ਕੰਪਨੀ ਵਿਚ ਚਪੜਾਸੀ ਦਾ ਕੰਮ ਕਰ ਰਿਹਾ ਹੁੰਦਾ। ਇਹ  ਮੇਰੀ ਈਮੇਲ ਆਈਡੀ ਨਾ ਹੋਣ ਦਾ ਹੀ ਨਤੀਜਾ ਹੈ ਕਿ ਮੇਰਾ ਨਾਂ ਮਸ਼ਹੂਰ ਵੱਡੇ ਸਬਜ਼ੀ ਦੇ ਥੋਕ ਵਪਾਰੀਆਂ ਵਿੱਚ ਗਿਣਿਆ ਜਾਂਦਾ ਹੈ ਅਤੇ ਮੈਂ ਕਈ ਬੰਦਿਆਂ ਨੂੰ ਰੁਜ਼ਗਾਰ ਵੀ ਦੇ ਰਿਹਾ ਹਾਂ। ਇਹ ਸੁਣ ਕੇ ਬੀਮਾ ਕੰਪਨੀਆਂ ਦਾ ਏਜੰਟ ਕਮਰੇ ਤੋਂ ਬਾਹਰ ਚਲਾ ਗਿਆ।
ਜੇਕਰ ਕਿਸੇ ਕਾਰਨ ਨਾਲ ਸਾਡਾ ਉਦੇਸ਼ ਪੂਰਾ ਨਾ ਹੋਵੇ ਤਾਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਪਰਮਾਤਮਾ ਹਮੇਸ਼ਾ ਇਨਸਾਫ ਕਰਦਾ ਹੈ। ਜੇ ਕਿਸਮਤ ਦਾ ਇੱਕ ਦਰਵਾਜਾ ਬੰਦ ਹੋ ਜਾਵੇ ਤਾਂ ਉਹ ਦਸ ਦਰਵਾਜ਼ੇ ਹੋਰ ਖੋਲ ਦਿੰਦਾ  ਹੈ। ਸਾਨੂੰ ਰੱਬ ਦੀ ਰਹਿਮਤ ਅਤੇ ਆਪਣੀ ਮਿਹਨਤ ਤੇ ਵਿਸ਼ਵਾਸ਼ ਰੱਖਣਾ ਚਾਹੀਦਾ ਹੈ। ਇਮਾਨਦਾਰੀ ਨਾਲ ਸੋਚ ਸਮਝ ਕੇ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ ਪਰਮਾਤਮਾ ਉਸਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ  ਖੁਦ ਕਰਦੇ ਹਨ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ —124001(ਹਰਿਆਣਾ ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next article  ਏਹੁ ਹਮਾਰਾ ਜੀਵਣਾ ਹੈ -345