(ਸਮਾਜ ਵੀਕਲੀ)-ਸੱਚਮੁੱਚ ਹੀ ਬੰਦਾ ਕਈ ਵਾਰ ਆਪਣੀ ਹਊਮੈਂ ਨੂੰ ਪੱਠੇ ਪਾਉਂਦਿਆਂ,ਕਈ ਸਾਲਾਂ ਦੀ ਕੀਤੀ ਕਤਾਈ ਮਿਹਨਤ ‘ਤੇ ਪਾਣੀ ਪਾ ਦਿੰਦਾ ਹੈ।
ਇਹ ਪਤਾ ਹੋਣ ਦੇ ਬਾਵਜੂਦ ਕਿ “ਕਮਾਨ ਚੋਂ ਇੱਕ ਵਾਰ ਨਿਕਲਿਆ ਤੀਰ, ਵਾਪਸ ਨਹੀਂ ਆਉਂਦਾ।”
ਦੁਨੀਆਂ ਰੰਗ ਰੰਗੀਲੀ ਹੈ ਬੇਸ਼ੱਕ !
ਸਭ ਨੂੰ ਪਤਾ ਹੈ,ਜ਼ਿਆਦਾ ਗੂੜ੍ਹੇ ਰੰਗ,ਕਈ ਵਾਰ ਗਰਮੀ ਨੂੰ ਆਪਣੇ ਵੱਲ ਖਿੱਚ੍ਹ ਲੈਂਦੇ ਹਨ ਜਿਸ ਦੀ ਤਪਸ਼ ਕਈ ਵਾਰ ਮਨੁੱਖਾਂ ਤੋਂ ਸਹਾਰ ਨਹੀਂ ਹੁੰਦੀ। ਇਹ ਤਪਸ਼ ਜਿਸਮਾਨੀ ਵੀ ਹੋ ਸਕਦੀ ਹੈ ਤੇ ਰੂਹਾਨੀ ਵੀ।
ਕਣੀਆਂ ਜਦੋਂ ਵੀ ਪੈਣ, ਠੰਡਕ ਪਹੁੰਚਾਉਂਦੀਆਂ ਹਨ।
ਆਪਣੀ ਮੌਜੂਦਗੀ ਵੀ ਦਰਜ ਕਰਵਾਉਂਦੀਆਂ ਹਨ। ਕੁਝ ਸਮੇਂ ਲਈ ਨਿਸ਼ਾਨ ਵੀ ਛੱਡਦੀਆਂ ਹਨ ਪਰ ਹਰ ਮੌਸਮ ਵਿਚ ਇਹ, ਚੰਗੀਆਂ ਨਹੀਂ ਲੱਗਦੀਆਂ, ਮੂੰਹ ਫੱਟ ਦੋਸਤ ਵਾਂਗ।
ਕੁਹਾੜੀ ਕੱਟਣ ਦਾ ਕੰਮ ਕਰਦੀ ਹੈ। ਚੰਦਨ ਅਤੇ ਕਿੱਕਰ ਦੇ ਦਰਖ਼ਤਾਂ ਨਾਲ ਉਸ ਵਿਹਾਰ ਬਰਾਬਰ ਹੁੰਦਾ ਹੈ ਪਰ ਦੋਵੇਂ ਦਰਖ਼ਤ ਆਪਣੀ ਮੌਜੂਦਗੀ ਆਪਣੇ ਗੁਣਾਂ ਅਨੁਸਾਰ ਕਰਾਉਂਦੇ ਹਨ।
ਚੰਦਨ ਦੇ ਫੱਟ ਲੱਗਣ ‘ਤੇ ਉਸਦੀ ਖ਼ੁਸ਼ਬੋਈ,ਕਈ ਗੁਣਾਂ ਜ਼ਿਆਦਾ ਵਧ ਜਾਂਦੀ ਹੈ ਤੇ ਆਪਣੇ ਵੱਲ ਖਿੱਚਣ ਲਈ ਪ੍ਰੇਰਿਤ ਕਰਦੀ ਹੈ ਪਰ ਕਿੱਕਰ ਆਪਣੇ ਕੰਡਿਆਂ ਨਾਲ ਆਪਣੀ ਫਿਤਰਤ ਦਿਖਾ ਦਿੰਦਾ ਹੈ।
ਗੱਲ ਤੁਹਾਡੇ ਸ਼ਬਦਾਂ ਦੀ ਤਾਸੀਰ ਦੀ ਹੈ।
“ਉਹ ਸੱਚ ਬੋਲਦਾ ਹੈ” ਤੇ “ਉਹ ਝੂਠ ਨਹੀਂ ਬੋਲਦਾ” ਭਾਵੇਂ ਇੱਕੋ ਜਿਹੇ ਮਾਅਨੇ ਰੱਖਦਾ ਵਾਕ ਹੈ ਪਰ ਗੱਲ ਤੁਹਾਡੀ ਹਾਂ ਪੱਖੀ ਵਿਚਾਰਧਾਰਾ ਤੇ ਸੋਚ ਦੀ ਹੈ।
ਨਫ਼ਰਤਾਂ ਜੇ ਬੀਜੀਆਂ ਜਾਂਦੀਆਂ ਹਨ ਤਾਂ ਵੱਢਣੀਆਂ ਵੀ ਪੈਂਦੀਆਂ ਹਨ। ਕਿਕਰਾਂ ਨੂੰ ਕਦੇ ਵੀ ਬਜੌਰ ਦੀਆਂ ਦਾਖਾਂ ਨਹੀਂ ਲੱਗਦੀਆਂ ਤੇ ਨਿੰਮ੍ਹ ਤੋਂ ਵੀ ਅੰਗੂਰਾਂ ਤੋਂ ਬਣੀਆਂ ਦਾਖਾਂ ਦੀ ਤਵੱਕੋ ਨਾ ਕਰੋ।
ਹਾਂ ਇੱਥੇ ਇਹ ਵੀ ਹੈ ਕਿ, ਨਿੰਮ੍ਹ ਕੌੜਾ ਹੈ, ਪਰ ਗੁਣਕਾਰੀ ਹੈ ਪਰ ਕਿੱਕਰ ਤੋਂ ਵਧੀਆ।
ਮਨੁੱਖ ਦੀ ਫ਼ਿਤਰਤ ਭਾਵੇਂ ਨਿੰਮ੍ਹ ਵਰਗੀ ਹੋਵੇ ਪਰ ਸੱਚ ਦੀ ਤਾਸੀਰ ਨਾਲ ਲਬਰੇਜ਼ ਹੋਣਾ ਜ਼ਰੂਰੀ ਹੈ।
(ਜਸਪਾਲ ਜੱਸੀ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly