ਏਹੁ ਹਮਾਰਾ ਜੀਵਣਾ ਹੈ -300

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਕੋਮਲ ਨੇ ਅੱਜ ਉਹ ਕਰ ਦਿਖਾਇਆ ਸੀ ਜਿਸ ਬਾਰੇ ਉਸ ਦੇ ਮਾਪਿਆਂ ਨੇ ਕਦੇ ਸੋਚਿਆ ਹੀ ਨਹੀਂ ਸੀ। ਉਹ ਜੱਜ ਬਣ ਗਈ ਸੀ। ਉਹ ਬਹੁਤ ਖ਼ੁਸ਼ ਸੀ ਤੇ ਘਰ ਦੇ ਉਸ ਤੋਂ ਵੀ ਵੱਧ ਖ਼ੁਸ਼ ਸਨ। ਉਸ ਨੇ ਇੱਥੇ ਤੱਕ ਪਹੁੰਚਣ ਲਈ ਮਿਹਨਤ ਕਿਹੜਾ ਘੱਟ ਕੀਤੀ ਸੀ। ਸਾਰਾ ਦਿਨ ਸਹੇਲੀਆਂ ਅਤੇ ਰਿਸ਼ਤੇਦਾਰਾਂ ਦੇ ਵਧਾਈਆਂ ਦੇ ਫੋਨ ਆਉਂਦੇ ਰਹੇ ਸਨ। ਰਾਤ ਤੱਕ ਉਹ ਬਹੁਤ ਥੱਕ ਗਈ ਸੀ। ਉਹ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਚਲੀ ਗਈ। ਸਾਰੇ ਦਿਨ ਦੇ ਰੁਝੇਵੇਂ ਤੋਂ ਬਾਅਦ ਆਪਣੇ ਕਮਰੇ ਵਿੱਚ ਜਾ ਕੇ ਉਸ ਨੂੰ ਥੋੜ੍ਹਾ ਜਿਹਾ ਸਕੂਨ ਮਿਲਿਆ ਸੀ ਤੇ ਸ਼ਾਂਤੀ ਨਾਲ ਬੈਠ ਕੇ ਆਪਣੇ ਆਪ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਸੀ। ਉਹ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਚੰਗੀ ਤਰ੍ਹਾਂ ਨਿਹਾਰਦੀ ਹੈ,ਉਸ ਨੂੰ ਆਪਣਾ ਆਪ ਕਿੰਨਾ ਸੋਹਣਾ ਸੋਹਣਾ ਤੇ ਵੱਡਾ ਵੱਡਾ ਜਾਪ ਰਿਹਾ ਸੀ। ਪਿਛਲੇ ਅੱਠ ਦਸ ਸਾਲਾਂ ਤੋਂ ਉਸ ਵਿੱਚ ਕਿੰਨਾ ਬਦਲਾਅ ਆਇਆ ਸੀ , ਕਿੰਨਾ ਆਤਮਵਿਸ਼ਵਾਸ ਆ ਗਿਆ ਸੀ…?

ਇੱਕ ਸਮਾਂ ਇਹੋ ਜਿਹਾ ਵੀ ਸੀ ਜਦੋਂ ਕੋਮਲ ਨੂੰ ਇਸੇ ਸ਼ੀਸ਼ੇ ਅੱਗੇ ਖਲੋ ਕੇ ਆਪਣੀ ਭੱਦੀ ਜਿਹੀ ਦਿੱਖ ਚਿੜਾਉਂਦੀ ਸੀ। ਉਸ ਨੂੰ ਆਪਣਾ ਬੇਢਬਾ ਜਿਹਾ ਮੋਟਾ ਸਰੀਰ ਦੇਖ਼ ਕੇ ਆਪਣੇ ਆਪ ਤੇ ਗੁੱਸਾ ਆਉਂਦਾ ਸੀ। ਮੋਟਾ ਤੇ ਸਾਂਵਲਾ ਜਿਹਾ ਚਿਹਰਾ ਉਸ ਨੂੰ ਡਰਾਉਂਦਾ ਸੀ। ਉਹ ਆਪਣੀ ਜਮਾਤ ਵਿੱਚ ਪੜ੍ਹਨ ਵਾਲੀਆਂ ਹੋਰ ਪਤਲੀਆਂ ਪਤਲੀਆਂ ਕੁੜੀਆਂ ਨੂੰ ਵੇਖ ਕੇ ਸਾਰਾ ਦਿਨ ਝੂਰਦੀ ਰਹਿੰਦੀ ਸੀ। ਘਰ ਵਿੱਚ ਕਿਸੇ ਕਾਰਨ ਕਰਕੇ ਆਰਥਿਕ ਤੰਗੀ ਆਉਣ ਨਾਲ ਮਾਂ ਬਾਪ ਦੀ ਲੜਾਈ ਰਹਿੰਦੀ ਸੀ। ਉਹਨਾਂ ਦਾ ਸਾਰਾ ਗੁੱਸਾ ਕੋਮਲ ਤੇ ਨਿਕਲ਼ਦਾ ਸੀ। ਕਦੇ ਪਿਓ ਤੇ ਕਦੇ ਮਾਂ ਉਸ ਤੇ ਹੱਥ ਵੀ ਚੁੱਕਦੇ ਸਨ। ਉਦੋਂ ਹਜੇ ਉਹ ਸੱਤਵੀਂ ਜਮਾਤ ਵਿੱਚ ਹੀ ਤਾਂ ਸੀ। ਪਰ ਉਸ ਦੇ ਮਾਪਿਆਂ ਦਾ ਗੁੱਸਾ ਉਸ ਦੇ ਛੋਟੇ ਭਰਾ ਰਾਹੁਲ ਤੇ ਤਾਂ ਕਦੇ ਨੀ ਨਿਕਲਿਆ ਸੀ। ਇਹਨਾਂ ਸਭ ਗੱਲਾਂ ਕਰਕੇ ਉਸ ਨੂੰ ਆਪਣੇ ਆਪ ਨਾਲ ਘਿਰਣਾ ਜਿਹੀ ਹੋ ਗਈ ਸੀ । ਉਸ ਦਾ ਪੜ੍ਹਨ ਨੂੰ ਮਨ ਨਾ ਕਰਦਾ ਜਿਸ ਕਰਕੇ ਉਹ ਪੜ੍ਹਾਈ ਵਿੱਚ ਨਲਾਇਕ ਤਾਂ ਨਹੀਂ ਪਰ ਬਹੁਤ ਹੁਸ਼ਿਆਰ ਵੀ ਨਹੀਂ ਸੀ।ਇੱਕ ਦੋ ਵਾਰ ਤਾਂ ਉਸ ਨੇ ਆਪਣੇ ਆਪ ਨੂੰ ਖ਼ਤਮ ਕਰਨ ਦਾ ਮਨ ਵੀ ਬਣਾਇਆ ਸੀ।

ਕੋਮਲ ਦੇ ਬਾਪ ਨੇ ਉਸ ਨੂੰ ਦੂਰ ਵਾਲੇ ਸਕੂਲ ਤੋਂ ਹਟਾ ਕੇ ਘਰ ਦੇ ਨੇੜੇ ਹੀ ਨਵੇਂ ਖੁੱਲ੍ਹੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਸੀ। ਇੱਥੇ ਵੀ ਉਹ ਜਮਾਤ ਵਿੱਚ ਚੁੱਪ ਚਾਪ ਇੱਕ ਅਲੱਗ ਬੈਂਚ ਤੇ ਇਕੱਲੀ ਹੀ ਬੈਠਦੀ। ਹੁਣ ਉਹ ਦਸਵੀਂ ਜਮਾਤ ਵਿੱਚ ਹੋ ਗਈ ਸੀ,ਬਾਕੀ ਕੁੜੀਆਂ ਵਾਂਗ ਅੰਦਰੋਂ ਅੰਦਰ ਤਾਂ ਉਸ ਦਾ ਮਨ ਵੀ ਉਡਾਰੀਆਂ ਮਾਰਦਾ ਪਰ ਉਸ ਨੂੰ ਨਾ ਤਾਂ ਕੋਈ ਕੁੜੀ ਬੁਲਾਉਂਦੀ ਸੀ ਤੇ ਨਾ ਹੀ ਕੋਈ ਮੁੰਡਾ ਉਸ ਨਾਲ਼ ਗੱਲ ਕਰਦਾ ਸੀ। ਉਂਝ ਉਸ ਦੀ ਲਿਖਾਈ ਬਹੁਤ ਸੋਹਣੀ ਸੀ,ਉਹ ਆਪਣਾ ਸਾਰਾ ਕੰਮ ਪੂਰਾ ਕਰਕੇ ਜਾਂਦੀ ਸੀ ਤੇ ਜਦੋਂ ਜਮਾਤ ਵਿੱਚ ਅਧਿਆਪਕ ਪਾਠ ਪੜ੍ਹਾਉਂਦੇ ਪੜ੍ਹਾਉਂਦੇ ਸਾਰੇ ਬੱਚਿਆਂ ਤੋਂ ਵਿੱਚੋਂ ਵਿੱਚੋਂ ਪ੍ਰਸ਼ਨ ਪੁੱਛਦੇ ਤਾਂ ਇਕੱਲੀ ਉਹ ਫਟਾਫਟ ਬਿਲਕੁਲ ਠੀਕ ਉੱਤਰ ਦਿੰਦੀ।ਜਦ ਕਿ ਬਾਕੀ ਦੇ ਬੱਚਿਆਂ ਦਾ ਧਿਆਨ ਐਧਰ ਓਧਰ ਹੋਣ ਕਰਕੇ ਉਹ ਅਚਨਚੇਤ ਪੁੱਛੇ ਸਵਾਲ ਦਾ ਸਹੀ ਉੱਤਰ ਦੇਣ ਦੇ ਸਮਰੱਥ ਨਹੀਂ ਹੁੰਦੇ ਸਨ। ਇਹ ਸਭ ਗੱਲਾਂ ਉਸ ਦੀ ਟੀਚਰ ਜ਼ਰੂਰ ਨੋਟ ਕਰਦੀ। ਇੱਕ ਦਿਨ ਉਹ ਸਕੂਲ ਨਹੀਂ ਆਈ ਤਾਂ ਟੀਚਰ ਦੁਆਰਾ ਉਸ ਦੇ ਘਰ ਕੋਲ਼ ਰਹਿਣ ਵਾਲ਼ੀ ਉਸ ਦੀ ਜਮਾਤਣ ਕੁੜੀ ਤੋਂ ਉਸ ਬਾਰੇ ਪੁੱਛਣ ਤੇ ਉਹ ਕੁੜੀ ਟੀਚਰ ਨੂੰ ਦੱਸਣ ਲੱਗੀ ,”ਮੈਮ…. ਮੈਂ ਤਾਂ ਓਹਨੂੰ ਬੁਲਾਉਂਦੀ ਨੀ ਜੀ।”

“ਪਰ ਕਿਉਂ…? ਟੀਚਰ ਨੇ ਪੁੱਛਿਆ।

“ਮੈਮ…..ਇਹ ਤਾਂ ਦੋ ਵਾਰੀ ਆਤਮਹੱਤਿਆ ਕਰਨ ਲੱਗੀ ਸੀ ……ਇਸੇ ਲਈ ਮੇਰੇ ਮੰਮੀ ਨੇ ਇਸ ਨਾਲ਼ ਬੈਠਣ ਤੋਂ ਮਨ੍ਹਾ ਕੀਤਾ ਹੋਇਆ।”

ਟੀਚਰ ਨੇ ਉਸ ਕੁੜੀ ਸਾਹਮਣੇ ਇਸ ਗੱਲ ਨੂੰ ਬੇ ਧਿਆਨੇ ਕਰਦੇ ਹੋਏ ਬਹੁਤੀ ਤਵੱਜੋ ਨਾ ਦਿੱਤੀ ਪਰ ਮਨ ਵਿੱਚ ਉਸ ਨੂੰ ਉਸ ਦੇ ਮਨ ਦੇ ਅੰਦਰੂਨੀ ਬੋਝਲਪੁਣੇ ਤੋਂ ਮੁਕਤ ਕਰਨ ਦੀ ਠਾਣ ਲਈ ਸੀ। ਉਸ ਦੀ ਟੀਚਰ ਨੂੰ ਲੱਗਦਾ ਕਿ ਜਿਵੇਂ ਉਹ ਇਕੱਲੀ ਹੀ ਆਪਣੇ ਅੰਦਰਲੇ ਵਿਚਾਰਾਂ ਨਾਲ਼ ਦੋ ਚਾਰ ਹੱਥ ਕਰਦੀ ਹੋਈ ਹਾਰਦੀ ਜਾ ਰਹੀ ਸੀ ਤੇ ਨਿਰਾਸ਼ਾ ਵੱਲ ਜਾ ਰਹੀ ਸੀ। ਟੀਚਰ ਨੂੰ ਉਸ ਤੋਂ ਕੁਝ ਪੁੱਛਣ ਦੀ ਲੋੜ ਨਾ ਪਈ,ਉਹ ਸਭ ਸਮਝ ਗਈ ਸੀ ਕਿ ਉਹ ਆਪਣੀ ਭੱਦੀ ਦਿੱਖ ਅਤੇ ਮਾਪਿਆਂ ਦੇ ਅਣਗੌਲੇਪਣ ਕਾਰਨ ਮਾਨਸਿਕ ਤੌਰ ਤੇ ਟੁੱਟ ਚੁੱਕੀ ਸੀ ਤੇ ਉਸ ਅੰਦਰਲੇ ਉੱਭਰਦੇ ਚਾਅ ਉਸ ਨੂੰ ਅੰਦਰੋਂ ਅੰਦਰ ਖ਼ਤਮ ਕਰਨੇ ਪੈ ਰਹੇ ਸਨ ਜਿਸ ਕਰਕੇ ਉਹ ਦਿਨ ਬ ਦਿਨ ਇਕੱਲੇਪਣ ਤੇ ਨਿਰਾਸ਼ਾ ਦੇ ਡੂੰਘੇ ਖੂਹ ਵਿੱਚ ਡੁੱਬ ਰਹੀ ਸੀ।

ਇੱਕ ਦਿਨ ਟੀਚਰ ਨੇ ਕੋਮਲ ਨੂੰ ਆਪਣੇ ਕੋਲ ਬੁਲਾ ਕੇ ਆਖਿਆ,” ਕੋਮਲ ਬੇਟਾ! ਤੁਹਾਡੀ ਲਿਖਾਈ ਕਿੰਨੀ ਸੁੰਦਰ ਹੈ…… ਤੁਹਾਨੂੰ ਪਤਾ…. ਤੁਸੀਂ ਕਿੰਨੇ ਹੋਣਹਾਰ ਵਿਦਿਆਰਥੀ ਹੋ….? ਮੈਂ ਪੜਾਉਂਦੇ ਹੋਏ ਨੋਟਿਸ ਕੀਤਾ ਹੈ…… ਕਿ ਪੂਰੀ ਜਮਾਤ ਵਿੱਚ ਇਕੱਲੇ ਤੁਸੀਂ ਹੀ ਹੋ ਜੋ ਮੇਰੇ ਅਚਨਚੇਤ ਪੁੱਛੇ ਪ੍ਰਸ਼ਨਾਂ ਦੇ ਉੱਤਰ ਸਹੀ ਦਿੰਦੇ ਹੋ…… ਦੇਖੋ ਬੇਟਾ….. ਜ਼ਿੰਦਗੀ ਵਿੱਚ ਆਪਣੇ ਜੀਵਨ ਨੂੰ ਦੂਜਿਆਂ ਤੇ ਕਦੇ ਐਨਾ ਨਿਰਭਰ ਨਾ ਬਣਾਓ ਕਿ ਉਹ ਤੁਹਾਨੂੰ ਅਪਾਹਜ ਬਣਾ ਦੇਵੇ…. ਤੁਸੀਂ ਏਨੇ ਇੰਟੈਲੀਜੈਂਟ (ਬੁੱਧੀਮਾਨ) ਹੋ….. ਫਿਰ ਵੀ ਚੁੱਪ ਚੁੱਪ…..ਤੇ…. ਹੀਣ ਭਾਵ ਵਿੱਚ ਕਿਉਂ ਰਹਿੰਦੇ ਹੋ…?

ਤੁਹਾਡੀਆਂ ਕੁਆਲਿਟੀਆਂ (ਗੁਣ) ਮੈਂ ਦੱਸ ਦਿੱਤੀਆਂ ਹਨ…. ਅੱਜ ਤੋਂ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜਿਊਣਾ ਸ਼ੁਰੂ ਕਰੋ….. ਦੇਖੋ ਕਿੰਨਾ ਕੁਝ ਨਵਾਂ ਲੱਭੇਗਾ…… ਇਹ ਜ਼ਿੰਦਗੀ ਤੁਹਾਡੀ ਹੈ….. ਇਸ ਨੂੰ ਸ਼ਿੰਗਾਰਨਾ ਜਾਂ ਬਰਬਾਦ ਕਰਨਾ ਸਿਰਫ਼ ਤੁਹਾਡੇ ਹੱਥ ਵਿੱਚ ਹੈ….! ਜਾਓ ਮੇਰੇ ਬੱਚੇ….. ਅੱਜ ਤੋਂ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜਿਊਣਾ ਸ਼ੁਰੂ ਕਰੋ…..!”

ਮੈਡਮ ਦੀਆਂ ਇਹਨਾਂ ਗੱਲਾਂ ਨੇ ਉਸ ਉੱਤੇ ਪਤਾ ਨੀ ਕੀ ਅਸਰ ਕੀਤਾ ਕਿ ਉਹ ਖੁਸ਼ ਰਹਿਣ ਲੱਗੀ…. ਮੈਡਮ ਨੇ ਜਮਾਤ ਵਿੱਚ ਉਸ ਦੀ ਚੰਗੀ ਪਰਫਾਰਮੈਂਸ ਤੇ ਸਾਰੇ ਬੱਚਿਆਂ ਸਾਹਮਣੇ ਉਸ ਦੀ ਤਾਰੀਫ਼ ਕਰਨੀ….! ਉਸ ਨੇ ਕਦੇ ਕਦੇ ਮੈਡਮ ਕੋਲ਼ ਆਕੇ ‘ਥੈਂਕਸ ਮੈਮ ‘ ਆਖਣਾ ਤਾਂ ਮੈਡਮ ਨੇ ਮੁਸਕਰਾ ਕੇ ਉਸ ਵੱਲ ਦੇਖਣਾ। ਉਸ ਨੇ ਦਸਵੀਂ ਜਮਾਤ ਚੰਗੇ ਅੰਕਾਂ ਨਾਲ ਪਾਸ ਕਰ ਲਈ ਸੀ ਤੇ ਹੁਣ ਉਹ ਸਕੂਲ ਛੱਡ ਗਈ ਸੀ।

ਕੋਮਲ ਚਾਰ ਕੁ ਸਾਲ ਬਾਅਦ ਆਪਣੇ ਭਰਾ ਦਾ ਰਿਪੋਰਟ ਕਾਰਡ ਲੈਣ ਸਕੂਲ ਆਈ ਤਾਂ ਉਹ ਆਪਣੀ ਟੀਚਰ ਕੋਲ਼ ਵੀ ਮਿਲ਼ਣ ਆਈ ਪਰ ਉਸ ਨੂੰ ਕੋਮਲ ਦੀ ਪਛਾਣ ਈ ਨਾ ਆਈ। ਐਨੀ ਪਤਲੀ ਤੇ ਸੋਹਣੀ ਕਿਵੇਂ ਹੋ ਗਈ ਸੀ? ਟੀਚਰ ਦੇ ਦਿਮਾਗ ਵਿੱਚ ਪ੍ਰਸ਼ਨ ਉੱਠਿਆ ਪਰ ਸਮੇਂ ਦੀ ਕਮੀ ਹੋਣ ਕਰਕੇ ਉਸ ਨੂੰ ਪੁੱਛ ਨਾ ਸਕੀ। ਕੋਮਲ ਨੇ ਐਨਾ ਜ਼ਰੂਰ ਆਖਿਆ,”ਮੈਮ…. ਤੁਸੀਂ ਮੈਨੂੰ ਜ਼ਿੰਦਗੀ ਨਾਲ ਪਿਆਰ ਕਰਨਾ ਸਿਖਾ ਦਿੱਤਾ ਹੈ….ਥੈਂਕਸ ਮੈਮ!”

ਅੱਜ ਚਾਹੇ ਹਰ ਕੋਈ ਉਸ ਦੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਆਪਣੇ ਸਿਰ ਬੰਨ੍ਹ ਰਿਹਾ ਸੀ । ਚਾਹੇ ਅੱਜ ਉਹ ਪਿਓ ਦੀ ਲਾਡਲੀ ਧੀ ਤੇ ਮਾਂ ਦੀ ਹੋਣਹਾਰ ਧੀ ਬਣ ਗਈ ਸੀ ਪਰ ਕੋਮਲ ਸ਼ੀਸ਼ੇ ਅੱਗੇ ਖੜ੍ਹੀ ਆਪਣੀ ਟੀਚਰ ਨੂੰ ਯਾਦ ਕਰ ਰਹੀ ਸੀ ਕਿਉਂ ਕਿ ਜਿਸ ਦਿਨ ਉਸ ਨੇ ਉਸ ਨੂੰ ਜ਼ਿੰਦਗੀ ਜਿਊਣ ਦਾ ਫ਼ਲਸਫ਼ਾ ਸਮਝਾਇਆ ਸੀ ,ਉਸ ਦਿਨ ਉਹ ਕਿੰਨੀ ਨਿਰਾਸ਼ ਅਤੇ ਟੁੱਟੀ ਹੋਈ ਸੀ ਕਿਉਂਕਿ ਉਸ ਦੀ ਮਾਂ ਨੇ ਸਵੇਰੇ ਸਵੇਰੇ ਹੀ ਉਸ ਦੇ ਪਿਓ ਦਾ ਸਾਰਾ ਗੁੱਸਾ ਉਸ ਉੱਤੇ ਕੱਢ ਕੇ ਉਸ ਨੂੰ ‘ਨਹਿਸ਼’, ‘ਮਾੜੇ ਕਰਮਾਂ ਵਾਲੀ’ , ‘ਗਲ਼ ਪਈ ਮੁਲਾਮਤ’ ਵਰਗੇ ਸ਼ਬਦ ਬੋਲ ਕੇ ਉਸ ਨੂੰ ਕੁੱਟਿਆ ਵੀ ਸੀ।

ਜੇ ਉਸ ਦਿਨ ਉਸ ਦੀ ਟੀਚਰ ਸਕੂਲ ਨਾ ਆਈ ਹੁੰਦੀ ਤਾਂ ਅੱਜ ਕੋਮਲ ਵੀ ਇਸ ਦੁਨੀਆਂ ਤੇ ਨਾ ਹੁੰਦੀ। ਕੋਮਲ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਉਹ ਸ਼ੀਸ਼ੇ ਵਿੱਚ ਖੜ੍ਹੀ ਕੋਮਲ ਵਿੱਚੋਂ ਆਪਣੀ ਟੀਚਰ ਦਾ ਅਕਸ ਦੇਖਦੀ ਹੋਈ ‘ਥੈਂਕਸ ਮੈਮ’ ਆਖ ਕੇ ਮੱਥਾ ਚੁੰਮਦੀ ਹੈ ਤਾਂ ਸੱਚਮੁੱਚ ਉਸ ਨੂੰ ਆਪਣਾ ਆਪ ਆਪਣੀ ਉਸ ਟੀਚਰ ਵਰਗਾ ਜਾਪਣ ਲੱਗਦਾ ਹੈ। ਉਹ ਸੋਚਦੀ ਹੈ ਕਿ ਆਪਣੀ ਜ਼ਿੰਦਗੀ ਤਾਂ ਹਰ ਕੋਈ ਸੰਵਾਰ ਲੈਂਦਾ ਹੈ ਪਰ ਮੈਮ ਵਾਂਗ ਦੂਜਿਆਂ ਦੀ ਜ਼ਿੰਦਗੀ ਸੰਵਾਰਨਾ ਹੀ ਤਾਂ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੜ੍ਹਦੀਕਲਾ
Next articleਜੇ ਮਿਲ ਜਾਂਦਾ ਓ