HOME ਫੇਸਬੁੱਕ ਤੋਂ ਅੱਕ ਗਿਆ ਹਾਂ

ਫੇਸਬੁੱਕ ਤੋਂ ਅੱਕ ਗਿਆ ਹਾਂ

2

(ਸਮਾਜ ਵੀਕਲੀ)

ਲਿਖਦਾ ਲਿਖਦਾ ਥੱਕ ਗਿਆ ਹਾਂ
ਕੁਝ ਸੱਚੀ ਕੁਝ ਝੂਠੀ, ਫ਼ੋਕੀ
ਵਾਹ ਵਾਹ ਸੁਣ ਸੁਣ ਪੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…

ਸੱਜਣਾ ਕੋਲੋਂ ਪਿਆਰ ਵੀ ਮਿਲਿਆ
ਪਿਆਰ ਅਤੇ ਸਤਿਕਾਰ ਵੀ ਮਿਲਿਆ
ਕੁਝ ਯਾਰਾਂ ਦੇ ਪਿਆਰ ਨਾਲ ਤਾਂ
ਭਰ ਮੈਂ ਨੱਕੋ ਨੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…

ਜਿਨ੍ਹਾਂ ਕਦੇ ਨਹੀਂ ਸੋਚਿਆ ਚੰਗਾ
ਉਨ੍ਹਾਂ ਲਈ ਵੀ ਖ਼ੈਰ ਹੀ ਮੰਗਾਂ
ਜਿਨ੍ਹਾਂ ਨੇ ਕੀਤੀ ਨਫ਼ਰਤ, ਉਹ ਵੀ
ਮਾਰ ਕੇ ਫ਼ੱਕਾ, ਫ਼ੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…

ਕਵੀ ਲਿਖਣ ਲਈ ਕੀ ਨਹੀਂ ਕਰਦਾ
ਪਰ ਹੁਣ ਲਿਖਣ ਨੂੰ ਜੀਅ ਨਹੀਂ ਕਰਦਾ
ਕਵੀਆਂ ਦੀ ਗੁੱਟਬਾਜ਼ੀ ਅੰਦਰ
ਕੀ ਕੀ ਹੁੰਦਾ, ਤੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…

ਐਸਾ ਵੀ ਇੱਕ ਚੇਲਾ ਮਿਲਿਆ
ਨਿੰਮ ਦੇ ਉੱਤੇ ਕਰੇਲਾ ਮਿਲਿਆ
ਮਤਲਬ ਲਈ ਉਸਤਾਦ ਜੀ ਸੁਣ ਕੇ
ਬਹਿ ਤੁੜਵਾ ਕੇ ਲੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…

ਚਾਪਲੂਸੀ ਦੀ ਚਰਮ ਸੀਮਾ ਤੋਂ
ਸਾਹਿਤ ਦਿਆਂ ਨੀਮ ਹਕੀਮਾਂ ਤੋਂ
ਇਹ ਜੋ ਹੈ ਸਾਹਿਤ ਦੀ ਦੁਨੀਆਂ
ਇਸ ਤੋਂ ਹੋ ਪਰਿਪੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…

ਅੰਨ੍ਹੇ ਵੰਡਣ ਰੇੜੀਆਂ ਏਥੇ
ਹੋਰਾਂ ਲਈ ਦਰਾਂ ਭੇੜੀਆਂ ਏਥੇ
ਲਿਖਦਾ ਲਿਖਦਾ ਕਲਮ ਦੀ ਜੀਭੀ
ਵਿਚ ਪੰਨਿਆਂ ਦੇ ਧੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…

ਖੁਸ਼ੀ ਮੁਹੰਮਦਾ ਜ਼ਿਕਰ ਕਰੀਂ ਨਾ
ਐਵੇਂ ਬਹੁਤਾ ਫਿਕਰ ਕਰੀਂ ਨਾ
ਕਈਆਂ ਦੇ ਤਾਂ ਖੋਲ੍ਹ ਤੇ ਪਰਦੇ
ਪਰ ਕਈਆਂ ਦੇ ਢਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…

ਹੁਣ ਕਿਧਰੇ ਜੇ ਲਿਖਣ ਬਹਾਂਗਾ
ਵੈਸੇ ਹਾਜ਼ਰੀ ਭਰਦਾ ਰਹਾਂਗਾ
ਲਿਖਣਾ ਤਾਂ ਸੀ ਹੋਰ ਬੜਾ ਕੁਝ
ਜਜ਼ਬਾਤਾਂ ਨੂੰ ਡੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…

ਖੁਸ਼ੀ ਮੁਹੰਮਦ “ਚੱਠਾ”

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤਾ ਭੱਦਰਕਾਲੀ ਦੇ 76ਵੇਂ ਸਲਾਨਾ ਮੇਲੇ ਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਬਸਤੀ ਬੂਲਪੁਰ ਵੱਲੋਂ 12 ਵਾਂ ਲੰਗਰ ਲਗਾਇਆ ਗਿਆ
Next articleIPL 2023: Rossouw, Prithvi fifties lead Delhi Capitals to 15-run win, dent PBKS’ playoff chances