ਅੰਮ੍ਰਿਤਸਰ (ਸਮਾਜ ਵੀਕਲੀ) : ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਫੌਜੀ ਹਮਲੇ ਸਮੇਂ ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਪਾਵਨ ਸਰੂਪ ਜੋ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ, ਦੇ 6 ਜੂਨ ਨੂੰ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮ ਸਮੇਂ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ। ਇਹ ਪ੍ਰਗਟਾਵਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ।
ਉਸ ਵੇਲੇ ਦੀ ਕਾਂਗਰਸ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਫ਼ੌਜੀ ਹਮਲੇ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਸ਼ਹੀਦੀ ਸਮਾਗਮ ਕੀਤਾ ਜਾ ਰਿਹਾ ਹੈ। ਸ੍ਰੀ ਧਾਮੀ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਸ਼ਹੀਦੀ ਸਮਾਗਮ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਸ੍ਰੀ ਧਾਮੀ ਨੇ ਦੱਸਿਆ ਕਿ ਘੱਲੂਘਾਰੇ ਦੌਰਾਨ ਜ਼ਖ਼ਮੀ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਵੀ 6 ਜੂਨ ਨੂੰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿੱਚ ਸੰਗਤ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜੂਨ 1984 ਦੇ ਘੱਲੂਘਾਰੇ ਦਾ ਦਰਦ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly