(ਸਮਾਜ ਵੀਕਲੀ)
ਲੇਖਕ: ਸੰਜੀਵ ਸਿੰਘ ਸੈਣੀ,
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨਜ਼, ਚੰਡੀਗੜ੍ਹ
ਪੰਨੇ -179, ਮੁੱਲ 250 ਰੁਪਏ
ਇਸ ਪੁਸਤਕ ਵਿਚਲੇ ਲੇਖ ਬਹੁ ਗਿਣਤੀ ਅਖ਼ਬਾਰਾਂ ਰਸਾਲਿਆਂ ਵਿੱਚ ਛਪਦੇ ਰਹੇ ਹਨ।ਇਸ ਪੁਸਤਕ ਦਾ ਲੇਖਕ ਸੰਜੀਵ ਸਿੰਘ ਸੈਣੀ ਆਲ਼ੇ ਦੁਆਲ਼ੇ ਵਿੱਚ ਵਾਪਰਦੀਆਂ ਘਟਨਾਵਾਂ/ਦੁਰਘਟਨਾਵਾਂ ਅਤੇ ਸਮਾਜਿਕ ਸਰੋਕਾਰਾਂ ਨਾਲ਼ ਬਾਵਸਤਾ ਹੈ।ਇਸ ਪੁਸਤਕ ਵਿੱਚ ਰੋਜ਼ਮਰ੍ਹਾ ਦੀ ਜ਼ਿੰਦਗ਼ੀ ਵਿੱਚੋਂ ਦਿਸਦੇ – ਅਣਦਿਸਦੇ ਮੁੱਦਿਆਂ ਨੂੰ ਚਿਤਰਿਆ ਗਿਆ ਹੈ। ਪੁਸਤਕ ਦੇ ਲੇਖਕ ਨੇ ਸ਼ਾਇਦ ਹੀ ਕੋਈ ਵਿਸ਼ਾ ਅਣਛੋਹਿਆ ਛੱਡਿਆ ਹੋਵੇ। ਲੇਖਾਂ ਅੰਦਰ ਨਵੀਨ ਵਿਸ਼ਿਆਂ ਅਤੇ ਸਮੱਸਿਆਵਾਂ ਦੀ ਪੇਸ਼ਕਾਰੀ ਦੇਖਣ ਨੂੰ ਮਿਲਦੀ ਹੈ। ਪਰ ਨਾਲ਼ ਦੀ ਨਾਲ਼ ਸਮੱਸਿਆਵਾਂ ਦੇ ਅੰਦਰੂਨੀ ਕਾਰਨਾਂ ਤੇ ਝਾਤ ਪਵਾ ਕੇ ਉਨ੍ਹਾਂ ਦੇ ਹੱਲ ਵੀ ਸੁਝਾਏ ਹੋਏ ਮਿਲਦੇ ਹਨ। ਅਖਬਾਰਾਂ ਮੈਗਜ਼ੀਨਾਂ ਵਿੱਚ ਨਿਰੰਤਰ ਛਪ ਰਹੇ ਇਨ੍ਹਾਂ ਲੇਖਾਂ ਦੀ ਵਿਧੀ ਪਾਠਕਾਂ ਨੂੰ ਬੇਹੱਦ ਆਕਰਸ਼ਿਤ ਕਰਦੀ ਹੈ।
ਇਸ ਪੁਸਤਕ ਵਿਚਲੇ ਲੇਖਾਂ ਵਿੱਚ ਗੰਭੀਰ ਮੁੱਦਿਆਂ ਨੂੰ ਭਾਸ਼ਾਈ ਸਰਲਤਾ ਨਾਲ਼ ਸਿਰਜਿਆ ਗਿਆ ਹੈ। ਪਾਠਕਾਂ ਨੂੰ ਇਹ ਭਾਸ਼ਾ ਬਹੁਤ ਸਾਦੀ, ਸੁਖੈਨ ਅਤੇ ਦਿਲਚਸਪੀ ਪ੍ਰਦਾਨ ਕਰਨ ਵਾਲੀ ਹੈ। ਪੁਸਤਕ ਵਿਚਲੇ ਲੇਖ ਕੇਵਲ ਬੁੱਧੀਜੀਵੀ ਵਰਗ ਲਈ ਹੀ ਲਾਹੇਵੰਦ ਨਾ ਹੋ ਕੇ ਸਗੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਪੇਂਡੂ ਪਾਠਕਾਂ ਨੂੰ ਪਸੰਦ ਆਉਣ ਵਾਲੇ ਹਨ। ਲੇਖਕ ਵੱਲੋਂ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣ ਲਈ ਪਾਠਕ ਤੇ ਭਾਰੀ ਭਰਕਮ, ਜਟਿਲ ਅਤੇ ਔਖੀ ਸ਼ਬਦਾਵਲੀ ਥੋਪਣ ਦੀ ਬਜਾਇ ਸਿੱਧੇ- ਸਾਦੇ, ਸਰਲ ਸ਼ਬਦਾਂ ਰਾਹੀਂ ਅਸਾਨੀ ਨਾਲ ਸਮਝ ਆਉਣ ਵਾਲੀ ਸ਼ਬਦਾਵਲੀ ਵਰਤੀ ਗਈ ਹੈ।
ਇਸ ਪੁਸਤਕ ਵਿੱਚ ਪ੍ਰਦੂਸ਼ਣ, ਸਾਦਾ ਜੀਵਨ, ਵਿਦਿਆਰਥੀ ਜੀਵਨ ਦੀਆਂ ਸਮੱਸਿਆਵਾਂ, ਬੇਰੁਜ਼ਗਾਰੀ, ਮਹਿੰਗਾਈ, ਨਸ਼ਿਆਂ ਆਦਿ ਵਰਗੇ ਹੋਰ ਅਨੇਕ ਵਿਸ਼ਿਆਂ ਤੇ ਚਰਚਾ ਕੀਤੀ ਗਈ ਹੈ। ਇਸ ਵਿੱਚ ਸਾਦੇ ਜੀਵਨ , ਬਜ਼ੁਰਗਾਂ ਦੇ ਸਤਿਕਾਰ, ਬੱਚਿਆਂ ਪ੍ਰਤੀ ਸੁਹਿਰਦਤਾ ਆਦਿ ਨੈਤਿਕ ਕਦਰਾਂ ਕੀਮਤਾਂ ਤੇ ਅਧਾਰਤ ਵਿਸ਼ਿਆਂ ਬਾਰੇ ਬੇਹੱਦ ਖੂਬਸੂਰਤ ਅਤੇ ਪ੍ਰੇਰਨਾਦਾਇਕ ਲੇਖ ਹਨ।ਪੁਸਤਕ ਵਿਚਲੇ ਲੇਖ ਪੜ੍ਹਦਿਆਂ ਪਾਠਕ ਇਹ ਵਿਚਾਰ ਦਾ ਧਾਰਨੀ ਬਣਨ ਲਈ ਮਜਬੂਰ ਹੋ ਜਾਂਦਾ ਹੈ ਕਿ ਸਾਡੀ ਪੁਰਾਣੀ ਪੀੜ੍ਹੀ ਦੁਰਕਾਰਨ ਯੋਗ ਨਹੀਂ ਸਗੋਂ ਸਤਿਕਾਰਨਯੋਗ ਹੈ।ਇਹ ਸਾਡਾ ਅਜਿਹਾ ਕੀਮਤੀ ਖਜ਼ਾਨਾ ਹੈ ਜਿਸ ਤੋਂ ਸੇਧ ਲੈ ਕੇ ਅਸੀਂ ਆਪਣੇ ਜੀਵਨ ਦੀਆਂ ਅਨੇਕਾਂ ਚੁਣੌਤੀਆਂ ਨੂੰ ਸਹਿਜੇ ਹੀ ਪਾਰ ਕਰ ਸਕਦੇ ਹਾਂ।
ਇਸ ਪੁਸਤਕ ਵਿੱਚ ਸੂਬਾ ਪੱਧਰ ਤੋਂ , ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਦੇ ਵਿਸ਼ਿਆਂ ਨੂੰ ਚਿਤਰਿਆ ਗਿਆ ਹੈ। ਪੁਸਤਕ “ਸਮਾਜ ਅਤੇ ਜੀਵਨ -ਜਾਚ” ਵਿਚਲੇ ਬਹੁ ਗਿਣਤੀ ਲੇਖਾਂ ਵਿੱਚ ਸਕੂਲ ਅਤੇ ਕਾਲਜ ਪੱਧਰ ਦੇ ਪਾਠਕ੍ਰਮ ਦਾ ਹਿੱਸਾ ਬਣਨ ਦੀ ਯੋਗਤਾ ਸਮੋਈ ਹੋਈ ਹੈ।
ਇਹ ਪੁਸਤਕ ਪੰਜਾਬੀ ਸਾਹਿਤ ਦੇ ਸਾਰੇ ਪਾਠਕਾਂ ਦੇ ਪੜ੍ਹਨ ਯੋਗ ਹੈ।
ਰੀਵਿਊ ਕਰਤਾ :- ਸੁਰਿੰਦਰ ਪਾਲ ਕੌਰ
ਸੰਪਰਕ :- 70097-15355
98787-57904
[email protected]
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly