ਵਿਦਿਆਰਥੀਆਂ ਨੂੰ ਜੀਵਨ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੇ ਸੰਕਲਪ ਲਾਗੂ ਕਰਨੇ ਚਾਹੀਦੇ ਹਨ _ ਜਤਿੰਦਰਪਾਲ ਸਿੰਘ 

16ਵੀਂ ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ’  ਤਹਿਤ 4 ਲੱਖ 20 ਹਜ਼ਾਰ ਰੁਪਏ ਦੇ ਵਜ਼ੀਫ਼ੇ ਤਕਸੀਮ
ਫ਼ਰੀਦਕੋਟ/ਭਲੂਰ 23 ਜੁਲਾਈ (ਬੇਅੰਤ ਗਿੱਲ ਭਲੂਰ ) ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ ਵੱਲੋਂ ‘ਸਰਬੱਤ ਦਾ ਭਲਾ-ਵਿਦਿਆਰਥੀ ਭਲਾਈ ਯੋਜਨਾ ਤਹਿਤ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਉਪਰੰਤ ਚੁਣੇ ਗਏ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫ਼ਾ ਵੰਡਣ ਲਈ ਸਮਾਗਮ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਤੋਂ ਜਤਿੰਦਰਪਾਲ ਸਿੰਘ ਅਤੇ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਲ ਵੱਲੋਂ ਨਰਿੰਦਰ ਸਿੰਘ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਨੇ ਕਿਹਾ ਕਿ ਕਾਮਯਾਬ ਹੋਣ ਲਈ 3 ਆਦਤਾਂ ਹਰੇਕ ਵਿਦਿਆਰਥੀ ਨੂੰ ਆਪਣੇ ਜੀਵਨ ’ਚ ਲਾਗੂ ਕਰਨੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲਾਂ ਸਖ਼ਤ ਮਿਹਨਤ, ਆਪਣੀ ਪੜਾਈ ਤੋਂ ਇਲਾਵਾ ਵਾਧੂ ਪੜ੍ਹਨਾ ਅਤੇ ਅਜੋਕੇ ਦੌਰ ਦੀ ਟੈਕਨਾਲੋਜੀ ਦੀ ਪੜ੍ਹਾਈ ਲਈ ਸੁਯੋਗ ਵਰਤੋਂ ਕਰਨੀ। ਉਨ੍ਹਾਂ ਕਿਹਾ ਕਿ ਦ੍ਰਿੜਤਾ ਨਾਲ ਕੀਤੀ ਪੜ੍ਹਾਈ ਹਰ ਇਨਸਾਨ ਨੂੰ ਨਿਰਧਾਰਿਤ ਮੰਜ਼ਿਲ ਤੱਕ ਪੁੱਜਦਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਖਾਨ ਐਕਡਮੀ, ਐਮ.ਆਈ.ਟੀ.ਦੋ ਪ੍ਰੋਫ਼ੈਸਰਾਂ ਦੇ ਲੈਕਚਰਾਂ ਦਾ ਫ਼ਾਇਦਾ ਘਰ ਬੈਠੇ ਹੀ ਲੈਣਾ ਚਾਹੀਦਾ ਹੈ। ਇਸ ਮੌਕੇ ਲੁਧਿਆਣਾ ਤੋਂ ਪਹੁੰਚੇ ਜਤਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਦਿ੍ਰੜ ਵਿਸ਼ਵਾਸ਼, ਗੁਰਬਾਣੀ ਅਨੁਸਾਰ ਜੀਵਨ ਜਿਉਣ ਅਤੇ ਵੰਡ ਛਕਣ ਦੇ ਸੰਕਲਪ ਦੀਆਂ ਉਦਾਹਰਣਾਂ ਦਿੰਦਿਆਂ ਇਨ੍ਹਾਂ ਨੂੰ ਜੀਵਨ ’ਚ ਲਾਗੂ ਕਰਨ ਵਾਸਤੇ ਪ੍ਰੇਰਿਤ ਕੀਤਾ।
ਇਸ ਮੌਕੇ ਨਰਿੰਦਰ ਸਿੰਘ ਨੇ ਨਿਸ਼ਕਾਮ ਸੇਵਾ ਸੰਸਥਾ ਵੱਲੋ ਚਲਾਈਆਂ ਜਾ ਰਹੀਆਂ ਵਜ਼ੀਫ਼ਾ ਸਕੀਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਡਾ.ਗੁਰਪ੍ਰੀਤ ਸਿੰਘ ਸਰਬੱਤ ਦਾ ਭਲਾ-ਵਿਦਿਆਰਥੀ ਭਲਾਈ ਯੋਜਨਾ ਦੇ ਕੋਆਰਡੀਨੇਟਰ ਨੇ ਦੱਸਿਆ ਕਿ ਇਹ ਯੋਜਨਾ 2008 ਤੋਂ ਸ਼ੁਰੂ ਹੋਈ। ਉਨ੍ਹਾਂ ਇਸ ਯੋਜਨਾ ਦੇ 16 ਸਾਲ ਦੇ ਸਫ਼ਰ ਦੀ ਕਾਮਯਾਬ ਕਹਾਣੀ ਨੂੰ ਸੰਖੇਪ ਸ਼ਬਦਾਂ ’ਚ ਬਿਆਨ ਕੀਤਾ। ਇਸ ਮੌਕੇ ਮਨਿੰਦਰ ਕੌਰ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਕੋਟਕਪੂਰਾ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਬਾਇਓਗ੍ਰਾਫ਼ੀ ਪੇਸ਼ ਕਰਦਿਆਂ, ਪਹੁੰਚੇ ਹੋਏ ਵਿਦਿਆਰਥੀਆਂ, ਮਹਿਮਾਨਾਂ, ਅਧਿਆਪਕਾਂ ਅਤੇ ਮਾਪਿਆਂ ਦਾ ਸੁਆਗਤ ਕੀਤਾ। ਇਸ ਮੌਕੇ ਡਾ.ਗੁਰਸੇਵਕ ਸਿੰਘ, ਸਵਰਨਜੀਤ ਸਿੰਘ ਗਿੱਲ, ਪ੍ਰਤਾਪ ਸਿੰਘ ਅਤੇ ਹਰਵਿੰਦਰ ਸਿੰਘ ਵੱਲੋਂ ਵਿਦਿਆਰਥੀ ਜੀਵਨ ਨੂੰ ਸਫ਼ਲ ਬਣਾਉਣ ਲਈ ਅਹਿਮ ਨੁਕਤੇ ਦੱਸੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ 210 ਵਿਦਿਆਰਥੀਆ ਨੂੰ 2000 ਰੁਪਏ ਪ੍ਰਤੀ ਵਿਦਿਆਰਥੀ ਵਜ਼ੀਫ਼ਾ ਦੇ ਚੈੱਕ ਭੇਟ ਕੀਤੇ। ਇਸ ਮੌਕੇ ਨਵਨੀਤ ਸਿੰਘ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਇਸ ਪ੍ਰੋਗਰਾਮ ਦੀ ਕਾਮਯਾਬੀ ਵਾਸਤੇ ਕੇਅਰ ਵੰਨ-ਕੇਅਰ ਆਲ ਆਸਟ੍ਰੇਲੀਆ ਤੋਂ ਪਵਨ ਸ਼ਰਮਾ, ਖੇਤਰ ਸਕੱਤਰ ਕੁਲਦੀਪ ਸਿੰਘ, ਡਾ.ਕਰਨਜੀਤ ਸਿੰਘ ਗਿੱਲ, ਅਵੀਨਿੰਦਰਪਾਲ ਸਿੰਘ, ਚਰਨਜੀਤ ਸਿੰਘ, ਸਰਵਣ ਸਿੰਘ, ਹਰਦੀਪ ਸਿੰਘ, ਬੀਰ ਸਿੰਘ ਅਤੇ ਸਿਮਰਨਜੀਤ ਕੌਰ ਨੇ ਅਹਿਮ ਭੂਮਿਕਾ ਅਦਾ ਕੀਤੀ। ਅੰਤ ’ਚ ਸਭ ਨੂੰ ਰਿਫ਼ਰੈਸ਼ਮੈਂਟ ਵੀ ਦਿੱਤੀ ਗਈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜੁਗਨੂੰ ਵਰਗੀ ਖੁਸ਼ੀ ( ਮਿੰਨੀ ਕਹਾਣੀ) 
Next articleਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਨਸ਼ਿਆਂ ਦੇ  ਖ਼ਿਲਾਫ਼ ਕੱਢੀ ਗਈ ਮੋਟਰ-ਸਾਇਕਲ ਰੈਲੀ