*ਮਨੁੱਖ ਅਤੇ ਕੁਦਰਤ*

ਨੀਲਮ ਕੁਮਾਰੀ

(ਸਮਾਜ ਵੀਕਲੀ)

*ਕੁਦਰਤ ਦੀ ਗੋਦ ਵਿੱਚ ਬੈਠ ਕੇ ਦੇਖੋ,
ਤੁਹਾਡੇ ਬਣਾਏ ਮਹਿਲ ਤੁਹਾਨੂੰ ਮਿੱਟੀ ਲੱਗਣਗੇ*।

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗੁਰਬਾਣੀ ਵਿੱਚ ਸਿੱਖ ਗੁਰੂ ਸਾਹਿਬਾਨ ਨੇ ਪ੍ਰਕਿਰਤੀ ਦਾ ਬੜਾ ਖੂਬਸੂਰਤ ਚਿਤਰਣ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ *’ਆਰਤੀ’* ਇਸ ਕੁਦਰਤ ਦੀ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਰਚਨਾ ਹੈ। ਗੁਰੂ ਸਾਹਿਬਾਨਾਂ ਤੋਂ ਲੈ ਕੇ ਪ੍ਰਸਿੱਧ ਵਿਦਵਾਨ ਕਵੀ ਭਾਈ ਵੀਰ ਸਿੰਘ ਜੀ ਤੱਕ ਨੇ ਇਸ ਸੁੰਦਰ ਅਤੇ ਮਨਮੋਹਣੀ ਪ੍ਰਕਿਰਤੀ ਦਾ ਵਰਣਨ ਕਰਦੇ ਹੋਏ ਪ੍ਰਕਿਰਤੀ ਨੂੰ ਬ੍ਰਹਮ ਦਾ ਨਿਵਾਸ ਕਿਹਾ ਹੈ।

ਸੋ ਜਿਸ ਪ੍ਰਕਿਰਤੀ ਵਿਚ ਪਾਰਬ੍ਰਹਮ ਦਾ ਨਿਵਾਸ ਹੈ,ਉਸ ਨੂੰ ਸਾਂਭ ਕੇ ਰੱਖਣਾ ਉਸ ਹਰ ਵਿਅਕਤੀ ਦਾ ਪਰਮ-ਧਰਮ ਹੈ ਜੋ ਉਸ ਪਰਮ-ਪਿਤਾ ਪਰਮਾਤਮਾ ਦੀ ਹੋਂਦ ਵਿੱਚ ਯਕੀਨ ਰੱਖਦੇ ਹਨ। ਕਿਉਕਿ ਇੱਕ ਕੁਦਰਤ ਹੀ ਹੈ ਜੋ ਸਾਨੂੰ ਬਹੁਤ ਸਾਰੇ ਕੁਦਰਤੀ ਸਰੋਤ ਪ੍ਰਦਾਨ ਕਰਦੀ ਹੈ ਅਤੇ ਬਦਲੇ ਵਿੱਚ ਸਾਡੇ ਤੋਂ ਕੁਝ ਵੀ ਨਹੀਂ ਲੈਂਦੀ। ਸਾਨੂੰ ਪੀਣ ਲਈ ਸ਼ੁੱਧ ਪਾਣੀ, ਸਾਹ ਲੈਣ ਲਈ ਸ਼ੁੱਧ ਹਵਾ, ਖਾਣ ਲਈ ਸਵੱਛ ਭੋਜਨ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਸਾਧਨ ਸਾਨੂੰ ਜਿਉਂਦੇ ਰਹਿਣ ਲਈ ਅਤੇ ਆਪਣੀ ਜਿੰਦਗੀ ਨੂੰ ਸਹੀ ਅਤੇ ਬਿਹਤਰ ਢੰਗ ਨਾਲ ਜਿਉਣ ਲਈ ਪ੍ਰਦਾਨ ਕਰਦੀ ਹੈ।

ਅਜੋਕਾ ਮਨੁੱਖ ਧਰਤੀ ਅਤੇ ਮਹਾਂਸਾਗਰਾਂ ਨੂੰ ਗਾਹ ਕੇ ਚੰਨ ਨੂੰ ਅੱਡਾ ਬਣਾ ਕੇ ਪੁਲਾੜ ਵਿੱਚ ਹੋਰ ਸਿਤਾਰਿਆਂ ਬਾਰੇ ਟੋਹ ਲੈਣ ਲਈ ਅੱਗੇ ਵਧ ਰਿਹਾ ਹੈ। ਆਪਣੀਆਂ ਸਹੂਲਤਾਂ ਨਾਲ ਬੇਸ਼ੱਕ ਅੱਜ ਦੇ ਮਨੁੱਖ ਨੇ ਪਾਣੀ ਵਿਚੋ ਅੱਗ ਅਤੇ ਅੱਗ ਵਿਚੋ ਠੰਢਕ ਪੈਦਾ ਕਰਨ ਦੇ ਕਰਿਸ਼ਮੇ ਕੀਤੇ ਹਨ ਪਰ ਨਾਲ ਹੀ ਨਾਲ ਕੁਦਰਤ ਦੁਆਰਾ ਸਿਰਜੇ ਕੁਦਰਤੀ ਵਾਤਾਵਰਨ ਦੀ ਮਿੱਟੀ ਪਲੀਤ ਕਰਕੇ ਰੱਖ ਦਿੱਤੀ ਹੈ।

ਅੱਜ ਦਾ ਮਨੁੱਖ ਐਨਾ ਸਵਾਰਥੀ ਹੋ ਗਿਆ ਹੈ ਕਿ ਆਪਣੀਆਂ ਲਾਲਸਾਵਾਂ ਨੂੰ ਪੂਰਾ ਕਰਨ ਲਈ ਕੁਦਰਤੀ ਸਾਧਨਾਂ ਦੀ ਗੈਰ- -ਯੋਜਨਾਬਧ ਤਰੀਕੇ ਨਾਲ ਵਰਤੋਂ ਕਰਕੇ ਵਾਤਾਵਰਣ ਨੂੰ ਚਣੋਤੀਆਂ ਦੀ ਹੱਦ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ। ਜਿਸ ਦਾ ਨਤੀਜਾ ਸਾਡੀ ਸਰੀਰਕ ਤੰਦਰੁਸਤੀ ਦਾ ਦਿਨੋ ਦਿਨ ਘੱਟਣਾ ਅਤੇ ਅਨੇਕਾਂ ਬਿਮਾਰੀਆਂ ਦਾ ਸਾਡੇ ਉੱਤੇ ਧਾਵਾ ਬੋਲਣਾ ਹੈ। ਸਾਹ, ਦਮਾ, ਹਾਈ ਬਲੱਡ ਪ੍ਰੈਸ਼ਰ, ਕੈਂਸਰ,ਹਾਰਟ ਅਟੈਕ, ਹੈਜ਼ਾ,ਅੰਤੜੀ ਰੋਗ, ਡਿਪ੍ਰੈਸ਼ਨ ਅਤੇ ਹੋਰ ਅਨੇਕਾਂ ਬਿਮਾਰੀਆਂ ਨੂੰ ਅਸੀਂ ਚਾਹ ਕੇ ਵੀ ਆਪਣੀ ਜਿੰਦਗੀ ਵਿੱਚ ਦਾਖਲ ਹੋਣ ਤੋਂ ਨਹੀਂ ਰੋਕ ਸਕਦੇ।

*ਪੌਣਾਂ ਨੂੰ ਲਾਇਆ ਕਿਸ ਨੇ, ਜਾਗ ਇਹ ਜ਼ਹਿਰਾਂ ਦਾ,
ਚੇਹਰਾ ਹੀ ਬਦਲ ਗਿਆ ਹੈ, ਹੱਸਦੇ ਹੋਏ ਸ਼ਹਿਰਾਂ ਦਾ,
ਪਾਇਆ ਨਾ ਪਾਰ ਕਿਸੇ ਨੇ, ਰੱਬ ਦਿਆਂ ਰੰਗਾਂ ਦਾ,
ਲੱਭਦਾ ਨਾ ਆਰ ਕੋਈ ਵੀ, ਕੁਦਰਤ ਦੇ ਕਹਿਰਾਂ ਦਾ।।*

ਜੇਕਰ ਮਨੁੱਖ ਦਾ ਪ੍ਰਕਿਰਤੀ ਨੂੰ ਪ੍ਰਦੂਸ਼ਿਤ ਕਰਨ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ,ਜਦੋਂ ਧਰਤੀ ਤੇ ਮਨੁੱਖ ਦਾ ਜੀਣਾ ਦੁਰਭਰ ਹੋ ਜਾਏਗਾ।

ਅੱਜ ਸਾਨੂੰ ਲੋੜ ਹੈ ਕਿ ਅਸੀਂ ਪਰਮਾਤਮਾ ਦੁਆਰਾ ਬਣਾਈ ਪ੍ਰਾਕਿਰਤੀ ਜੋ ਸਾਨੂੰ ਸੁਗਾਤ ਵਜੋਂ ਮਿਲੀ ਹੈ ਉਸ ਦੀ ਸਾਂਭ-ਸੰਭਾਲ ਕਰੀਏ। ਨਿੱਜੀ ਮੁਨਾਫੇ ਦੀ ਦੌੜ ਵਿਚ ਪੈ ਕੇ ਅਸੀਂ ਕੁਦਰਤ ਨੂੰ ਪ੍ਰ- ਦੂਸ਼ਿਤ ਨਾ ਕਰੀਏ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਸਭ ਤੋਂ ਜ਼ਰੂਰੀ ਕਾਰਜ *ਪ੍ਰਕਿਰਤੀ ਦੀ ਸ਼ੁੱਧੀ* ਵੱਲ ਧਿਆਨ ਕੇਂਦਰਿਤ ਕਰਦੇ ਹੋਏ ਅਜਿਹੇ ਹਰ ਗਲਤ ਕੰਮ ਦਾ ਵਿਰੋਧ ਕਰੀਏ ਜੋ ਪ੍ਰਕਿਰਤੀ ਦੀ ਸੁੰਦਰਤਾ ਨੂੰ ਠੇਸ ਪਹੁੰਚਾਉਂਦੀ ਹੈ। ਕਿਉਕਿ

*ਕੁਦਰਤ ਹੈ ਸਾਡੀ ਸਭ ਦੀ ਜਾਨ,
ਇਸ ਲਈ ਇਸ ਦਾ ਕਰੋ ਸਨਮਾਨ*

ਨੀਲਮ ਕੁਮਾਰੀ

ਪੰਜਾਬੀ ਮਿਸਟ੍ਰੈਸ, ਸਰਕਾਰੀ ਹਾਈ ਸਕੂਲ

ਸਮਾਉ (97797-88365)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਰਾ ਮੇਰਾ…..
Next articleਸਿਸਟਮ ਨੇ ਫ਼ਰਜ਼ ਤੋਂ ਮੂੰਹ ਮੋੜਿਆ