ਭਾਸ਼ਾ ਦਾ ਪ੍ਰਵਾਸ

#ਵੀਨਾ_ਬਟਾਲਵੀ

(ਸਮਾਜ ਵੀਕਲੀ)

ਮੇਰੀ ਭਾਸ਼ਾ ਮਰ ਨਹੀਂ ਰਹੀ
ਇਹ ਪ੍ਰਵਾਸ ਕਰ ਚੁੱਕੀ ਹੈ
ਪ੍ਰਵਾਸੀ ਕਦੇ ਮਰਦੇ ਨਹੀਂ ਹੁੰਦੇ
ਬਲਕਿ ਸਥਾਪਿਤ ਹੋਣ ਲਈ
ਲਗਾਤਾਰ ਸੰਘਰਸ਼ ਕਰਦੇ ਰਹਿੰਦੇ ।।

ਇਸੇ ਸੰਘਰਸ਼ ਕਰਕੇ ਹੀ
ਇਹ ਵਿਸ਼ਵ ਪਸਾਰੀ ਹੋ ਗਈ ਹੈ
ਕਿਸੇ ਚਾਰ-ਦਵਾਰੀ ਦੀ ਮੁਹਤਾਜ ਨਹੀਂ ਰਹੀ
ਪੰਜ ਆਬ ਦੀ ਜਾਈ
ਹੁਣ ਸੱਤ ਸਮੁੰਦਰਾਂ ਦੀ ਵਾਰਸ ਹੋ ਚੁੱਕੀ ਹੈ।।

ਇਸ ਦੇ ਸ਼ਬਦ ਭੰਡਾਰ ਅੰਦਰ
ਦੁਨੀਆਂ ਦੀਆਂ ਸੈਂਕੜੇ ਭਾਸ਼ਾਵਾਂ ਦਾ ਵਾਸ ਏ
ਇਸ ਦਾ ਹਿਰਦਾ ਸੰਕੀਰਣ ਨਹੀਂ
ਬਲਕਿ ਸਮੁੰਦਰ ਵਾਂਗ ਵਿਸ਼ਾਲ ਏ
ਇਹ ਖੂਹਾਂ ਦੀ ਤਰ੍ਹਾਂ ਡੂੰਘੀ ਤਾਂ ਹੈ
ਪਰ ਹੱਦਾਂ ਦੀ ਤਰ੍ਹਾਂ ਸੀਮਤ ਨਹੀਂ ਹੈ।।

ਇਸ ‘ਚ ਰਚੇ ਗੀਤ
ਹਰ ਮਹਿਫ਼ਲ ਦਾ ਸ਼ਿੰਗਾਰ ਬਣਗੇ
ਹਰ ਸੱਭਿਆਚਾਰ ਦੀ ਨੁਹਾਰ ਬਣਗੇ
ਹਜ਼ਾਰਾਂ ਗੀਤਕਾਰਾਂ ਤੇ ਗਾਇਕਾਂ
ਦਾ ਸਤਿਕਾਰ ਬਣਗੇ।।

ਫਰੀਦ, ਗੁਰੂਆਂ ,ਪੀਰਾਂ-ਪੈਗੰਬਰਾਂ,
ਭੱਟਾਂ ਤੇ ਭਗਤਾਂ ਦੀ ਜਾਈ ਏ
ਬਾਣੀ ਨਾਲ਼ ਪ੍ਰਨਾਈ ਏ
ਜਦ ਤੱਕ ਬਾਣੀ ਜਿੰਦਾ ਰਹੇਗੀ
ਫਿਰ ਉਦ੍ਹੋਂ ਤੱਕ ਕਿਸ ਤਰ੍ਹਾਂ ਮਰੇਗੀ
ਮੇਰੀ ਭਾਸ਼ਾ।।

ਮੇਰੀ ਭਾਸ਼ਾ
ਪ੍ਰਵਾਸ ਕਰ ਚੁੱਕੀ ਹੈ ਪੂਰੀ ਦੁਨੀਆਂ ‘ਚ
ਆਪਣੀ ਜੜ੍ਹਾਂ ਫੈਲਾਉਣ ਲਈ
ਅਤੇ ਸੁਗੰਧੀਆਂ ਫੈਲਾਉਣ ਲਈ
ਦਿਲਾਂ ਨੂੰ ਦਿਲਾਂ ਨਾਲ਼ ਮਿਲਾਉਣ ਲਈ
ਤੇ ਮਨੁੱਖਤਾ ਦੀ ਸੇਵਾ ਕਰਨ ਲਈ
ਹਾਂ, ਸੱਚਮੁੱਚ ਮੇਰੀ ਭਾਸ਼ਾ
ਪੂਰੀ ਦੁਨੀਆਂ ‘ਚ ਪ੍ਰਵਾਸ ਕਰ ਚੁੱਕੀ ਹੈ ।।

#ਵੀਨਾ_ਬਟਾਲਵੀ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ੁਬਾਨ
Next articleਸ਼ੁਭ ਸਵੇਰ ਦੋਸਤੋ,