ਏਹੁ ਹਮਾਰਾ ਜੀਵਣਾ ਹੈ -286

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

“ਅਮੀਰ” ਸ਼ਬਦ ਆਪਣੇ ਆਪ ਵਿੱਚ ਹੀ ਇੱਕ ਵਜ਼ਨਦਾਰ ਸ਼ਬਦ ਹੈ ਜੋ ਕਾਫ਼ੀ ਉੱਚਾ ਰੁਤਬਾ ਰੱਖਦਾ ਹੈ। ਇਸ ਸ਼ਬਦ ਨੂੰ ਬੋਲਦੇ ਸਾਰ ਜਾਂ ਸੁਣਦੇ ਸਾਰ ਹੀ ਇੱਕ ਵੱਖਰਾ ਹੀ ਸ਼ਾਨੋਸ਼ੌਕਤ ਅਤੇ ਸ਼ਾਹੀ ਅੰਦਾਜ਼ ਵਾਲਾ ਦ੍ਰਿਸ਼ ਅੱਖਾਂ ਅੱਗੇ ਘੁੰਮਣ ਲੱਗਦਾ ਹੈ। ਕੋਠੀਆਂ ,ਕਾਰਾਂ,ਧਨ ,ਦੌਲਤ ਸਭ ਇਸ ਸ਼ਬਦ ਦੇ ਸਕੇ ਸਬੰਧੀ ਹਨ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਕਿਸੇ ਖਾਨਦਾਨ ਦੇ ਵੱਡੇ ਬਜ਼ੁਰਗ ਦਾ ਨਾਂ ਲੈਂਦਿਆਂ ਹੀ ਉਸ ਦੇ ਪੂਰੇ ਆਰ ਪਰਿਵਾਰ ਦੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ। ਇੱਕ ਜਾਣਕਾਰੀ ਮੁਤਾਬਕ ਅਰਬੀ ਭਾਸ਼ਾ ਵਿੱਚ ਅਮੀਰ ਦਾ ਅਰਥ ਹੁੰਦਾ ਹੈ ਸੈਨਾਪਤੀ ਜਾਂ ਰਾਜਪਾਲ ਜਾਂ ਸੂਬੇਦਾਰ। ਇਸ ਨਾਮ ਨਾਲ ਭਾਰਤ ਵਿੱਚ ਇਸਲਾਮੀ ਸਾਮਰਾਜ ਦੇ ਪ੍ਰਮੁੱਖ ਪਦਾਂ ਦੇ ਧਾਰਕਾਂ ਨੂੰ ਸੰਬੋਧਨ ਕੀਤਾ ਜਾਂਦਾ ਸੀ।

ਇਸ ਧਰਤੀ ਉੱਤੇ ਜਿਹੜੇ ਲੋਕ ਧਨ ਦੌਲਤ ਅਤੇ ਰੁਤਬੇ ਕਾਰਨ ਅਮੀਰ ਪਾਏ ਜਾਂਦੇ ਹਨ, ਅਕਸਰ ਉਹਨਾਂ ਵਿੱਚੋਂ ਬਹੁਤੇ ਲੋਕ ਬਹੁਤ ਹੀ ਛੋਟੇ ਦਿਲ ਦੇ ਮਾਲਕ ਹੁੰਦੇ ਹਨ। ਉਹਨਾਂ ਦੀ ਨਿਗਾਹ ਵਿੱਚ ਆਮ ਜਿਹੇ ਲੋਕ “ਐਵੇਂ” ਹੀ ਹੁੰਦੇ ਹਨ। ਉਹਨਾਂ ਲੋਕਾਂ ਨੂੰ ਆਮ ਜਿਹੇ ਲੋਕਾਂ ਨਾਲ ਗੱਲਬਾਤ ਕਰਦਿਆਂ ਬੜਾ ਔਖਾ ਔਖਾ ਜਿਹਾ ਮਹਿਸੂਸ ਹੁੰਦਾ ਹੈ,ਕਿਤੇ ਉਹਨਾਂ ਦੀ ਅਮੀਰੀ ਦੇ ਦਾਮਨ ਨੂੰ ਦਾਗ਼ ਹੀ ਨਾ ਲੱਗ ਜਾਵੇ।ਪਰ ਹੁਣ ਸਮੇਂ ਦੇ ਵੇਗ ਨਾਲ ਅਮੀਰੀ ਨੇ ਵੀ ਰਫ਼ਤਾਰ ਫੜ ਲਈ ਹੈ। ਅੱਜ ਕੱਲ੍ਹ ਕਿਸੇ ਕੋਲ ਘਰ ਵਿੱਚ ਚਾਹੇ ਧੇਲਾ ਨਾ ਹੋਵੇ ਪਰ ਆਪਣੇ ਆਪ ਨੂੰ ਅਮੀਰ ਸਾਬਤ ਕਰਨ ਲਈ ਗੱਲਾਂ ਕਰੋੜਾਂ ਦੀਆਂ ਕਰਨਗੇ, ਅੱਜ ਕੱਲ੍ਹ ਕਾਰਾਂ ਹਰ ਘਰ ਖੜੀਆਂ ਹਨ ਚਾਹੇ ਕਿਸ਼ਤ ਤੇ ਕਿਉਂ ਨਾ ਖ੍ਰੀਦਣੀ ਪਵੇ। ਭਾਵੇਂ ਕਿਸ਼ਤ ਭਰਨ ਵੇਲ਼ੇ ਜਾਨ ਨੂੰ ਬਣੀ ਹੋਵੇ।

ਪਰ ਗੱਲ ਤਾਂ ਅਮੀਰੀ ਦੀ ਮੋਹਰ ਲਾਉਣ ਦੀ ਹੈ। ਹੁਣ ਗੱਲ ਅਸਲੀ ਅਮੀਰੀ ਦੀ ਕਰ ਲਈਏ। ਪੁਰਾਣੇ ਲੋਕਾਂ ਕੋਲ ਸੁੱਖ ਸਹੂਲਤਾਂ ਘੱਟ ਸਨ ,ਕੰਮ ਵੀ ਹੱਥੀਂ ਕਰਦੇ ਸਨ, ਸਫ਼ਰ ਵੀ ਪੈਦਲ ਤਹਿ ਕਰਦੇ ਸਨ ਫੇਰ ਵੀ ਖੁਸ਼ ਰਹਿੰਦੇ ਸਨ,ਅਸਲ ਵਿੱਚ ਤਾਂ ਉਹ ਅਸਲੀ ਅਮੀਰੀ ਸੀ। ਅੱਜ ਕੱਲ੍ਹ ਇਹ ਕਿਹੋ ਜਿਹੀ ਅਮੀਰੀ ਆ ਗਈ ਹੈ ਜਿਸ ਵਿੱਚ ਉਸ ਦੇ ਖੁੱਲ੍ਹ ਕੇ ਹੱਸਣ ਤੇ ਵੀ ਉਸ ਨੂੰ ਲੱਗਦਾ ਹੈ ਕਿ ਕਿਤੇ ਉਸ ਦੀ ਸ਼ਾਨ ਵਿੱਚ ਫਰਕ ਨਾ ਪੈ ਜਾਵੇ।ਜੇ ਸੋਚਿਆ ਜਾਵੇ ਤਾਂ ਅਸਲੀ ਅਮੀਰੀ ਦਿਲ ਦੀ ਹੁੰਦੀ ਹੈ,ਅਸਲੀ ਅਮੀਰੀ ਆਪ ਖੁਸ਼ ਰਹਿਕੇ ਦੂਜੇ ਨੂੰ ਖੁਸ਼ ਰੱਖਣ ਦੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਮਲਿਕ ਭਾਗੋ ਦੀ ਅਮੀਰੀ ਨੂੰ ਠੁਕਰਾ ਕੇ ਗ਼ਰੀਬ ਭਾਈ ਲਾਲੋ ਨੂੰ ਮਾਣ ਦੇ ਕੇ ਇਹੀ ਸੰਦੇਸ਼ ਦਿੱਤਾ ਸੀ। ਜੋ ਵਿਅਕਤੀ ਥੋੜ੍ਹੇ ਵਿੱਚ ਵੀ ਪ੍ਰਸੰਨ ਦਿਖਾਈ ਦਿੰਦਾ ਹੈ,ਸਮਝੋ ਉਸ ਤੋਂ ਧਨੀ ਵਿਅਕਤੀ ਕੋਈ ਨਹੀਂ ਹੋ ਸਕਦਾ।ਜੋ ਵਿਅਕਤੀ ਸਬਰ ਸੰਤੋਖ ਨਾਲ ਰੋਟੀ ਤੇ ਲੂਣ ਰੱਖ ਕੇ ਖਾਣ ਤੋਂ ਬਾਅਦ ਵੀ ਜ਼ਿੰਦਗੀ ਨੂੰ ਹੱਸਦੇ ਖੇਡਦੇ ਬਸ਼ਰ ਕਰਦਾ ਹੈ ਉਹ ਮਹਿੰਗੇ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਵਾਲੇ ਉਹਨਾਂ ਅਮੀਰ ਲੋਕਾਂ ਤੋਂ ਕਿਤੇ ਵੱਧ ਅਮੀਰ ਹੁੰਦਾ ਹੈ ਜੋ ਹਰ ਸਮੇਂ ਵਿਖਾਵੇ ਦੀ ਜ਼ਿੰਦਗੀ ਜਿਊਣਾ ਪਸੰਦ ਕਰਦੇ ਹਨ।

ਇੱਕ ਵਾਰੀ ਅਮੀਰ ਘਰ ਦੀ ਨੌਕਰਾਣੀ ਦੀ ਕੁੜੀ ਦਾ ਵਿਆਹ ਸੀ ,ਉਸ ਦੀ ਕੁੜੀ ਨੂੰ ਵਿਆਹ ਵਿੱਚ ਸੂਟ ਖ਼ਰੀਦਣ ਲਈ ਗਈ ਮਾਲਕਣ ਨੇ ਭਾਈ ਨੂੰ ਸਸਤਾ ਅਤੇ ਘਟੀਆ ਜਿਹਾ ਸੂਟ ਦਿਖਾਉਣ ਲਈ ਕਿਹਾ। ਓਧਰ ਨੌਕਰਾਣੀ ਕੱਪੜੇ ਦੀ ਦੁਕਾਨ ਤੇ ਜਾ ਕੇ ਆਪਣੀ ਮਾਲਕਣ ਨੂੰ ਤੋਹਫ਼ਾ ਦੇਣ ਲਈ ਵਧੀਆ ਤੋਂ ਵਧੀਆ ਸੂਟ ਖਰੀਦ ਕੇ ਲਿਆਉਂਦੀ ਹੈ ਕਿਉਂਕਿ ਉਸ ਦੀ ਮਾਲਕਣ ਨੇ ਉਸ ਦੇ ਘਰ ਪਹਿਲੀ ਵਾਰ ਆਉਣਾ ਸੀ। ਇਸ ਕਹਾਣੀ ਤੋਂ ਸਿੱਟਾ ਇਹੀ ਨਿਕਲਦਾ ਹੈ ਕਿ ਦਿਲ ਤੋਂ ਅਮੀਰ ਤਾਂ ਨੌਕਰਾਣੀ ਹੀ ਹੋਈ। ਜਿਹੜਾ ਵਿਅਕਤੀ ਦਿਲ ਦਾ ਅਮੀਰ ਹੋਵੇ ਉਹ ਵਿਅਕਤੀ ਵੀ ਸਦਾ ਖ਼ੁਸ਼ਹਾਲ ਜੀਵਨ ਹੀ ਬਤੀਤ ਕਰਦਾ ਹੈ। ਉਹ ਵਿਅਕਤੀ ਪੈਸੇ ਦੀ ਤੰਗੀ ਵਾਲੀ ਗ਼ਰੀਬੀ ਵੀ ਅਰਾਮ ਨਾਲ ਕੱਟ ਲੈਂਦਾ ਹੈ।

ਅਸਲ ਵਿੱਚ ਜਿਹੜੇ ਲੋਕ ਅਮੀਰੀ ਦਾ ਮਾਪ ਧਨ ਦੌਲਤ ਨਾਲ ਕਰਦੇ ਹਨ ਉਹਨਾਂ ਲੋਕਾਂ ਦੀ ਸੋਚ ਦਾ ਦਾਇਰਾ ਵਿਸ਼ਾਲ ਨਹੀਂ ਹੋ ਸਕਦਾ। ਇਸ ਲਈ ਆਮ ਲੋਕ ਅਮੀਰਾਂ ਦੀ ਚਕਾਚੌਂਧ ਵਾਲੀ ਜ਼ਿੰਦਗੀ ਦੇਖ ਕੇ ਆਪਣੇ ਆਪ ਨੂੰ ਉਹੋ ਜਿਹਾ ਬਣਾਉਣ ਲਈ, ਮਹਿੰਗੀਆਂ ਵਸਤੂਆਂ ਖਰੀਦਣ ਲਈ ਕਰਜ਼ੇ ਚੁੱਕ ਲੈਂਦੇ ਹਨ।ਜਦ ਕਰਜ਼ੇ ਨਾ ਮੋੜੇ ਜਾਣ ਤਾਂ ਟੱਬਰਾਂ ਦੇ ਟੱਬਰ ਆਤਮਹੱਤਿਆ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ। ਸੋਚਿਆ ਜਾਵੇ ਤਾਂ ਦੋ ਘੜੀ ਦੀ ਵਿਖਾਵੇ ਦੀ ਅਮੀਰੀ ਤਾਂ ਮੌਤ ਬਣ ਕੇ ਨਿਗਲ਼ ਜਾਂਦੀ ਹੈ।ਇਸ ਲਈ ਵਿਸ਼ਾਲ ਹਿਰਦਿਆਂ ਦੇ ਮਾਲਕ ਸਬਰ ਸੰਤੋਖ ਵਾਲੇ ਹਸਮੁੱਖ ਚਿਹਰੇ ਹੀ ਸਭ ਤੋਂ ਅਮੀਰ ਮੰਨੇ ਜਾ ਸਕਦੇ ਹਨ। ਇਸ ਲਈ ਵਿਖਾਵੇ ਦੀ ਅਮੀਰੀ ਨਾਲ਼ੋਂ ਦਿਲ ਦੇ ਅਮੀਰ ਹੋਣਾ ਜ਼ਿੰਦਗੀ ਵਿੱਚ ਖ਼ਾਸ ਮਹੱਤਵ ਰੱਖਦਾ ਹੈ ਕਿਉਂਕਿ ਮਨੁੱਖੀ ਜ਼ਿੰਦਗੀ ਦੇ ਸਿਧਾਂਤ ਅਨੁਸਾਰ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਜ਼ਾਦੀ ਦੇ ਨਿੱਘ ਤੋਂ ਬਾਂਝੇ ਸਿੱਖ
Next articleਇਕ ਪਲ