“ਆਨਲਾਈਨ ਠੱਗੀਆਂ ਦੇ ਮਾਸਟਰ ਮਾਇੰਡ”

(ਸਮਾਜ ਵੀਕਲੀ)

ਕੋਈ ਜ਼ਮਾਨਾ ਸੀ ਕਿ ਠੱਗ ਆਦਮੀ ਦੇ ਸਾਹਮਣੇ ਤੋਂ ਠੱਗੀ ਮਾਰਦੇ ਸਨ ਪਰ ਹੁਣ ਜਿਓਂ ਜਿਓਂ ਇਨਟਰਨੈਟ ਅਤੇ ਮੋਬਾਈਲ ਦਾ ਜ਼ਮਾਨਾ ਆਇਆ ਹੈ ਠੱਗੀ ਮਾਰਨ ਦੇ ਤੌਰ ਤਰੀਕੇ ਬਦਲ ਗਏ ਹਨ ਇਹ ਲੋਕ ਇੰਨੇ ਸ਼ਾਤਿਰ ਦਿਮਾਗ ਹਨ ਕਿ ਚੰਗਾ ਪੜਿਆ ਲਿਖਿਆ ਵਰਗ ਵੀ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਰਹਿਆ ਹੈ । ਦੇਸ਼ ਵਿੱਚ ਕੁੱਝ ਅਜਿਹੇ ਪਿੰਡ ਦੇ ਪਿੰਡ ਅਤੇ ਸ਼ਹਿਰ ਹਨ ਜਿਥੋਂ ਦੇ ਜ਼ਿਆਦਾਤਰ ਲੋਕ ਇਹੋ ਹੀ ਧੰਦਾ ਕਰਦੇ ਹਨ। ਲੱਗਭਗ ਆਨਲਾਈਨ ਫਰਾਡ ਹਮੇਸ਼ਾ ਪੁਲਿਸ ਦੀ ਗ੍ਰਿਸਤ ਤੋਂ ਬਾਹਰ ਹੀ ਰਹਿੰਦੇ ਹਨ। ਅੱਜ ਕੱਲ ਪੈਸੇ ਦਾ ਭੁਗਤਾਨ, ਜ਼ਿਆਦਾ ਕਰਕੇ ਆਨਲਾਈਨ ਹੋ ਰਹਿਆ ਹੈ ਅਤੇ ਨੈੱਟ ਬੈਂਕਿੰਗ, ਆਨਲਾਈਨ ਸ਼ਾਪਿੰਗ, ਪੇ.ਟੀ.ਐਮ.ਆਦਿ ਦੀ ਵਰਤੋਂ ਦਿਨੋ-ਦਿਨ ਤੇਜੀ ਨਾਲ ਵਧ ਰਹੀ ਹੈ। ਬੇਸ਼ੱਕ ਇਸਦੇ ਸਾਨੂੰ ਕਾਫੀ ਫਾਈਦੇ ਹਨ ਜਿਵੇਂ ਕਿ ਸਾਨੂੰ ਆਪਣੇ ਕੋਲ ਕੈਸ਼ ਰੱਖਣ ਦੀ ਜਰੂਰਤ ਨਹੀਂ ਪੈਂਦੀ, ਜਦੋਂ ਮਰਜ਼ੀ ਤੇ ਜਿੱਥੇ ਮਰਜੀ ਏ.ਟੀ.ਐਮ., ਨੈੱਟ ਬੈਂਕਿੰਗ, ਕਰੈਡਿਟ ਕਾਰਡ ਆਦਿ ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹਾਂ ਪਰ ਇਨ੍ਹਾਂ ਦੀ ਵਰਤੋਂ ਕਰਨ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।

ਆਨਲਾਈਨ ਬੈਂਕਿੰਗ/ਮੋਬਾਇਲ ਬੈਂਕਿੰਗ ਰਾਹੀਂ ਠੱਗੀ ਮਾਰਨ ਵਾਲਿਆਂ ਵੱਲੋਂ ਅਕਸਰ ਭੋਲੇ-ਭਾਲੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਹੈੱਡ ਬ੍ਰਾਂਚ (ਭਾਵ ਕਿ ਉਹ ਸ਼ਾਖਾ ਜਿਹੜੀ ਮੇਨ ਜਿਵੇਂ ਦਿੱਲੀ, ਮੁੰਬਈ ਆਦਿ ਵਰਗੇ ਵੱਡੇ ਸ਼ਹਿਰਾਂ ਵਿੱਚ ਹੁੰਦੀ ਹੈ) ‘ਚੋਂ ਬੋਲ ਰਹੇ ਹਾਂ ਤੇ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਬੈਂਕ ਖਾਤਾ/ਏ.ਟੀ.ਐਮ. ਕਾਰਡ ਜਾਂ ਕ੍ਰੈਡਿਟ ਕਾਰਡ ਬਲਾਕ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਅਤਿ ਜਰੂਰੀ ਹੈ ਕਿ ਬੈਂਕ ਕਦੇ ਵੀ ਆਪਣੇ ਕਸਟਮਰ/ਖਾਤਾਧਾਰਕ ਨੂੰ ਫੋਨ ਨਹੀਂ ਕਰੇਗਾ ਅਤੇ ਨਾ ਹੀ ਕਦੇ ਆਪਣੇ ਕਸਟਮਰ/ਖਾਤਾਧਾਰਕ ਨੂੰ ਆਪਣਾ ਖਾਤਾ ਨੰਬਰ/ਏ.ਟੀ.ਐਮ. ਨੰਬਰ ਜਾਂ ਇਸਦੇ ਪਿੱਛੇ ਲਿਖੇ ਹੋਏ ਨੰਬਰਾਂ ਬਾਰੇ ਜਾਣਕਾਰੀ ਮੰਗੇਗਾ ਜੇ ਕੋਈ ਤੁਹਾਡੇ ਕੋਲੋਂ ਆਨਲਾਈਨ ਬੈਂਕਿੰਗ/ਮੋਬਾਇਲ ਬੈਂਕਿੰਗ ਆਦਿ ਦੇ ਪਾਸਵਰਡ ਬਾਰੇ ਜਾਂ ਏ.ਟੀ.ਐਮ. ‘ਤੇ ਲਿਖੇ ਹੋਏ ਅੱਖਰਾਂ ਬਾਰੇ ਜਾਣਕਾਰੀ ਮੰਗੇਗਾ ਤਾਂ ਸਮਝ ਲਓ ਕਿ ਉਹ ਠੱਗ ਹੈ, ਜਿਨ੍ਹਾਂ ਨੂੰ ਹੈਕਰ ਕਹਿੰਦੇ ਹਨ ਅਤੇ ਇਸ ਤੋਂ ਬਾਅਦ ਹੈਕਰਾਂ ਵੱਲੋਂ ਫੋਨ ਕਰਕੇ ਇਹ ਕਿਹਾ ਜਾਵੇਗਾ ਕਿ ਤੁਹਾਡੇ ਬੈਂਕ ਖਾਤੇ ਵਿੱਚ ਬੈਂਕ ਬੈਲੈਂਸ ਖਤਮ ਹੋ ਗਿਆ ਹੈ।

ਤੁਰੰਤ ਹੀ ਨਗਦੀ ਆਦਿ ਜਮ੍ਹਾ ਕਰਵਾਈ ਜਾਵੇ ਤਾਂ ਕਿ ਤੁਹਾਡਾ ਬੈਂਕ ਖਾਤਾ/ਏ.ਟੀ.ਐਮ. ਕਾਰਡ ਬਲਾਕ ਹੋਣ ਤੋਂ ਬਚਾਇਆ ਜਾ ਸਕੇ ਇੱਥੇ ਬੈਂਕ ਕਸਟਮਰਾਂ ਦੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਉਕਤ ਹੈਕਰਾਂ ਦਾ ਫੋਨ ਸੁਣਨ ਤੋਂ ਬਾਅਦ ਘਬਰਾਉਣ ਅਤੇ ਜਲਦਬਾਜ਼ੀ ਵਿਚ ਕੋਈ ਕਦਮ ਚੁੱਕਣ ਦੀ ਬਜਾਇ ਉਸ ਹੈਕਰ ਨੂੰ ਖਾਤੇ ਬਾਰੇ ਕੋਈ ਵੀ ਜਾਣਕਾਰੀ ਨਾ ਦਿੱਤੀ ਜਾਵੇ ਸਗੋਂ ਉਸਦਾ ਨੰਬਰ ਨੋਟ ਕਰਕੇ ਸਿੱਧਾ ਹੀ ਬੈਂਕ ਵਿੱਚ ਜਾਂ ਪੁਲਿਸ ਵਿੱਚ ਪਹੁੰਚ ਕੇ ਸ਼ਿਕਾਇਤ ਕੀਤੀ ਜਾਵੇ ਜੇਕਰ ਹੈਕਰਜ ਵੱਲੋਂ ਫੋਨ ਕਰਕੇ ਏ.ਟੀ.ਐਮ. ‘ਤੇ ਲਿਖੇ ਨੰਬਰ, ਪਾਸਵਰਡ ਅਤੇ ਬੈਂਕ ਖਾਤੇ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਫੋਨ ‘ਤੇ 6 ਅੱਖਰਾਂ ਦਾ ਓ.ਟੀ.ਪੀ. ਨੰਬਰ ਆਵੇਗਾ ਉਹ ਸਾਨੂੰ ਤੁਰੰਤ ਹੀ ਦੱਸ ਕੇ ਆਪਣੇ ਮੋਬਾਇਲ ਵਿੱਚੋਂ ਓ.ਟੀ.ਪੀ. ਨੰਬਰ ਡਲੀਟ ਕਰ ਦੇਣਾ ਹੈ ਇਹ ਉਹੀ ਓ.ਟੀ.ਪੀ. ਨੰਬਰ ਹੁੰਦਾ ਹੈ ਜਿਸ ਰਾਹੀਂ ਸਾਡੀ ਮਿਹਨਤ ਨਾਲ ਕੀਤੀ ਕਮਾਈ ਖਾਤੇ ‘ਚੋਂ ਸਕਿੰਟਾਂ ਵਿੱਚ ਹੀ ਚੋਰੀ ਹੋ ਸਕਦੀ ਹੈ ਭਾਵ ਖਾਤਾ ਖਾਲੀ ਹੋ ਜਾਂਦਾ ਹੈ।

ਬੈਂਕ ਕਸਟਮਰਾਂ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਕਤ ਹੈਕਰਾਂ ਨੂੰ ਬੈਂਕ ਖਾਤਾ/ਏ.ਟੀ.ਐਮ. ਕਾਰਡ ਬਾਰੇ ਜਾਣਕਾਰੀ ਅਤੇ ਉਸ ਤੋਂ ਬਾਅਦ ਫੋਨ ਰਾਹੀਂ ਪੁੱਛੇ ਜਾਣ ਵਾਲੇ ਛੇ ਅੱਖਰਾਂ ਵਾਲੇ ਓ.ਟੀ.ਪੀ. ਨੰਬਰ ਬਾਰੇ ਬਿਲਕੁਲ ਹੀ ਜਾਣਕਾਰੀ ਨਾ ਦੇਣ ਅਤੇ ਇਸ ਤਰ੍ਹਾਂ ਤੁਸੀਂ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ ਅਤੇ ਦੂਸਰਿਆਂ ਨੂੰ ਵੀ ਬਚਾ ਸਕਦੇ ਹੋ। ਇਹ ਸ਼ਾਤਿਰ ਲੋਕ ਠੱਗੀ ਦੇ ਨਿਤ ਨਵੇਂ ਨਵੇਂ ਤਰੀਕੇ ਲੱਭਦੇ ਰਹਿੰਦੇ ਹਨ। ਪਿਛੇ ਜਿਹੇ ਬਹੁਤ ਸਾਰੇ ਲੋਕਾਂ ਨੂੰ ਫੋਨ ਆਏ ਕਿ ਮੈਂ ਕਨੈਡਾ ਜਾਂ ਅਮਰੀਕਾ ਤੋਂ ਤੁਹਾਡਾ ਜਾਣਕਾਰ ਬੋਲ ਰਿਹਾ ਹਾਂ ਮੈਂ ਤੁਹਾਡੇ ਖਾਤੇ ਵਿੱਚ ਕੁੱਝ ਰਕਮ ਜਮ੍ਹਾਂ ਕਰਾ ਰਿਹਾ ਹਾਂ ਇਥੇ ਕਿਸੇ ਹਸਪਤਾਲ ਵਿਚ ਮੇਰੇ ਦੋਸਤ ਦੀ ਮਾਂ ਦਾਖਲ ਹੈ ਤੁਸੀਂ ਉਨ੍ਹਾਂ ਨੂੰ ਕੈਸ਼ ਦੇ ਦੇਣਾ ਜਾਂ ਆਨਲਾਈਨ ਪੈਸੇ ਭੇਜ ਦੇਣਾ। ਬਹੁਤ ਸਾਰੇ ਭੋਲੇ ਭਾਲੇ ਲੋਕ ਇਸ ਤਰ੍ਹਾਂ ਦੇ ਫਰਾਡ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਆਨਲਾਈਨ ਮੰਗਾਈ ਗਈ ਚੀਜ਼ ਉਤੇ ਨਿਕਲੇ ਡ੍ਰਾਅ ਦਾ ਲਾਲਚ ਦੇ ਕੇ ਵੀ ਆਨਲਾਈਨ ਠੱਗੀਆਂ ਮਾਰੀਆਂ ਜਾ ਰਹੀਆਂ ਹਨ।

ਪੁਰਾਣੀਆਂ ਜੀਵਨ ਬੀਮਾ ਪਾਲਿਸੀਆ ਦੇ ਬੋਨਸ ਦਾ ਲਾਲਚ ਦੇ ਕੇ ਵੀ ਠੱਗੀ ਮਾਰੀ ਜਾਂਦੀ ਹੈ। ਪਿਛੇ ਜਿਹੇ ਪੰਜਾਬ ਦੇ ਇਕ MP ਨੂੰ ਵੀ ਇਹੋ ਜਿਹੀ ਆਨਲਾਈਨ ਠੱਗੀ ਦਾ ਸ਼ਿਕਾਰ ਹੋਣਾ ਪਿਆ। ਇੱਕ ਸਵਾਲ ਸਾਡੇ ਸਾਰਿਆਂ ਦੇ ਜ਼ਹਿਨ ਵਿੱਚ ਜਰੂਰ ਆਉਂਦਾ ਹੈ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਪਾਸੇ ਧਿਆਨ ਕਿਓਂ ਨਹੀਂ ਦਿੰਦਾ। ਇਹੋ ਜਿਹੇ ਲੋਕ ਹਮੇਸ਼ਾ ਪੁਲਿਸ ਦੇ ਸ਼ਿਕੰਜੇ ਤੋਂ ਬਚਦੇ ਰਹਿਦੇ ਹਨ ਜਦੋਂ ਕਿ ਮੋਬਾਈਲ ਫੋਨ ਰਾਹੀਂ ਕਿਸੇ ਤੱਕ ਪਹੁੰਚਣਾ ਕੋਈ ਔਖਾ ਨਹੀਂ ਹੈ। ਦੇਸ਼ ਦੇ ਸਾਈਬਰ ਸਿਸਟਮ ਨੂੰ ਹੋਰ ਮਜ਼ਬੂਤ ਅਤੇ ਤੇਜ਼ ਕਰਨ ਅਤੇ ਲੋਕਾਂ ਵਿੱਚ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਤਾਂ ਕਿ ਆਨਲਾਈਨ ਠੱਗੀਆਂ ਤੋਂ ਬਚਿਆ ਜਾ ਸਕੇ।

ਕੁਲਦੀਪ ਸਿੰਘ ਸਾਹਿਲ
9417990040

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਤਕਾ ਰਾਸ਼ਟਰੀ ਖੇਡਾਂ ਵਿੱਚ ਸ਼ਾਮਿਲ ਹੋਣ ਨਾਲ਼ ਖਿਡਾਰੀਆਂ ਵਿੱਚ ਵਧੇਗਾ ਉਤਸ਼ਾਹ: ਗੁਰਪ੍ਰੀਤ ਸਿੰਘ ਭਾਓਵਾਲ
Next articleਇਲਾਕੇ ਦੇ ਪਿੰਡਾਂ ‘ਚ ਨਾੜ ਦੇ ਖੇਤਾਂ ਨੂੰ ਅੱਗ ਲਾਉਣ ਦੇ ਕਾਰਣ ਵਾਤਾਵਰਣ ਵੱਡੀ ਪੱਧਰ ‘ਤੇ ਹੋ ਰਿਹਾ ਹੈ ਪ੍ਰਦੂਸ਼ਿਤ