(ਸਮਾਜ ਵੀਕਲੀ)
ਕਿਸੇ ਦੇ ਹੋਣ ਤੋਂ ਪਹਿਲਾਂ ਕਿਸੇ ਦੇ ਬਣਨ ਤੋਂ ਪਹਿਲਾਂ,
ਬੜਾ ਕੁਝ ਦੇਖਣਾ ਪੈੰਦਾ, ਬੜਾ ਕੁਝ ਸੋਚਣਾ ਪੈਂਦਾ।
ਮੁਹੱਬਤ ਵਿਚ ਸਦਾ ਲਈ ਯਾਰ ਦਾ ਹੱਥ ਫੜਨ ਤੋਂ ਪਹਿਲਾਂ,
ਬੜਾ ਕੁਝ ਦੇਖਣਾ ਪੈੰਦਾ, ਬੜਾ ਕੁਝ ਸੋਚਣਾ ਪੈਂਦਾ।
ਜ਼ਮਾਨਾ ਦੂਜਿਆਂ ਤੇ ਉਂਗਲਾਂ ਅਕਸਰ ਉਠਾਉਂਦਾ ਹੈ.
ਹਮੇਸ਼ਾ ਦੂਜਿਆਂ ਦੇ ਘਰ ਇਹ ਅੱਗਾਂ ਹੀ ਲਗਾਉਂਦਾ ਹੈ.
ਜ਼ਮਾਨੇ ਦੀ ਲਗਾਈ ਅੱਗ ਦੇ ਵਿੱਚ ਸੜਨ ਤੋਂ ਪਹਿਲਾਂ,
ਬੜਾ ਕੁਝ ਦੇਖਣਾ ਪੈੰਦਾ, ਬੜਾ ਕੁਝ ਸੋਚਣਾ ਪੈਂਦਾ।
ਇਹੀ ਮਜ਼ਲੂਮ ਤੇ ਜਾਬਰ ਹਮੇਸ਼ਾ ਜ਼ੁਲਮ ਕਰਦੇ ਨੇ.
ਤੇ ਮਾਹਤੜ ਚੁੱਪ ਚੁਪੀਤੇ ਜ਼ਾਲਿਮਾਂ ਦਾ ਜ਼ੁਲਮ ਜਰਦੇ ਨੇ.
ਭਲੇ ਬੰਦੇ ਨੂੰ ਹੱਕਾਂ ਦੀ ਲੜਾਈ ਲੜਨ ਤੋਂ ਪਹਿਲਾਂ,
ਬੜਾ ਕੁਝ ਦੇਖਣਾ ਪੈੰਦਾ, ਬੜਾ ਕੁਝ ਸੋਚਣਾ ਪੈਂਦਾ।
ਅਜੇ ਵੀ ਧਰਮ ਦੇ ਨਾਂ ਤੇ ਇਹ ਲੋਕਾਂ ਨੂੰ ਲੜਾਉੰਦੇ ਨੇ.
ਤੇ ਅੰਨ੍ਹੀ ਆਸਥਾ ਦਾ ਲਾਭ ਇਹ ਅਕਸਰ ਉਠਾਉਂਦੇ ਨੇ.
ਸਿਆਸੀ ਬੰਦਿਆਂ ਦੇ ਸਾਹ ‘ਚ ਸਾਹ ਹੁਣ ਭਰਨ ਤੋਂ ਪਹਿਲਾਂ,
ਬੜਾ ਕੁਝ ਦੇਖਣਾ ਪੈੰਦਾ, ਬੜਾ ਕੁਝ ਸੋਚਣਾ ਪੈਂਦਾ।
ਇਹ ਦਿਲ ਦਾ ਚੈਨ ਲੁੱਟ ਲੈਂਦੀ, ਸਵੇਰੇ-ਸ਼ਾਮ ਤੜਪਾਵੇ.
ਮੁਹੱਬਤ ਖੇਡ ਹੈ ਐਸੀ ਹਰਿਕ ਨੂੰ ਰਾਸ ਨਾ ਆਵੇ.
ਮੁਹੱਬਤ ਦੇ ਸਮੁੰਦਰ ਵਿਚ, ਹੈ ਅੱਜ ਕੱਲ੍ਹ ਤਰਨ ਤੋਂ ਪਹਿਲਾਂ,
ਬੜਾ ਕੁਝ ਦੇਖਣਾ ਪੈੰਦਾ, ਬੜਾ ਕੁਝ ਸੋਚਣਾ ਪੈਂਦਾ।
ਲਤੀਫ਼ੇਬਾਜ਼ ਹਾਕਮ ਹੈ ਲਤੀਫ਼ੇ ਹੀ ਸੁਣਾਉਂਦਾ ਹੈ.
ਬਿਨਾ ਹੀ ਤੇਲ ਤੋਂ ਅਕਸਰ ਬੁਝੇ ਦੀਵੇ ਜਗਾਉਂਦਾ ਹੈ.
ਲਤੀਫ਼ੇਬਾਜ਼ ਬੰਦੇ ਤੇ ਭਰੋਸਾ ਕਰਨ ਤੋਂ ਪਹਿਲਾਂ,
ਬੜਾ ਕੁਝ ਦੇਖਣਾ ਪੈੰਦਾ, ਬੜਾ ਕੁਝ ਸੋਚਣਾ ਪੈਂਦਾ ।
ਸ਼ਿਕਾਰੀ ਪਿੰਜਰੇ ਵਿਚ ਹੀ ਜਦੋਂ ਚੋਗੇ ਚੁਗਾਉੰਦਾ ਹੈ.
ਪਰਿੰਦਾ ਭੁੱਲ ਕੇ ਉੱਡਣਾ ਗ਼ੁਲਾਮੀ ਖ਼ੁਦ ਥਿਆਉੰਦਾ ਹੈ.
ਇਨ੍ਹੀਂ ਹਾਲੀਂ ਪਰਿੰਦੇ ਨੂੰ ਉਡਾਰੀ ਭਰਨ ਤੋਂ ਪਹਿਲਾਂ,
ਬੜਾ ਕੁਝ ਦੇਖਣਾ ਪੈੰਦਾ, ਬੜਾ ਕੁਝ ਸੋਚਣਾ ਪੈਂਦਾ।
ਵਤਨ ਛੱਡਣਾ ਪਿਆ ਸਾਨੂੰ, ਉਦੋਂ ਹਾਲਾਤ ਐਸੇ ਸੀ.
ਬਣੇ ਹਮਸਾਏ ਹੀ ਦੁਸ਼ਮਣ, ਉਦੋਂ ਦਿਨ-ਰਾਤ ਐਸੇ ਸੀ.
ਉਵੇਂ ਘਰਬਾਰ ਛੱਡ ਦੇਣਾ, ਤੇ ਹਿਜਰਤ ਕਰਨ ਤੋਂ ਪਹਿਲਾਂ,
ਬੜਾ ਕੁਝ ਦੇਖਣਾ ਪੈੰਦਾ, ਬੜਾ ਕੁਝ ਸੋਚਣਾ ਪੈਂਦਾ।
ਹਿਫਾਜ਼ਤ ਬੇਬਸਾਂ ਦੀ ਇਹ ਸਦਾ ਸਿਰਦਾਰ ਕਰਦੇ ਸੀ.
ਬਿਗਾਨੇ ਕੁਨਬਿਆਂ ਖ਼ਾਤਿਰ, ਤਲੀ ਤੇ ਜਾਨ ਧਰਦੇ ਸੀ.
ਉਹੀ ਕਹਿੰਦੇ ਨੇ ਰਾਣੇ ਜ਼ਿੰਦ ਤਲੀ ਤੇ ਧਰਨ ਤੋਂ ਪਹਿਲਾਂ,
ਬੜਾ ਕੁਝ ਦੇਖਣਾ ਪੈੰਦਾ, ਬੜਾ ਕੁਝ ਸੋਚਣਾ ਪੈਂਦਾ ।
ਜਗਦੀਸ਼ ਰਾਣਾ
ਸੋਫ਼ੀ ਪਿੰਡ, ਜਲੰਧਰ ਛਾਉਣੀ -24
09872630635
08872630635
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly