ਸੱਤ ਘੰਟੇ ਲੱਗਿਆ ਜਾਮ; ਰਾਹਗੀਰ ਤੇ ਵਾਹਨ ਚਾਲਕ ਪ੍ਰੇਸ਼ਾਨ
ਸ਼ਾਹਬਾਦ (ਸਮਾਜ ਵੀਕਲੀ): ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਅਲਟੀਮੇਟਮ ਦੇ ਬਾਵਜੂਦ ਹਰਿਆਣਾ ਸਰਕਾਰ ਵੱਲੋਂ ਮੰਗਲਵਾਰ ਤੱਕ ਘੱਟੋ-ਘੱਟ ਸਮਰਥਨ ਮੁੱਲ ’ਤੇ ਸੂਰਜਮੁਖੀ ਦੀ ਖਰੀਦ ਸ਼ੁਰੂ ਨਾ ਕਰਨ ’ਤੇ ਕਿਸਾਨਾਂ ਨੇ ਮੰਗਲਵਾਰ ਦੁਪਹਿਰ ਨੂੰ ਇੱਥੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ, ਜਿਸ ਕਾਰਨ ਦੂਰ-ਦੂਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਕਰੀਬ ਸੱਤ ਘੰਟੇ ਇੱਥੇ ਜਾਮ ਲੱਗਿਆ ਰਿਹਾ। ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਦੇ ਹੁਕਮਾਂ ’ਤੇ ਸ਼ਾਮ ਸਵਾ ਸੱਤ ਵਜੇ ਪੁਲੀਸ ਨੇ ਧਰਨਕਾਰੀ ਕਿਸਾਨਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਲਾਠੀਚਾਰਜ ਕਰ ਦਿੱਤਾ, ਜਿਸ ਕਾਰਨ ਧਰਨੇ ਵਾਲੀ ਥਾਂ ’ਤੇ ਭਗਦੜ ਮੱਚ ਗਈ। ਪੁਲੀਸ ਨੇ ਦਰਜਨਾਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਜ਼ਖ਼ਮੀ ਹੋ ਗਏ। ਪੁਲੀਸ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਸਿਰਫ਼ 20 ਮਿੰਟ ਦੀ ਕਾਰਵਾਈ ਵਿੱਚ ਹੀ ਨੈਸ਼ਨਲ ਹਾਈਵੇਅ ’ਤੇ ਆਵਾਜਾਈ ਨੂੰ ਬਹਾਲ ਕਰ ਦਿੱਤਾ। ਸ਼ਾਮੀ ਅੰਬਾਲਾ ਰੇਂਜ ਦੇ ਆਈਜੀ ਕਵੀ ਸ਼ਿਵਰਾਜ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਵੀ ਲਿਆ। ਇਸੇ ਦੌਰਾਨ ਲਾਠੀਚਾਰਜ ਤੋਂ ਰੋਹ ਵਿੱਚ ਆਏ ਕਿਸਾਨਾਂ ਨੇ ਲਾਡਵਾ ਰੋਡ ਸ਼ਾਹਬਾਦ, ਕਲਸਾਨੀ ਚੌਕ ਸ਼ਾਹਬਾਦ ਅਤੇ ਲਾਡਵਾ ਵਿੱਚ ਕੇਂਦਰ ਰੋਡ ’ਤੇ ਆਵਾਜਾਈ ਠੱਪ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਹਾਈਵੇਅ ’ਤੇ ਜਾਣ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ 9 ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਗਏ ਸਨ। ਇਸੇ ਦੌਰਾਨ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਪੁਲੀਸ ਨੂੰ ਚਕਮਾ ਦੇ ਕੇ ਸ਼ਹੀਦ ਊਧਮ ਸਿੰਘ ਸਮਾਰਕ ਦੇ ਰਸਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਕਿਸਾਨ ਪੁਲ ’ਤੇ ਚੜ੍ਹ ਕੇ ਨੈਸ਼ਨਲ ਹਾਈਵੇਅ ਜਾਮ ਲਗਾਉਣ ਵਿੱਚ ਸਫ਼ਲ ਹੋ ਗਏ। ਕੁਝ ਦੇਰ ਉਥੇ ਬੈਠਣ ਤੋਂ ਬਾਅਦ ਕਿਸਾਨ ਸ਼ਾਹਬਾਦ ਥਾਣੇ ਦੇ ਸਾਹਮਣੇ ਪੁੱਜ ਗਏ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly