(ਸਮਾਜ ਵੀਕਲੀ)
ਜਿਸ ਤਰ੍ਹਾਂ ਦਾ ਸਾਡਾ ਆਪਣੇ ਆਪ ਬਾਰੇ ਰਵੱਈਆ ਹੁੰਦਾ ਹੈ, ਅਸੀਂ ਉਸੇ ਅਨੁਸਾਰ ਹੀ ਸੰਸਾਰ ਬਾਰੇ ਆਪਣਾ ਦ੍ਰਿਸ਼ਟੀਕੋਣ ਉਸਾਰ ਲੈਦੇ ਹਾਂ। ਹਰ ਇਨਸਾਨ ਦੀਆਂ ਆਸਾਂ, ਪਰਬਤਾਂ ਤੋਂ ਉੱਚੀਆਂ ਹੁੰਦੀਆਂ ਹਨ, ਤੇ ਇਹ ਹੋਣੀਆਂ ਵੀ ਚਾਹੀਦੀਆਂ ਨੇ। ਕਿਉਂਕਿ ਜਿਉਂਦਿਆਂ ਜੀਆਂ ਲਈ ਹਰ ਨਵਾਂ ਦਿਨ ਇੱਕ ਨਵੀਂ ਤਕਦੀਰ ਲੈ ਕੇ ਆਉਂਦਾ ਹੈ। ਜਦੋਂ ਤੱਕ ਵੀ ਸੁਆਸ ਨੇ, ਆਸ ਛੱਡਣੀ ਕਿਉਂ?
ਸਾਡੀ ਸੋਚ ਵਿਚੋਂ ਉਹੀ ਕੁਝ ਉਪਜੇਗਾ, ਜੋ ਵੱਡਿਆਂ ਨੇ ਸਾਡੇ ਖੋਪੜ ਵਿਚ ਬੀਜਿਆ ਹੋਵੇਗਾ। ਖ਼ਾਨਦਾਨਾਂ ਨੂੰ ਐਵੇ ਨਹੀਂ ਰੋਂਦੀ ਦੁਨੀਆ, ਸਮਾਂ ਕੈਸਾ ਵੀ ਆ ਜਾਵੇ, ਬਚਪਨ ਵਿਚ ਬਜ਼ੁਰਗਾਂ ਦਾ ਮਿਲਿਆ ਲਾਡ, ਪਿਆਰ ਤੇ ਗਿਆਨ ਸਾਨੂੰ ਸਾਰੀ ਉਮਰ ਡੋਲਣ ਨਹੀਂ ਦਿੰਦਾ।
ਫਿਰ ਆਰਥਿਕ ਮੰਦਹਾਲੀ ਵਿਚ ਵੀ, ਸਾਡਾ ਜੀਵਨ ਤੇ ਸੰਸਾਰ ਪ੍ਰਤੀ ਨਜ਼ਰੀਆ ਖੂਬਸੂਰਤ ਹੀ ਰਹਿੰਦਾ ਹੈ। ਕਿਉਂਕਿ ਸਾਡੇ ਵੱਡਿਆਂ ਦੇ ਦ੍ਰਿਸ਼ਟੀਕੋਣ ਦਾ ਪ੍ਰਕਾਸ਼ ਪੂਰਾ ਜੀਵਨ ਸਾਡੇ ਨਾਲ ਰਹਿੰਦਾ ਹੈ। ਉਝ ਡੋਲਦਾ ਤਾਂ ਹਰ ਕੋਈ ਹੈ ਪਰ ਬਜ਼ੁਰਗਾਂ ਦਾ ਮਿਲਿਆ ਉਤਸ਼ਾਹ ਸਾਨੂੰ ਕਦੇ ਚਾਹ ਵਾਲੇ ਡੋਲੂ ਵਾਂਗ ਐਨਾ ਨਹੀਂ ਡੋਲਣ ਦਿੰਦਾ ਕੇ ਅਸੀਂ ਪੂਰੇ ਮੂਧੇ ਹੀ ਹੋ ਜਾਈਏ!
ਬਹੁਤ ਨਸੀਬਾਂ ਵਾਲੇ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਨੂੰ ਮਾਂ-ਬਾਪ, ਦਾਦਾ-ਦਾਦੀ ਅਤੇ ਨਾਨਾ-ਨਾਨੀ ਦਾ ਰੱਜਵਾ ਪਿਆਰ ਮਿਲਦਾ ਹੈ। ਪਰ ਕਦਰ ਮੇਰੇ ਵਰਗੇ ਬਦਨਸਿਬਿਆਂ ਨੂੰ ਹੁੰਦੀ ਹੈ, ਜੋ ਮਨ ਦੀ ਤਸੱਲੀ ਲਈ ਭਟਕਦੇ ਫਿਰਦੇ ਨੇ ਹਾਲੇ ਤੱਕ, ਸੋਚੀਦਾ ਕੁਦਰਤ ਨਾਲ ਕਾਹਦੇ ਸਿਕਵੇਂ!
ਕੁਦਰਤ ਦੀਆਂ ਸਾਰੀਆਂ ਕਾਰਜਪ੍ਰਣਾਲੀਆਂ ਤੇ ਮੁੰਕਮਲ ਹੋਂਦ ਵਿਚੋਂ ਨਿਰੰਤਰ ਇੱਕ ਭਾਸ਼ਾ ਨਿਸਰਦੀ ਰਹਿੰਦੀ ਐ… ਕੁਦਰਤ ਨਾਲ ਇਕ-ਮਿਕ ‘ਤੇ ਕੁਦਰਤ ਨੂੰ ਸਮਝਣ ਵਾਲੇ ਲੋਕ 40 ਕੁ ਵਰ੍ਹੇ ਪਹਿਲਾਂ ਪਿੰਡਾਂ ਵਿਚੋਂ ਆਮ ਮਿਲ ਜਾਂਦੇ ਸੀ,
ਜੋ ਧਰਤ ‘ਤੇ ਕੁਝ ਵਨਸਪਤੀਆਂ ਦੀ ਪਰਖ਼ ਕਰਕੇ, ਜ਼ਮੀਨ ਨੂੰ ਠਕਠਕਾ ਕੇ ਹੇਠਾ ਪਾਣੀ ਦੀ ਹੋਂਦ ਨੂੰ ਜਾਣ ਲੈਂਦੇ ਸਨ, ਕਿ ਪਾਣੀ ਕਿੰਨੀ ਡੁੰਘਾਈ ‘ਤੇ ਹੋਵੇਗਾ, ਖੈਰ ਕੀ ਜਾਦੂ ਸੀ ਪਤਾ ਨਹੀਂ, ਪਰ ਇਹ ਹੈ ਸੱਚ, ਕਿੰਨੀਆਂ ਪਾਕ-ਪਵਿੱਤਰ ਰੂਹਾਂ ਹੋਣਗੀਆਂ ਓਹ ਜੋ ਕੁਦਰਤ ਦੀ ਬੋਲੀ ਸਮਝ ਲੈਂਦੀਆਂ ਸਨ!
ਆਪਾਂ ਪਤਾ ਨਹੀਂ ਕਿੱਥੋਂ ਤੇ ਕਿਹੜਾ ਗਿਆਨ ਹਾਸ਼ਿਲ ਕਰ ਲਿਆ, ਅਸੀਂ ਤੜਫਦੀ ਇਨਸਾਨੀਅਤ ਦੀ ਬੋਲੀ ਵੀ ਨਹੀਂ ਸਮਦੇ, ਸਗੋਂ ਦੂਜਿਆਂ ਦੇ ਹਰ ਦੁੱਖ ਤੇ ਸਵਾਦ ਲੈਂਦੇ ਹਾਂ।
ਸ਼ੁਕਰ ਐ ਕੁਦਰਤ ਰਾਣੀਏ ਤੇਰਾ… *ਮੈਨੂੰ ਤਾਂ ਸਿਰਫ਼ ਇੱਕੋ ਗੱਲ ਦਾ ਪਤਾ ਹੈ ਕਿ ‘ਭਾਵੇਂ ਮੈਂ ਜ਼ਖਮਾਂ ਨਾਲ ਵਿੰਨਿਆ ਪਿਆ ਹਾਂ, ਪਰ ਫਿਰ ਵੀ ਆਪਣੇ ਪੈਰਾਂ ‘ਤੇ ਖੜ੍ਹਾ ਹਾਂ ਤੇਰੇ ਬਖਸ਼ਿਸ਼ ਹੌਸਲੇ ਕਰਕੇ!*
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly