ਜਲੰਧਰ (ਸਮਾਜ ਵੀਕਲੀ): ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਪ੍ਰੈੱਸ ਬਿਆਨ ਰਾਹੀਂ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ‘ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਹੈ। ਵਰਿਆਣਾ ਨੇ ਕਿਹਾ ਕਿ ਭਾਰਤ ਵਿਚ ਅਨੁਸੂਚਿਤ ਜਾਤੀਆਂ ‘ਤੇ ਅਪਰਾਧ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਪਰ ਸਰਕਾਰਾਂ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਵਿਚ ਅਸਫਲ ਸਾਬਤ ਹੋ ਰਹੀਆਂ ਹਨ। ਮੁੱਛਾਂ ਰੱਖਣ ਨਾਲ ਅਨੁਸੂਚਿਤ ਜਾਤੀ ਦੇ ਵਿਅਕਤੀ ਦਾ ਕਤਲੇਆਮ ਕੀਤਾ ਜਾਂਦਾ ਹੈ, ਅਨੁਸੂਚਿਤ ਜਾਤੀ ਦੇ ਲਾੜੇ ਨੂੰ ਆਪਣੇ ਵਿਆਹ ਵਾਲੇ ਦਿਨ ਘੋੜੇ ‘ਤੇ ਚੜ੍ਹਨ ਨਹੀਂ ਦਿੱਤਾ ਜਾਂਦਾ ਹੈ।
20 ਜੁਲਾਈ 2022 ਨੂੰ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੇ ਪਿੰਡ ਸੁਰਾਣਾ ਦੇ ਇੱਕ ਨਿੱਜੀ ਸਕੂਲ ਦੇ 9 ਸਾਲਾ ਦਲਿਤ ਲੜਕੇ ਇੰਦਰਾ ਮੇਘਵਾਲ ਨੂੰ ਉਸ ਦੇ ਅਧਿਆਪਕ ਨੇ ਘੜੇ ਵਿੱਚੋਂ ਪਾਣੀ ਪੀਣ ਕਾਰਨ ਕੁੱਟਿਆ ਸੀ ਅਤੇ 13 ਅਗਸਤ, 2022 ਨੂੰ ਅਹਿਮਦਾਬਾਦ ਹਸਪਤਾਲ ਵਿੱਚ ਉਸ ਨੇ ਦਮ ਤੋੜ ਦਿੱਤਾ ਸੀ। ਵਰਿਆਣਾ ਨੇ ਕਿਹਾ ਕਿ ਅਜਿਹੇ ਅਪਰਾਧਾਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ‘ਤੇ ਹਮਲੇ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਹੀ ਭੀਮ ਆਰਮੀ ਦੇ ਸੰਸਥਾਪਕ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ‘ਤੇ ਹਮਲਾ ਹੋਇਆ। ਵਰਿਆਣਾ ਨੇ ਕਿਹਾ ਕਿ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਚੰਦਰ ਸ਼ੇਖਰ ਆਜ਼ਾਦ ‘ਤੇ ਹੋਏ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹੈ ਅਤੇ ਅਪੀਲ ਕਰਦਾ ਹੈ ਕਿ ਦੋਸ਼ੀਆਂ ‘ਤੇ ਕੇਸ ਦਰਜ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਜਸਵਿੰਦਰ ਵਰਿਆਣਾ
ਸੂਬਾ ਪ੍ਰਧਾਨ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ
ਮੋਬਾਈਲ: +91 75080 80709