ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਮੈਂ ਨਹੀਂ ਜਾਣਦਾ ਅਸਲ ਪ੍ਰਸਥਿਤੀਆਂ ਕੀ ਬਣਦੀਆਂ ਹੋਣਗੀਆਂ, ਮੈਂ ਅੱਜ ਸਿਰਫ਼ ਇਨਸਾਨ ਦੇ ਮਨੋਵਿਗਿਆਨਕ ਦੀ ਗੱਲ ਕਰਨੀ ਲੋਚਦਾ ਹਾਂ। ਕੁਦਰਤ ਦਾ ਅਸੂਲ ਹੈ ਜੇ ਸਮਾਂ ਮਾੜਾ ਆਵੇ ਤਾਂ ਓਹ ਵੀ ਬੀਤ ਜਾਂਦਾ ਹੈ। ਕਿਸਮਤ ਪਹੀਏ ਵਾਂਗੂੰ ਘੁੰਮਦੀ ਹੈ, ਕਿਸੇ ਨੂੰ ਉਤਾਂਹ ਚੁੱਕ ਦਿੰਦੀ ਹੈ, ਕਿਸੇ ਨੂੰ ਹੇਠਾ ਸੁੱਟ ਮਾਰਦੀ ਹੈ, ਪਰ ਕਿਸਮਤ ਦਾ ਚੱਕਰ ਹੈ ਗਤੀਸ਼ੀਲ ਹੈ। ਇਸੇ ਲਈ ਕਦੇ ਰੰਕ ਰਾਜਾ ਬਣ ਜਾਂਦਾ ਤੇ ਕਦੇ ਰਾਜਾ ਰੰਕ ਬਣ ਬਹਿ ਜਾਂਦਾ ਹੈ। ਮੈਨੂੰ ਖੁਸ਼ੀ ਹੋਈ ਇਸ ਜੋੜੀ ਦਾ ਜ਼ਿੰਦਗੀ ਪ੍ਰਤੀ ਹਾਂ ਪੱਖੀ ਰਵੱਈਆ ਦੇਖਕੇ, ਆਹ ਤਸਵੀਰਾਂ ਪ੍ਰਤੱਖ ਸਬੂਤ ਹਨ ਕਿ ਖੁਸ਼ਹਾਲ ਜੀਵਨ ਕਿਤੋਂ ਵੀ ਸ਼ੁਰੂ ਕੀਤਾ ਜਾ ਸਕਦਾ ਹੈ, ਸੋ ਮੁਬਾਰਕਬਾਦ ਦਿੰਦਾ ਹਾਂ।

ਮਨੋਵਿਗਿਆਨੀ ਦੱਸਦੇ ਹਨ ਕਿ ਜ਼ਿੰਦਗੀ ਬਾਰੇ ਸਾਡਾ ਜੋ ਰਵੱਈਆ ਬਚਪਨ ਵਿਚ ਬਣ ਜਾਵੇ, ਓਹ ਪੂਰੇ ਜੀਵਨ ਦਾ ਲੀਵਰ ਬਣ ਜਾਂਦਾ ਹੈ। ਜਿਹੜੇ ਮਾਪੇ ਰਚਨਾਤਮਿਕ ਰਵੱਈਏ ਵਾਲੇ ਹੁੰਦੇ ਹਨ ਉਨ੍ਹਾਂ ਦੇ ਬੱਚਿਆਂ ਦੀ ਸ਼ੁਰੂ ਤੋਂ ਧਾਰਨਾ ਬਣ ਜਾਂਦੀ ਹੈ ਕਿ… ਕੀ ਹੋਇਆ ਜੇ ਇੱਕ ਦਰਵਾਜਾ ਬੰਦ ਹੋਇਆ, ਅਨੇਕਾਂ ਹੋਰ ਖੁੱਲ੍ਹਣਗੇ, ਹਰ ਨਵੀਂ ਸਵੇਰ ਤਾਜ਼ਾ ਸੁਨੇਹਾ ਲੈ ਕੇ ਆਉਂਦੀ ਹੈ, ਕਿਉਂਕਿ ਕੁਦਰਤ ਦੇ ਖੂਬਸੂਰਤ ਸੰਸਾਰ ਵਿਚ ਬਦਸੂਰਤੀ ਨਾਲੋਂ ਖੂਬਸੂਰਤੀ ਬਹੁਤ ਜ਼ਿਆਦਾ ਹੈ, ਦੋਸਤ ਜ਼ਿਆਦਾ ਦੁਸ਼ਮਣ ਘੱਟ ਹਨ, ਜੇ ਕਾਰਜ ਵਿਗੜੇ ਹਨ ਤਾਂ ਸਵਰਦੇ ਕਈ ਗੁਣਾਂ ਜ਼ਿਆਦਾ ਹਨ, ਕੁਦਰਤ ਕਿਰਪਾਲੂ ਹੈ, ਦਿਆਲੂ ਹੈ, ਮਿਹਰਾਂ ਵੰਡਦੀ ਹੈ, ਬਰਕਤਾਂ ਪਾਉਂਦੀ ਹੈ, ਹਨੇਰਾ ਹੋਵੇ ਤਾਂ ਸਹੀ ਸਿਤਾਰੇ ਚਮਕਦਿਆ ਵੀ ਦੇਰ ਨਹੀਂ ਲਗਦੀ, ਜਿਨ੍ਹਾਂ ਦਾ ਕੁਦਰਤ ਪ੍ਰਤੀ ਆਤਮ ਵਿਸ਼ਵਾਸ ਨਹੀਂ ਡੋਲਦਾ, ਜਿਹੜੇ ਵਿਵੇਕ ਬੁੱਧੀ ਤੋਂ ਕੰਮ ਲੈਂਦੇ ਹਨ, ਓਹ ਜਜ਼ਬੇ ਦੀ ਤਾਕਤ ਨਾਲ ਸਵਰਗਾਂ ਦੇ ਬੰਦ ਦਰਵਾਜ਼ੇ ਖੋਲ੍ਹਣ ਵਿਚ ਆਖਿਰ ਨੂੰ ਕਾਮਯਾਬ ਹੋ ਹੀ ਜਾਂਦੇ ਹਨ।

ਅੰਤ ਵਿਚ ਇੱਕ ਉਦਾਹਰਣ, ਕਹਿੰਦੇ ਦੋ ਡੱਡੂ ਦਹੀਂ ਜੰਮਣ ਲਈ ਰੱਖੇ ਦੁੱਧ ਵਾਲੇ ਰਿੜਕਣੇ ਵਿਚ ਡਿਗ ਗਏ, ਦੋਵਾਂ ਨੇ ਬਾਹਰ ਆਉਣ ਲਈ ਛਾਲਾਂ ਮਾਰੀਆਂ ਯਤਨ ਕੀਤੇ, ਇੱਕ ਬੋਲਿਆ ‘ਹੁਣ ਆਪਾਂ ਬਚ ਨਹੀਂ ਸਕਦੇ’ ਦੂਜਾ ਕਹਿੰਦਾ ‘ਯਤਨ ਜਾਰੀ ਰੱਖ ਕੋਈ ਆਊ ਤੇ ਸਾਨੂੰ ਬਾਹਰ ਕੱਢੇਗਾ’। ਪਹਿਲਾਂ ਡੱਡੂ ਥੱਕ ਕੇ ਬਹਿ ਗਿਆ ਤੇ ਡੁੱਬ ਕੇ ਮਰ ਗਿਆ! ਦੂਸਰੇ ਨੇ ਕੋਸ਼ਿਸ਼ ਜ਼ਾਰੀ ਰੱਖੀ, ਟੱਪਦਾ ਰਿਹਾ, ਲਗਾਤਾਰ ਟੱਪਣ ਕਰਕੇ ਦੁੱਧ ਰਿੜਕਿਆ ਗਿਆ, ਮੱਖਣ ਦਾ ਪੇੜਾ ਤਿਆਰ ਹੋਇਆ, ਜਿਸ ਉੱਤੇ ਚੜ੍ਹ ਕੇ ਡੱਡੂ ਨੇ ਛਾਲ ਮਾਰੀ ਤੇ ਪਾਰ ਗਿਆ।

ਆਸ਼ਾਵਾਦੀ ਲੋਕਾਂ ਦੀ ਹਰ ਕਹਾਣੀ, ਦੁਨੀਆਦਾਰਾਂ ਲਈ ਵਡਮੁੱਲਾ ਸਬਕ ਹੁੰਦੀ ਹੈ। ਸੋ ਕੁੜੀਓ-ਮੁੰਡਿਓ ਉੱਠੋ ਮਨਦੀਪ ਦੀ ਤਰ੍ਹਾਂ ਤੀਲ੍ਹੀ ਬਾਲੋ ਤੇ ਦੀਪ ਜਗਾਉ, ਹਨੇਰਾ ਭਜਾਓ, ਆਸ ਦਾ ਕਦੇ ਦਾਮਨ ਨਾ ਛੱਡੋ, ਜ਼ਿੰਦਗੀ ਨੂੰ ਹਾਂ ਕਹੋ, ਹਰ ਹਾਲ ਚ ਚੜ੍ਹਦੀਕਲਾ ਵਿਚ ਰਹੋ, ਧੰਨਵਾਦ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਸ਼ਾ ਦਾ ਪ੍ਰਵਾਸ
Next articleਦਿਲ ਨੂੰ ਦਿਲਾਸਾ