ਸੁਲਤਾਨਪੁਰ ਲੋਧੀ ਦੇ ਮੌਜੂਦਾ ਵਿਧਾਇਕ ਰਾਣਾ ਇੰਦਰ ਸਿੰਘ ‘ਤੇ ਪਰਚਾ ਦਰਜ
ਕਪੂਰਥਲਾ / ਸੁਲਤਾਨਪੁਰ ਲੋਧੀ 15 ਜੁਲਾਈ (ਕੌੜਾ )— ਬੀਤੀ ਰਾਤ ਹਲਕਾ ਸੁਲਤਾਨਪੁਰ ਲੋਧੀ ਦੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਵੱਖ-ਵੱਖ ਪਿੰਡਾਂ ਦੇ ਵਰਕਰਾਂ ਤੇ ਵਸਨੀਕਾਂ ਦੀ ਮਦਦ ਨਾਲ ਪਿੰਡ ਭਰੋਆਣਾ ਨੇੜੇ ਬਣੇ ਧੁੱਸੀ ਬੰਨ੍ਹ ਨੂੰ ਜੇਸੀਬੀ ਮਸ਼ੀਨ ਨਾਲ ਤੋੜ ਦਿੱਤਾ।ਧੁੱਸੀ ਬੰਨ੍ਹ ਨੂੰ ਤੋੜਨਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਮਹਿੰਗਾ ਪਿਆ। ਜਦੋਂ ਥਾਣਾ ਕਬੀਰਪੁਰ ਦੀ ਪੁਲਿਸ ਨੇ ਐਕਸੀਅਨ ਡਰੇਨੇਜ ਵਿਭਾਗ ਦੀ ਸ਼ਿਕਾਇਤ ’ਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਅਤੇ ਉਨ੍ਹਾਂ ਦੇ 100 ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਵਿਧਾਇਕ ਅਤੇ ਉਸ ਦੇ 100 ਅਣਪਛਾਤੇ ਸਾਥੀਆਂ ਖ਼ਿਲਾਫ਼ ਧਾਰਾ 277, 426, 430 ਆਈਪੀਸੀ, 70 ਕੈਨਲ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਦਸ ਦਈਏ ਕਿ ਵਿਧਾਇਕ ਨੇ ਦਾਅਵਾ ਕੀਤਾ ਸੀ ਕਿ ਬੰਨ੍ਹ ਨੂੰ ਤੋੜਨ ਤੋਂ ਪਹਿਲਾਂ ਉਨ੍ਹਾਂ ਨੇ ਡਰੇਨੇਜ ਵਿਭਾਗ ਅਤੇ ਸਥਾਨਕ ਪੁਲਿਸ ਨੂੰ ਸਲਾਹ ਦਿੱਤੀ ਸੀ ਕਿ ਵਿਭਾਗ ਖੁਦ ਬੰਨ੍ਹ ਨੂੰ ਤੋੜੇ ਪਰ ਅਜਿਹਾ ਨਾ ਹੋਣ ਦੀ ਸੂਰਤ ‘ਚ ਉਨ੍ਹਾਂ ਨੇ ਪਿੰਡ ਵਾਸੀਆਂ ਅਤੇ ਮਜ਼ਦੂਰਾਂ ਨੂੰ ਨਾਲ ਲੈ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਸੀ।
ਵਿਧਾਇਕ ਨੇ ਕਿਹਾ ਕਿ ਇਲਾਕੇ ਵਿੱਚ ਹੜ੍ਹਾਂ ਦੇ ਪਾਣੀ ਨਾਲ ਮੇਰਾ ਹਲਕਾ ਡੁੱਬ ਰਿਹਾ ਹੈ। ਪਰ ਪ੍ਰਸ਼ਾਸਨ ਬੇਖ਼ਬਰ ਇਧਰ-ਉਧਰ ਘੁੰਮ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਆਪਣੇ ਵੱਡੀ ਗਿਣਤੀ ਵਰਕਰਾਂ ਤੇ ਪਿੰਡ ਵਾਸੀਆਂ ਨਾਲ ਬੀਤੀ ਦੇਰ ਰਾਤ ਪਿੰਡ ਭੜੋਆਣਾ ਨੇੜੇ ਧੁੱਸੀ ਬੰਨ੍ਹ ਦਾ ਕੁਝ ਹਿੱਸਾ ਜੇਸੀਬੀ ਮਸ਼ੀਨ ਨਾਲ ਪਾੜ ਦਿੱਤਾ।
ਵਿਧਾਇਕ ਨੇ ਕਿਹਾ ਸੀ ਕਿ ਬੰਨ੍ਹ ਟੁੱਟਣ ਨਾਲ ਹੜ੍ਹ ਦਾ ਪਾਣੀ ਮੁੜ ਦਰਿਆ ਵਿੱਚ ਚਲਾ ਜਾਵੇਗਾ, ਜੋ ਅੱਗੇ ਜਾ ਕੇ ਹਰੀਕੇ ਹੈੱਡ ਵਰਕਸ ਨਾਲ ਜੁੜ ਜਾਵੇਗਾ।
ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੇ ਲੋਕ ਪਾਣੀ ਵਿੱਚ ਘਿਰੇ ਹੋਏ ਹਨ, ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਡੇ ਹਲਕੇ ਦੇ 25 ਪਿੰਡ ਪਿਛਲੇ ਚਾਰ ਦਿਨਾਂ ਤੋਂ ਪ੍ਰਭਾਵਿਤ ਹਨ, ਉਨ੍ਹਾਂ ਦੇ ਘਰ ਪਾਣੀ ਵਿੱਚ ਡੁੱਬੇ ਹੋਏ ਹਨ। ਜਿਸ ‘ਤੇ ਮੈਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਇਹ ਕਦਮ ਚੁੱਕਣ ਲਈ ਮਜਬੂਰ ਹੋ ਗਿਆ ਹਾਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly