ਸਿੱਖ-ਵਿਰੋਧੀ ਦੰਗੇ: ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾਇਰ

ਨਵੀਂ ਦਿੱਲੀ,  (ਸਮਾਜ ਵੀਕਲੀ) : ਦਿੱਲੀ ਵਿਚ 1984 ’ਚ ਹੋਏ ਸਿੱਖ-ਵਿਰੋਧੀ ਦੰਗਿਆਂ ਦੇ ਕੇਸ ਵਿਚ ਸੀਬੀਆਈ ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਸੀਬੀਆਈ ਵੱਲੋਂ ਟਾਈਟਲਰ ਨੂੰ ਚਾਰਜਸ਼ੀਟ ’ਚ ਮੁਲਜ਼ਮ ਵਜੋਂ ਦਰਜ ਕੀਤਾ ਗਿਆ ਹੈ। ਇਹ ਮਾਮਲਾ ਗੁਰਦੁਆਰਾ ਪੁਲ ਬੰਗਸ਼ ਆਜ਼ਾਦ ਮਾਰਕੀਟ ਨੇੜੇ ਇੱਕ ਭੀੜ ਵੱਲੋਂ ਠਾਕੁਰ ਸਿੰਘ, ਬਾਦਲ ਸਿੰਘ ਤੇ ਗੁਰਚਰਨ ਸਿੰਘ ਦੀ ਹੱਤਿਆ ਨਾਲ ਸਬੰਧਤ ਹੈ। ਘਟਨਾ ਪਹਿਲੀ ਨਵੰਬਰ 1984 ਨੂੰ ਵਾਪਰੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਟਾਈਟਲਰ ’ਤੇ ਲੱਗੇ ਦੋਸ਼ਾਂ ਨਾਲ ਸਬੰਧਤ ਨਵੇਂ ਸਬੂਤ ਸਾਹਮਣੇ ਆਏ ਹਨ। ਇਸ ਮਾਮਲੇ ਵਿਚ ਗਵਾਹਾਂ ਵੱਲੋਂ ਦਿੱਤੇ ਬਿਆਨਾਂ ਮੁਤਾਬਕ ਟਾਈਟਲਰ ਨੇ ਭੀੜ ਨੂੰ ਭੜਕਾਇਆ ਸੀ। ਕੇਸ ਵਿਚ ਪਟੀਸ਼ਨ ਲਖਵਿੰਦਰ ਕੌਰ ਵੱਲੋਂ ਦਾਇਰ ਕੀਤੀ ਗਈ ਸੀ ਜੋ ਕਿ ਮ੍ਰਿਤਕ ਬਾਦਲ ਸਿੰਘ ਦੀ ਪਤਨੀ ਹੈ। ਸੀਬੀਆਈ ਅਧਿਕਾਰੀਆਂ ਨੇ ਕਿਹਾ ਹੈ ਕਿ ਕੌਰ ਦੀ ਗਵਾਹੀ ਚਾਰਜਸ਼ੀਟ ਲਈ ਅਹਿਮ ਹੈ।

ਗੁਰਦੁਆਰੇ ਦੇ ਤਤਕਾਲੀ ਗ੍ਰੰਥੀ ਸੁਰਿੰਦਰ ਸਿੰਘ ਦਾ ਬਿਆਨ ਵੀ ਸੀਬੀਆਈ ਵੱਲੋਂ ਇਸ ਮਾਮਲੇ ਵਿਚ ਦਰਜ ਕੀਤਾ ਗਿਆ ਹੈ। ਸੁਰਿੰਦਰ ਸਿੰਘ ਨੇ ਆਪਣੇ ਬਿਆਨਾਂ ’ਚ ਕਿਹਾ ਸੀ ਕਿ ਭੀੜ ਨੇ ਰਾਗੀ ਬਾਦਲ ਸਿੰਘ, ਇੱਕ ਸਿੱਖ ਪੁਲੀਸ ਇੰਸਪੈਕਟਰ ਠਾਕੁਰ ਸਿੰਘ ਤੇ ਇੱਕ ਸਿੱਖ ਸੇਵਕ ਨੂੰ ਟਾਇਰ ਪਾ ਕੇ ਅੱਗ ਲਾ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਟਾਈਟਲਰ ਸਵੇਰੇ 9 ਵਜੇ ਤੋਂ 11 ਵਜੇ ਤੱਕ ਕਤਲੇਆਮ ਕਰਨ ਵਾਲਿਆਂ ਨੂੰ ਹਦਾਇਤਾਂ ਦੇ ਰਿਹਾ ਸੀ। ਜਦਕਿ ਟਾਈਟਲਰ ਨੇ ਦਲੀਲ ਦਿੱਤੀ ਸੀ ਕਿ ਉਹ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇ ਪ੍ਰਬੰਧਾਂ ਦੀ ਨਿਗਰਾਨੀ ਲਈ ਪਹਿਲੀ ਨਵੰਬਰ ਨੂੰ ਸਵੇਰੇ 7 ਵਜੇ ਤੋਂ 3 ਵਜੇ ਤੱਕ ਤਿੰਨ ਮੂਰਤੀ ਭਵਨ ’ਚ ਸੀ। ਇਸ ਮਾਮਲੇ ਵਿਚ ਜਸਬੀਰ ਸਿੰਘ ਤੀਜਾ ਗਵਾਹ ਹੈ। ਸੀਬੀਆਈ ਵੱਲੋਂ ਤਕਰੀਬਨ 10 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ। ਇਸ ਮਾਮਲੇ ਵਿੱਚ ਪਹਿਲਾਂ ਹੀ ਤਿੰਨ ਕਲੋਜ਼ਰ ਰਿਪੋਰਟਾਂ ਦਾਖ਼ਲ ਹੋ ਚੁੱਕੀਆਂ ਹਨ। ਸਤੰਬਰ 2015 ਵਿੱਚ ਸੀਬੀਆਈ ਨੇ ਕਿਹਾ ਸੀ ਕਿ ਉਹ ਟਾਈਟਲਰ ਨੂੰ ਝੂਠਾ ਨਹੀਂ ਫਸਾ ਸਕਦੇ। ਐਡੀਸ਼ਨਲ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਸਾਹਮਣੇ ਦਾਇਰ ਇੱਕ ਵਿਰੋਧ ਪਟੀਸ਼ਨ ਦੇ ਜਵਾਬ ’ਚ ਏਜੰਸੀ ਨੇ ਕਿਹਾ ਸੀ, ‘ਸੀਬੀਆਈ ਸਿਰਫ਼ ਭਾਵਨਾਵਾਂ ਦੇ ਆਧਾਰ ’ਤੇ ਕੁਝ ਦੇ ਹਉਮੈ ਨੂੰ ਸੰਤੁਸ਼ਟ ਕਰਨ ਲਈ ਇੱਕ ਨਿਰਦੋਸ਼ ਵਿਅਕਤੀ ਨੂੰ ਝੂਠਾ ਨਹੀਂ ਫਸਾ ਸਕਦੀ।’

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀ-7: ਮੋਦੀ ਵੱਲੋਂ ਵਿਆਪਕ ਖੁਰਾਕ ਪ੍ਰਣਾਲੀ ਵਿਕਸਤ ਕਰਨ ਦਾ ਸੱਦਾ
Next articleਪਹਿਲਵਾਨਾਂ ਦੇ ਹੱਕ ’ਚ ਖਾਪਾਂ ਅੱਜ ਲੈ ਸਕਦੀਆਂ ਨੇ ਸਖ਼ਤ ਫ਼ੈਸਲਾ