ਅਜੋੋਕੇ ਸਮਾਜਿਕ ਵਰਤਾਰਿਆਂ ਵੱਲ ਖੁਲ੍ਹਦੀ ‘ਤੀਸਰੀ ਖਿੜਕੀ’

ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ)

ਮੜ੍ਹਕ ਨਾਲ ਚਾਲ ਚਲਣ ਵਾਲਾ­ ਸੁਘੜ­ ਸਿਆਣਾ ਅਤੇ ਸ਼ਾਂਤ ਸੁਭਾਅ ਵਾਲਾ ਕਹਾਣੀਕਾਰ ਨਿਰੰਜਣ ਬੋਹਾ ਅਗਿਆਤ ਸਾਹਿਤਕਾਰ ਨਹੀਂ ਹੈ। ਵਾਰਤਕ ਦੇ ਖੇਤਰ ਵਿੱਚ ਉਸ ਦਾ ਆਪਣਾ ਮੁਕਾਮ ਹੈ। ਮਾਸਿਕ ਮੈਗ਼ਜੀਨ ਮਹਿਰਮ ਵਿੱਚ ਉਸ ਦਾ ਕਾਲਮ ‘ਮੇਰੇ ਹਿੱਸੇ ਦਾ ਅਦਬੀ ਸੱਚ’ ਲਗਾਤਾਰ ਛਪ ਰਿਹਾ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਲੇਖ­ ਜਾਣਕਾਰੀਆਂ ਪ੍ਰਕਾਸ਼ਿਤ ਹੋ ਰਹੀਆਂ ਹਨ। ਇਹੀ ਨਹੀਂ ਉਸ ਨੇ ਹਰ ਬੁੱਧਵਾਰ ਨੂੰ ਯੂ ਟਿਉਬ ਚੈਨਲ ਕਾਲਮ ‘ਕਿਤਾਬਾਂ ਬੋਲਦੀਆਂ’ ਵੀ ਚਾਲੂ ਕੀਤਾ ਹੋਇਆ ਹੈ ਜਿਸ ਵਿੱਚ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਤੇ ਚਰਚਾ ਕਰਦਾ ਰਹਿੰਦਾ ਹੈ। ਉਸ ਨੇ ਕਹਾਣੀ ਦੇ ਨਾਲ-ਨਾਲ ਅਲੋਚਨਾ­ ਮਿੰਨੀ ਕਹਾਣੀ­ ਵਾਰਤਕ ਅਤੇ ਸੰਪਾਦਨ ਆਦਿ ਦਾ ਕਾਰਜ ਵੀ ਕੀਤਾ ਹੈ।

ਹਥਲੀ ਪੁਸਤਕ ‘ਤੀਸਰੀ ਖਿੜਕੀ’ ਉਸਦਾ ਦੂਜਾ ਕਹਾਣੀ ਸੰਗ੍ਰਹਿ ਹੈ। ਜਿਸ ਨੂੰ ਉਸ ਨੇ ਆਪਣੇ ਹੋਣਹਾਰ ਬੇਟੇ ਨਵਨੀਤ ਅਤੇ ਮਨਮੀਤ ਨੂੰ ਸਮਰਪਿਤ ਕੀਤਾ ਹੈ। ਇਸ ਤੋਂ ਪਹਿਲਾਂ ਉਸ ਦਾ ਪਲੇਠਾ ਕਹਾਣੀ ਸੰਗ੍ਰਹਿ ‘ਪੂਰਾ ਮਰਦ’ ਲਗਭੱਗ ਵੀਹ-ਬਾਈ ਸਾਲ ਪਹਿਲਾਂ ਪੰਜਾਬੀ ਸਾਹਿਤ ਦੀ ਝੋਲੀ ਪਿਆ ਸੀ। ਇੱਕ ਲੰਬੇ ਅੰਤਰਾਲ ਤੋਂ ਬਾਅਦ ਉਸ ਦਾ ਇਹ ਕਹਾਣੀ ਸੰਗ੍ਰਹਿ ਪਾਠਕਾਂ ਨੂੰ ਪੜ੍ਹਨ ਨੂੰ ਮਿਲਿਆ ਹੈ। ਇਸ ਹਥਲੇ ਕਹਾਣੀ ਸੰਗ੍ਰਹਿ ‘ਤੀਸਰੀ ਖਿੜਕੀ’ ਵਿੱਚ ਉਸ ਨੇ ਬਾਰਾਂ ਲੰਬੀਆਂ ਕਹਾਣੀਆਂ 134 ਪੰਨਿਆਂ ਤੇ ਪਸਾਰੀਆਂ ਹਨ।

