ਜਲੰਧਰ (ਸਮਾਜ ਵੀਕਲੀ): ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਟਰੱਸਟ ਦੇ ਬੋਰਡ ਆਫ ਟਰੱਸਟੀਜ਼ ਦੀ ਮੀਟਿੰਗ ਅੰਬੇਡਕਰ ਭਵਨ ਵਿਖੇ ਅੱਜ ਟਰੱਸਟ ਦੇ ਚੇਅਰਮੈਨ ਸੋਹਨ ਲਾਲ ਸਾਬਕਾ ਡੀ.ਪੀ.ਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਹੋਈ। ਭਾਰਦਵਾਜ ਨੇ ਦੱਸਿਆ ਕਿ ਟਰੱਸਟ ਨੇ ਮਤਾ ਪਾਸ ਕਰਕੇ ਕਿਹਾ ਹੈ ਕਿ ਅਸੀਂ ਅੰਬੇਡਕਰ ਭਵਨ ਟਰੱਸਟ ਦੇ ਸਮੂਹ ਟਰੱਸਟੀ ਅੰਬੇਡਕਰ ਭਵਨ ਦੇ ਸੰਸਥਾਪਕ ਟਰੱਸਟੀ, ਬਾਬਾ ਸਾਹਿਬ ਡਾ. ਅੰਬੇਡਕਰ ਦੇ ਸੀਨੀਅਰ ਸਾਥੀ, ਰਿਪਬਲਿਕਨ ਪਾਰਟੀ ਆਫ਼ ਇੰਡੀਆ ਅਤੇ ਬੁੱਧਿਸਟ ਸੁਸਾਇਟੀ ਆਫ਼ ਇੰਡੀਆ ਦੇ ਜਨਰਲ ਸਕੱਤਰ, ਭੀਮ ਪੱਤਰਿਕਾ ਦੇ ਸੰਸਥਾਪਕ ਐਡੀਟਰ ਅਤੇ ਅੰਬੇਡਕਰ ਭਵਨ ਦੇ ਮੁਢਲੇ ਉਸਰਈਏ, ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਦੇ ਬਾਨੀ, ਮਹਾਨ ਚਿੰਤਕ, ਸਿਰਮੌਰ ਲੇਖਕ, ਪ੍ਰਭਾਵਸ਼ਾਲੀ ਤੇ ਬੇਖੌਫ ਵਕਤਾ, ਬੇਮਿਸਾਲ ਆਗੂ, ਪੱਕੇ ਬੁੱਧਿਸਟ, ਬੁੱਧਾਜ਼ ਲਾਈਟ ਇੰਟਰਨੈਸ਼ਨਲ ਐਸੋਸੀਏਸ਼ਨ (BLIA) ਉੱਤਰੀ ਭਾਰਤ ਦੇ ਪ੍ਰਧਾਨ ਸ਼੍ਰੀ ਲਾਹੌਰੀ ਰਾਮ ਬਾਲੀ ਜੀ ਦੇ ਅਚਨਚੇਤੀ ਪ੍ਰੀਨਿਰਵਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ।
ਅੰਬੇਡਕਰ ਭਵਨ ਜਲੰਧਰ ਬਾਬਾ ਸਾਹਿਬ ਅੰਬੇਡਕਰ ਜੀ ਦੀ 1951 ਦੀ ਇਤਿਹਾਸਕ ਪੰਜਾਬ ਯਾਤਰਾ ਦੀ ਯਾਦ ਦੁਆਉਂਦਾ ਹੈ। ਸ਼੍ਰੀ ਬਾਲੀ ਸਾਹਿਬ ਦੇ ਸਦੀਵੀ ਵਿਛੋੜੇ ਨਾਲ ਅੰਬੇਡਕਰ ਭਵਨ ਦੇ ਨਾਲ, ਅੰਬੇਡਕਰੀ ਲਹਿਰ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਬਾਲੀ ਜੀ ਦੇ ਤੁਰ ਜਾਣ ਨਾਲ ਅੰਬੇਡਕਰ ਭਵਨ ਤਾਂ ਯਤੀਮ ਹੀ ਹੋ ਗਿਆ ਹੈ। ਸਤਿਕਾਰ ਯੋਗ ਬਾਲੀ ਸਾਹਿਬ ਨੇ 1948 ਵਿਚ ਬਾਬਾ ਸਾਹਿਬ ਦੇ ਸੰਪਰਕ ਵਿਚ ਆਉਣ ਉਪਰੰਤ ਆਪਣੀ ਸੰਘਰਸ਼ ਭਰੀ ਜਿੰਦਗੀ ਦੇ ਪੂਰੇ 75 ਸਾਲ ਦੇਸ਼ ਵਿਦੇਸ਼ ਵਿਚ ਪੂਰੀ ਲਗਨ ਤੇ ਸਮਰਪਣ ਭਾਵਨਾ ਨਾਲ ਅੰਬੇਡਕਰੀ ਵਿਚਾਰਧਾਰਾ ਦੇ ਪਰਸਾਰ ਤੇ ਪ੍ਰਚਾਰ ਹਿਤ ਲਾਏ। ਬਾਲੀ ਸਾਹਿਬ ਦੇ ਬੇਸ਼ੁਮਾਰ ਸ਼ੁਭਚਿੰਤਕਾਂ ਤੇ ਸਾਥੀਆਂ ਵਾਂਗ ਉਨ੍ਹਾਂ ਦਾ ਸਮੁਚਾ ਪਰਿਵਾਰ ਵੀ ਆਚਰਣਸ਼ੀਲ ਬੁਧਿਸਟ ਹੈ ਅਤੇ ਪੂਰੀ ਤਰ੍ਹਾਂ ਬਾਬਾ ਸਾਹਿਬ ਦੀ ਵਿਚਾਰਧਾਰਾ ਪ੍ਰਤੀ ਸਮਰਪਿਤ ਹੈ। ਅੰਬੇਡਕਰ ਭਵਨ ਟਰੱਸਟ ਉਨ੍ਹਾਂ ਨੂੰ ਸ਼ਰਧਾ ਦੇ ਫੁਲ ਅਰਪਿਤ ਕਰਦਾ ਹੋਇਆ ਇਸ ਵਚਨ ਬਧੱਤਾ ਨੂੰ ਦੁਹਰਾਉਂਦਾ ਹੈ ਕਿ ਬਾਬਾ ਸਾਹਿਬ ਦੀ ਲਹਿਰ ਨੂੰ ਅੱਗੇ ਲਿਜਾਣ ਲਈ ਹਮੇਸ਼ਾ ਕਾਰਜਸ਼ੀਲ ਰਹੇਗਾ। ਅੰਬੇਡਕਰ ਭਵਨ ਟਰੱਸਟ (ਰਜਿ.) ਵੱਲੋਂ ਅਜਿਹੇ ਮਹਾਨ ਕਰਮਯੋਗੀ ਸ਼੍ਰੀ ਲਾਹੌਰੀ ਰਾਮ ਬਾਲੀ ਜੀ ਦੀ ਯਾਦ ਵਿਚ ਇੱਕ ਢੁਕਵਾਂ ਮੈਮੋਰੀਅਲ ਸਥਾਪਤ ਕੀਤਾ ਜਾਵੇਗਾ। ਇਸ ਮੌਕੇ ਸੋਹਨ ਲਾਲ ਤੋਂ ਇਲਾਵਾ ਡਾ: ਸੁਰਿੰਦਰ ਅਜਨਾਤ, ਡਾ: ਜੀ ਸੀ ਕੌਲ, ਡਾ: ਰਾਮ ਲਾਲ ਜੱਸੀ, ਡਾ: ਰਾਹੁਲ ਕੁਮਾਰ, ਬਲਦੇਵ ਰਾਜ ਭਾਰਦਵਾਜ, ਹਰਮੇਸ਼ ਜੱਸਲ, ਸੀ ਡੀ ਸੰਧੂ ਅਤੇ ਨਿਰਮਲ ਬਿੰਜੀ ਹਾਜ਼ਰ ਸਨ।
ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