ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਅੱਜ ਚਿਤਾਵਨੀ ਦਿੱਤੀ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਖ਼ਿਲਾਫ਼ ਸਰਕਾਰ ਦੀ ‘ਨਾਕਾਮੀ’ ਵਿਰੁੱਧ ਭਲਕੇ 21 ਮਈ ਖਾਪ ਮਹਾਪੰਚਾਇਤ ਕੋਈ ਸਖ਼ਤ ਫ਼ੈਸਲਾ ਲੈ ਸਕਦੀ ਹੈ। ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨ ਜੰਤਰ-ਮੰਤਰ ਵਿੱਚ ਲਗਪਗ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ। ਪਹਿਲਵਾਨਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਦੇ ਸੰਘਰਸ਼ ਨੂੰ ਬੂਰ ਨਾ ਪਿਆ ਤਾਂ ਖਾਪ ਮਹਾਪੰਚਾਇਤ ਪ੍ਰਦਰਸ਼ਨ ਨੂੰ ਅੱਗੇ ਵਧਾਉਣ ਸਬੰਧੀ 21 ਮਈ ਨੂੰ ਕੋਈ ਵੱਡਾ ਫ਼ੈਸਲਾ ਲੈ ਸਕਦੀ ਹੈ। ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੇ ਕਿਹਾ ਕਿ ਖਾਪ ਪੰਚਾਇਤ ਦੇ ਫ਼ੈਸਲੇ ਨਾਲ ਕਰੀਬ 13 ਮਹੀਨਿਆਂ ਤੱਕ ਚੱਲੇ ਕਿਸਾਨਾਂ ਦੇ ਅੰਦੋਲਨ ਵਾਂਗ ਹੀ ‘ਦੇਸ਼ ਦਾ ਨੁਕਸਾਨ’ ਹੋ ਸਕਦਾ ਹੈ।
ਵਿਨੇਸ਼ ਨੇ ਜੰਤਰ-ਮੰਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘’ਸਾਡੇ ਬਜ਼ੁਰਗਾਂ ਵੱਲੋਂ ਐਤਵਾਰ ਨੂੰ ਲਿਆ ਜਾਣ ਵਾਲਾ ਫ਼ੈਸਲਾ ਵੱਡਾ ਹੋ ਸਕਦਾ ਹੈ। ਅਜਿਹਾ ਹੋ ਸਕਦਾ ਹੈ ਕਿ ਇਹ ਦੇਸ਼ ਦੇ ਹਿੱਤ ਵਿੱਚ ਨਾ ਹੋਵੇ। ਇਸ ਨਾਲ ਦੇਸ਼ ਦਾ ਨੁਕਸਾਨ ਹੋ ਸਕਦਾ ਹੈ।’’ ਵਿਨੇਸ਼ ਨੇ ਕਿਹਾ ਕਿ ਇਹ ਕੋਈ ਸੌਖੀ ਲੜਾਈ ਨਹੀਂ ਹੈ। ਉਸ ਨੇ ਕਿਹਾ, “ਅਸੀਂ ਵੀ ਬਹੁਤ ਦੁੱਖ ਝੱਲੇ ਹਨ। ਜਿਹੜਾ ਮਸਲਾ ਇੱਕ ਮਿੰਟ ਵਿੱਚ ਹੱਲ ਹੋ ਸਕਦਾ ਸੀ ਉਹ ਇੱਕ ਮਹੀਨੇ ਵਿੱਚ ਵੀ ਹੱਲ ਨਹੀਂ ਹੋਇਆ। ਕਿਸਾਨੀ ਸੰਘਰਸ਼ ਲਗਪਗ 13 ਮਹੀਨੇ ਚੱਲਿਆ ਤੇ ਇਸ ਨੇ ਯਕੀਨੀ ਤੌਰ ’ਤੇ ਦੇਸ਼ ਨੂੰ ਨੁਕਸਾਨ ਪਹੁੰਚਾਇਆ। ਇਸ ਲਈ ਜੇ ਹੁਣ ਕੋਈ ਹੋਰ ਅੰਦੋਲਨ ਹੋਇਆ ਤਾਂ ਯਕੀਨੀ ਤੌਰ ’ਤੇ ਦੇਸ਼ ਦਾ ਨੁਕਸਾਨ ਹੋਵੇਗਾ।’’ ਇਸੇ ਤਰ੍ਹਾਂ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜੇਤੂ ਬਜਰੰਗ ਪੂਨੀਆ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ 23 ਮਈ ਨੂੰ ਇੰਡੀਆ ਗੇਟ ’ਤੇ ਮੋਮਬੱਤੀ ਮਾਰਚ ਕਰਨਗੇ। ਉਸ ਨੇ ਕਿਹਾ, ‘‘ਅਸੀਂ 23 ਮਈ ਨੂੰ ਸ਼ਾਮ 4 ਵਜੇ ਇੰਡੀਆ ਗੇਟ ’ਤੇ ਮੋਮਬੱਤੀ ਮਾਰਚ ਕਰਾਂਗੇ।’’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly