ਵਕ਼ਤ, ਭਰੋਸਾ ਤੇ ਇੱਜ਼ਤ

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)-ਹਰ ਬੰਦਾ ਇਸ ਸੰਸਾਰ ਵਿੱਚ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਉਂਦਾ ਹੈ। ਹਰ ਬੰਦੇ ਦਾ ਆਪਣਾ ਨਜ਼ਰੀਆ ਵੱਖ ਤਰ੍ਹਾਂ ਦਾ ਹੁੰਦਾ ਹੈ। ਕੁਦਰਤ ਨੇ ਸੋਹਣੀ ਕਾਇਨਾਤ ਦੀ ਸਿਰਜਨਾ ਕੀਤੀ ਹੈ। ਵਕ਼ਤ ਬਹੁਤ ਬਲਵਾਨ ਹੁੰਦਾ ਹੈ । ਸਿਆਣੇ ਅਕਸਰ ਕਹਿੰਦੇ ਹਨ ਕਿ ਜੋ ਇਨਸਾਨ ਸਮੇਂ ਦੀ ਕਦਰ ਨਹੀਂ ਕਰਦਾ, ਸਮਾਂ ਉਸ ਨੂੰ ਬਰਬਾਦ ਕਰ ਦਿੰਦਾ ਹੈ। ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਬੱਚੇ ਨੂੰ ਮਾਂ ਬਾਪ ਸਮਝਾਉਂਦੇ ਹਨ ਕਿ ਤੂੰ ਹਰ ਕੰਮ ਸਮੇਂ ਤੇ ਕਰਨਾ ਹੈ। ਸਮੇਂ ਦੇ ਮੁਤਾਬਿਕ ਜੇ ਤੂੰ ਕੰਮ ਕਰੇਗਾ ਤਾਂ ਜ਼ਿੰਦਗੀ ਵਿੱਚ ਸਫ਼ਲਤਾ ਜ਼ਰੂਰ ਹਾਸਿਲ ਕਰੇਗਾ। ਸਾਡੇ ਸਾਹਮਣੇ ਕਈ ਅਜਿਹੀਆਂ ਉਦਾਹਰਨਾਂ ਆਮ ਮਿਲ ਜਾਂਦੀਆਂ ਹਨ, ਜੋ ਇਨਸਾਨ ਸਮੇਂ ਦੀ ਕਦਰ ਨਹੀਂ ਕਰਦਾ ਫ਼ਿਰ ਬਾਅਦ ਵਿੱਚ ਉਹ ਪਛਤਾਉਂਦੇ ਹਨ। ਹਰ ਦਿਨ ਸਾਨੂੰ ਕੁੱਝ ਨਾ ਕੁੱਝ ਸੇਧ ਦੇਣ ਵਾਲਾ ਹੁੰਦਾ ਹੈ। ਬੀਤਿਆ ਹੋਇਆ ਸਮਾਂ ਚਾਹੇ ਚੰਗਾ ਸੀ ,ਜਾਂ ਮਾੜਾ ਉਸ ਤੋਂ ਸਾਨੂੰ ਜ਼ਰੂਰ ਸਬਕ ਲੈਣਾ ਚਾਹੀਦਾ ਹੈ।

ਕਈ ਵਾਰ ਜਿੰਦਗੀ ਵਿੱਚ ਉਤਾਰ ਚੜ੍ਹਾਅ ਆਉਂਦੇ ਹਨ। ਜੇ ਕਦੇ ਮਾੜਾ ਸਮਾਂ ਆ ਵੀ ਗਿਆ ਤਾਂ ਉਸ ਨੂੰ ਵਰਤਮਾਨ ‘ਚ ਕਦੇ ਵੀ ਯਾਦ ਨਹੀਂ ਕਰਨਾ ਚਾਹੀਦਾ। ਵਰਤਮਾਨ ‘ਚ ਯਾਦ ਕਰਕੇ ਅਸੀਂ ਆਪਣਾ ਚੱਲ ਰਿਹਾ ਸਮਾਂ ਵੀ ਖ਼ਰਾਬ ਕਰ ਲੈਂਦੇ ਹਾਂ। ਮਹਾਨ ਵਿਅਕਤੀਆਂ ਮੁਤਾਬਕ ਸਾਨੂੰ ਸਿਰਫ਼ ਵਰਤਮਾਨ ਬਾਰੇ ਹੀ ਵਿਚਾਰ ਕਰਨਾ ਚਾਹੀਦਾ ਹੈ। ਤੇ ਤੈਅ ਟੀਚੇ ਲਈ ਰਣਨੀਤੀ ਉਲੀਕਣੀ ਚਾਹੀਦੀ ਹੈ। ਭਵਿੱਖ ਵਿੱਚ ਸਾਨੂੰ ਅੱਗੇ ਵੱਧਣ ਦੇ ਨਵੇਂ-ਨਵੇਂ ਰਸਤੇ ਮਿਲਦੇ  ਰਹਿੰਦੇ ਹਨ। ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ। ਸਾਨੂੰ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ। ਜਿੰਦਗੀ ਵਿੱਚ ਆਲਸ ਕਰਨ ਵਾਲਾ ਵਿਅਕਤੀ ਕਦੇ ਵੀ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦਾ। ਪੰਜਾਬੀ ਦੀ ਇਕ ਪ੍ਰਸਿੱਧ ਕਹਾਵਤ ਵੀ ਹੈ ,”ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ। ਭਾਵ ਯੋਗ ਸਮਾਂ ਬੀਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ। ਖਾਣ ਪੀਣ, ਸੌਣ, ਜਾਗਣ ,ਖੇਡਣ ,ਪੜ੍ਹਾਈ ਲਿਖਾਈ ਤੇ ਹੋਰ ਵੀ ਨਿੱਜੀ ਕੰਮਾਂ ਲਈ ਇੱਕ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਕਿਤੇ ਵੀ ਕੋਈ ਸਰਕਾਰੀ ਦਫਤਰ ਇੰਟਰਵਿਊ ਜਾਂ ਹੋਰ ਵੀ ਕੋਈ ਕੰਮ ਲਈ ਜੇ ਅਸੀਂ ਬਾਹਰ ਜਾਂਦੇ ਹਾਂ ਤਾਂ ਸਮੇਂ ਸਿਰ ਜਾਈਏ ,ਸਮੇਂ ਸਿਰ ਘਰ ਵਾਪਿਸ ਆਈਏ। ਕਿਸੇ ਦੇ ਲੜਾਈ ਝਗੜੇ ਵਿੱਚ ਪੈ ਕੇ ਕਦੇ ਵੀ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਸਾਨੂੰ ਜ਼ਿੰਦਗੀ ਵਿੱਚ ਸਮੇਂ ਮੁਤਾਬਿਕ ਚਲਣਾ ਚਾਹੀਦਾ ਹੈ। ਤੇ ਚੰਗੇ ਕੰਮਾਂ ਲਈ ਸਮੇਂ ਦਾ ਪੂਰਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਅਕਸਰ ਸਿਆਣੇ ਵੀ ਕਹਿੰਦੇ ਹਨ ਕਿ ਜੇ ਸਮਾਂ ਗੁਜ਼ਰ ਜਾਣ ਤੋਂ ਬਾਅਦ ਕਦਰ ਕੀਤੀ ਜਾਵੇ ਤਾਂ ਉਹ ਕਦਰ ਨਹੀਂ ਅਫ਼ਸੋਸ  ਕਹਾਉਂਦਾ ਹੈ। ਜੇ ਕਦੇ ਅਤੀਤ ਵਿੱਚ ਗ਼ਲਤੀ ਹੋ ਚੁੱਕੀ ਹੈ ਤਾਂ ਉਸ ਤੋਂ ਸਬਕ ਲਵੋ। ਵਰਤਮਾਨ ‘ਚ ਉਹ ਗਲਤੀ ਨਾ ਦੁਹਰਾਓ। ਹਮੇਸ਼ਾਂ ਹਾਂ ਪੱਕੀ ਸੋਚ ਰੱਖੋ। ਸਮੇਂ ਦੀ ਸੁਚੱਜੀ ਵਰਤੋਂ ਕਰਕੇ ਹੀ ਅਸੀਂ ਮੰਜ਼ਿਲ ਸਰ ਕਰ ਸਕਦੇ ਹਾਂ।

ਭਰੋਸਾ ਭਾਵ ਜਿਸ ਨੂੰ ਅਸੀਂ ਵਿਸ਼ਵਾਸ ਸ਼ਬਦ ਨਾਲ ਵੀ ਜਾਣਦੇ ਹਾਂ। ਬਿਨਾ ਕਿਸੇ ਤੇ ਵਿਸ਼ਵਾਸ ਕੀਤੇ ਅੱਗੇ ਨਹੀਂ ਵਧੀਆ ਜਾ ਸਕਦਾ। ਪਰ ਅੱਜ ਦੇ ਜ਼ਮਾਨੇ ਵਿੱਚ “ਭਰੋਸਾ” ਸ਼ਬਦ ਹੋਲੀ ਹੋਲੀ ਆਪਣੀ ਸਾਰਥਿਕਤਾ ਖ਼ਤਮ ਕਰਦਾ ਜਾ ਰਿਹਾ ਹੈ। ਚਾਹੇ ਅੱਜ ਦੀ ਜ਼ਮਾਨੇ ਵਿੱਚ ਬਹੁਤ ਸਾਰੇ ਕੰਮ ਦੂਜਿਆਂ ਤੇ ਵਿਸ਼ਵਾਸ ਕਰਕੇ ਹੀ ਚੱਲ ਰਹੇ ਹਨ, ਪਰ ਲੋਕਾਂ ਵਿੱਚ ਝੂਠ, ਫਰੇਬ, ਠੱਗੀ  ਕਈ ਲੋਕਾਂ ਦੀ ਫ਼ਿਤਰਤ ਬਣ ਚੁੱਕੀ ਹੈ। ਜਦੋਂ ਵੋਟਾਂ ਦਾ ਸੀਜ਼ਨ ਹੁੰਦਾ ਹੈ ਤਾਂ ਸਿਆਸੀ ਲੋਕ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਦੇ ਹਨ। ਲੋਕਾਂ ਨਾਲ ਝੂਠ ਬੋਲ ਕੇ ਉਹਨਾਂ  ਨੂੰ ਵਿਸ਼ਵਾਸ਼ ਵਿੱਚ ਲੈ ਲੈਂਦੇ ਹਨ। ਜਦੋਂ ਲੋਕਾਂ ਦੇ ਕਹੇ ਮੁਤਾਬਿਕ ਸਿਆਸੀ ਲੀਡਰ ਕੰਮ ਨਹੀਂ ਕਰਦੇ ਤਾਂ ਉਨ੍ਹਾਂ ਦੇ ਅਕਸ਼ ਨੂੰ ਢਾਹ ਲੱਗਦੀ ਹੈ। ਅੱਜ ਦੇ ਜ਼ਮਾਨੇ ਵਿੱਚ ਤਾਂ ਘਰ ਵਿੱਚ ਹੀ ਕਈ ਪਰਿਵਾਰਿਕ ਮੈਂਬਰ, ਜਾਂ ਬਿਜਨਸ ਵਿੱਚ ਕੋਈ ਮੈਂਬਰ ਆਪਣੇ ਹੀ ਕਰੀਬੀ ਦੋਸਤ ਨਾਲ ਧੋਖਾ ਕਰ ਦਿੰਦੇ ਹਨ। ਅੱਜ ਦੇ ਅਜਿਹੇ ਕਲਯੁਗ ਵਿੱਚ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੋ ਚੁੱਕਿਆ ਹੈ। ਅਕਸਰ ਸੋਸ਼ਲ ਮੀਡੀਆ ਤੇ ਵੀ ਝੂਠ ਤੂਫ਼ਾਨ ਬੋਲ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਲੋਕਾਂ ਦਾ ਵਿਸ਼ਵਾਸ ਜਿਹਾ ਉਠ ਚੁੱਕਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਨਕਲੀ ਆਈਡੀ ਬਣਾ ਕੇ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਹਨ। ਜਿਸ ਇਨਸਾਨ ਉੱਤੇ ਅਸੀਂ ਭਰੋਸਾ ਕਰਦੇ ਹਾਂ ਉਸ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ। ਜਦੋਂ ਅਜਿਹਾ ਇਨਸਾਨ ਸਾਡਾ ਵਿਸ਼ਵਾਸ ਤੋੜਦਾ ਹੈ ਤਾਂ ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ। ਜਿਸ ਇਨਸਾਨ ਤੇ ਵਿਸ਼ਵਾਸ ਕਰ ਰਹੇ ਹੋ ਤਾਂ ਚੰਗੀ ਤਰ੍ਹਾਂ  ਕਰੋ। ਉਸ ਇਨਸਾਨ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹ ਇਨਸਾਨ ਮੇਰੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਹੈ । ਜੋ ਇਨਸਾਨ ਸਾਡੇ ਨਾਲ ਇੱਕ ਵਾਰ ਧੋਖਾ ਕਰ ਜਾਂਦਾ ਹੈ ਉਸ ਉੱਤੇ ਵਿਸ਼ਵਾਸ ਬਿਲਕੁਲ ਵੀ ਨਾ ਕਰੋ। ਵੈਸੇ ਵੀ ਅੱਜ ਦੇ ਜ਼ਮਾਨੇ ਵਿੱਚ ਤਾਂ ਵਿਸ਼ਵਾਸ ਕਰਨ ਲਾਇਕ ਕੋਈ ਰਿਹਾ ਵੀ ਨਹੀਂ ਹੈ। ਦੋਸਤੀ ਵਿਸ਼ਵਾਸ ਤੇ ਚੱਲਦੀ ਹੈ।
ਇੱਜ਼ਤ ਸਾਰਿਆਂ ਦੀ ਕਰੋ, ਚਾਹੇ ਕੋਈ ਛੋਟਾ ਹੈ ਜਾਂ ਵੱਡਾ ਹੈ। ਅਮੀਰ ਹੈ ਜਾਂ ਗਰੀਬ ਹੈ। ਕਦੇ ਵੀ ਕਿਸੇ ਨੂੰ ਉੱਚਾ ਬੋਲ ਨਾ ਬੋਲੀਏ। ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਸਾਨੂੰ ਪੈਸੇ ਦਾ ਇਨਾਂ ਘੁਮੰਡ ਹੁੰਦਾ ਹੈ, ਸਾਹਮਣੇ ਵਾਲੇ ਨੂੰ ਪਤਾ ਨਹੀਂ ਕਿੰਨਾ ਕੁ ਮੰਦੇ ਸ਼ਬਦ ਬੋਲ ਦਿੰਦੇ ਹਨ। ਅਕਸਰ ਦਫਤਰਾਂ ਵਿੱਚ ਦੇਖਿਆ ਜਾਂਦਾ ਹੈ ਕਿ ਵੱਡਾ ਅਧਿਕਾਰੀ, ਆਪਣੇ  ਥੱਲੇ ਵਾਲਿਆਂ ਨੂੰ ਮੰਦੀ ਭਾਸ਼ਾ ਬੋਲਦਾ ਹੈ। ਫਿਰ ਅਜਿਹੇ ਅਧਿਕਾਰੀ ਦੀ ਕੋਈ ਵੀ ਇੱਜ਼ਤ ਨਹੀਂ ਕਰਦਾ। ਗੁੱਸੇ ਵਿੱਚ ਆ ਕੇ ਪਤਾ ਨਹੀਂ ਕੀ ਕੁੱਝ ਬੋਲ ਦਿੱਤਾ ਜਾਂਦਾ ਹੈ ।ਇਸੇ ਤਰ੍ਹਾਂ ਪਰਿਵਾਰਾਂ ਵਿੱਚ ਛੋਟਿਆਂ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮਾਂ ਪਿਓ ਦੀ ਇੱਜ਼ਤ ਕਰਨੀ ਚਾਹੀਦੀ ਹੈ। ਵੱਡਿਆਂ ਨੂੰ ਵੀ ਛੋਟਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ। ਜੇ ਅਸੀਂ ਕਿਸੇ ਤੋਂ ਉਮੀਦ ਰੱਖਦੇ ਹਨ ਕਿ ਉਹ ਬੰਦਾ ਸਾਡੀ ਇੱਜ਼ਤ ਕਰੇ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਸ ਬੰਦੇ ਨੂੰ ਬਰਾਬਰ ਦਾ ਆਦਰ ਮਾਣ ਸਤਿਕਾਰ ਦੇਈਏ। ਅਕਸਰ ਕਿਹਾ ਵੀ ਜਾਂਦਾ ਹੈ ਕਿ ਵਕ਼ਤ ,ਭਰੋਸਾ ਤੇ ਇੱਜ਼ਤ ਜੇ ਇਕ ਵਾਰ ਹੱਥ ਤੋਂ ਨਿਕਲ ਜਾਂਦੇ ਹਾਂ ਤਾਂ ਦੁਬਾਰਾ ਕਮਾਣੀ ਬਹੁਤ ਮੁਸ਼ਕਿਲ ਹੁੰਦੇ ਹਨ। ਸਮਾਂ ਰਹਿੰਦਿਆ ਤਿੰਨਾਂ ਦੀ ਕਦਰ ਕਰਨੀ ਚਾਹੀਦੀ ਹੈ। ਤਾਂ ਹੀ ਅਸੀਂ ਜਿੰਦਗੀ ਖੁਸ਼ਹਾਲ ਢੰਗ ਨਾਲ ਬਸਰ ਕਰ ਸਕਦੇ ਹਨ।
ਸੰਜੀਵ ਸਿੰਘ ਸੈਣੀ,
ਮੋਹਾਲੀ ,7888966168
Previous article, ਮਰੀ ਮਾਂ ਨੂੰ ਧੀ ਦਾ ਖ਼ਤ ,,
Next articleਸ. ਹਰਦੀਪ ਸਿੰਘ ਐਡਵੋਕੇਟ ਦੇ ਪਿਤਾ ਸ. ਜਰਨੈਲ ਸਿੰਘ ਔਜ਼ਲਾ ਦਾ ਸਦੀਵੀਂ ਵਿਛੋੜਾ