ਇਸ ਪੁਸਤਕ ਵਿਚਲੀਆਂ ਕਹਾਣੀਆਂ ਦਾ ਪਾਠ ਕਰਦਿਆਂ ਮੈਨੂੰ ਮਹਿਸੂਸ ਹੋਇਆ ਕਿ ਇਹ ਕਹਾਣੀਆਂ ਆਪਣੇ ਅੰਦਰ ਗੰਭੀਰਤਾ­ ਦਵੰਦ­ ਰੇਪ­ ਸੈਕਸ­ ਲਾਲਚ ਅਤੇ ਨਸ਼ਾ ਆਦਿ ਬਹੁਤ ਕੁਝ ਆਪਣੇ ਅੰਦਰ ਅਜੋਕੇ ਸਮੇਂ ਦੇ ਪਰਿਵਾਰਕ ਅਤੇ ਸਮਾਜਿਕ ਵਿਸੰਗਤੀਆਂ ਸਮੋਈ ਬੈਠੀ ਹੈ। ਕਹਾਣੀ ‘ਉਹ ਮੇਰਾ ਵੀ ਕੁਝ ਲਗਦੈ’ ਪਰਿਵਾਰਕ ਰਿਸ਼ਤਿਆਂ ਦੇ ਤਾਣੇ-ਬਾਣੇ ਅਤੇ ਮੋਹ ਨੂੰ ਪੇਸ਼ ਕਰਦੀ ਹੈ। ਕਹਾਣੀ ਦੀ ਨਾਇਕਾ ਬਬਲੀ ਅਤੇ ਨਾਇਕ ਸਤਨਾਮ ਦੇ ਦੁਹਾਜੂ ਵਿਆਹ ਅਤੇ ਬੱਚਿਆਂ ਲਈ ਮਤਰਏਪਣ ਦਾ ਅਹਿਸਾਸ ਕਰਵਾਉਂਦੀ ਹੈ। ਭਾਵੇਂ ਉਸ ਨੂੰ ਆਪਣਾ ਮੁੰਡਾ ਪੱਪੀ ਅਤੇ ਸਤਨਾਮ ਦੀ ਪਹਿਲੀ ਸ਼ਾਦੀ ਚੋਂ ਗੋਲਡੀ ਅਪਣਤ ਕਰਕੇ ਬਬਲੀ ਨੂੰ ਇੱਕੋ ਜਿਹੇ ਲਗਣ ਲੱਗ ਪੈਂਦੇ ਹਨ।

ਕਹਾਣੀ ‘ਉਹ ਰਾਤ’ ਦਰਸ਼ਨ ਵਰਗੇ ਸ਼ਰਾਬੀਆਂ ਦੀ ਹੋ ਰਹੀ ਦੁਰਗਤੀ ਤੋਂ ਵੀ ਸਬਕ ਨਹੀਂ ਲੈਂਦੇ। ਪਿਉ-ਪੁੱਤ ਵਿੱਚ ਫਰਕ­ ਪਾਤਰ ਮਿੰਟੂ ਤੇ ਮਾੜਾ ਪ੍ਰਭਾਵ ਪੈਣਾ­ ਨਸ਼ੇ ਵਿੱਚ ਜਿਸਮ ਦੀ ਭੁੱਖ ਦਾ ਵੱਧਣਾ­ ਫਿਰ ਮਾਰ-ਕੁਟਾਈ ਦਾ ਸਿਲਸਿਲਾ ਕਹਾਣੀ ਨੂੰ ਗੰਭੀਰਤਾ ਵੱਲ ਲਿਜਾਂਦੇ ਹਨ। ਕਹਾਣੀ ਵਿਚਲੇ ਸ਼ਬਦ ਤਲਵਾਰ ਦੇ ਫੱਟ ਨਾਲੋਂ ਸ਼ਬਦਾਂ ਦੇ ਬਾਣ ਤਿੱਖੇ ਹੁੰਦੇ ਨੇ ਜੋ ਡੂੰਘੇ ਉਤਰ ਜਾਂਦੇ ਨੇ­ ਆਪਣਾ ਪ੍ਰਭਾਵ ਛਡਦੇ ਹਨ। ਦਰਸ਼ਨ ਆਪ ਤਾਂ ਗਿੱਲਾਂ ਦੇ ਜੱਸੀ ਵਰਗਿਆਂ ਦੀ ਮਾੜੀ ਸੰਗਤ ਵਿੱਚ ਹੈ। ਕਹਾਣੀ ਵਿੱਚ ਔਰਤ ਦੀ ਤਰਾਸਦੀ ਹੈ ਕਿ ਉਹ ਆਪ ਤਾਂ ਸਾਰਾ ਕੁਝ ਸਹਿ ਸਕਦੀ ਹੈ ਪਰ ਉਸਦੀ ਔਲਾਦ ਨੂੰ ਕੋਈ ਕੁਝ ਕਹੇ­ ਉਹ ਬਰਦਾਸ਼ਤ ਨਹੀਂ ਕਰ ਸਕਦੀ।

ਕਹਾਣੀ ‘ਕੋਈ ਤਾਂ ਹੈ’ ਵਿੱਚ ਸੰਘਰਸ਼ਵਾਦੀ ਅੰਸ਼ ਮਿਲਦੇ ਹਨ। ਨਾਇਕਾ ਸੁਸ਼ੀਲਾ ਵਿਧਵਾ ਹੈ ਅਤੇ ਉਸ ਆਪ ਪਾਤਰ ਸੰਤੋਖ ਨਾਲ ਵਿਆਹ ਕਰਵਾਇਆ ਸੀ­ ਦੋਹਾਂ ਦਾ ਲੀਡਰ/ਕਾਮਰੇਡ ਟਾਇਪ ਕਾਰਜ ਹੈ ਪਰ ਉਹਨਾਂ ਦੀਆਂ ਰਾਜਸੀ ਗਤੀਵਿਧੀਆਂ ਤੋਂ ਉਹਨਾਂ ਦਾ ਪਰਿਵਾਰ ਦੁੱਖੀ ਹੈ। ਪਤੀ-ਪਤਨੀ ਵਿੱਚ ਚੱਲ ਰਹੇ ਤਨਾਅ ਘਰ ਨੂੰ ਬੇਹੂਦਾ ਬਣਾ ਰਹੇ ਹਨ। ਸੰਸਾਰ ਵਿੱਚ ਹਰ ਮਨੂੱਖ ਦਾ ਸੁਭਾਅ ਵੱਖਰਾ-ਵੱਖਰਾ ਹੁੰਦਾ ਹੈ। ‘ਇਸ ਤਰ੍ਹਾਂ ਹੀ ਹੋਵੇਗਾ ਹੁਣ’ ਇਹ ਕਹਾਣੀ ਵੀ ਇੱਕ ਦੁਖਾਂਤ ਸਿਰਜਦੀ ਹੈ ਕਿਉਕਿ ਸ਼ਰਾਬੀ ਪਤੀ ਸੁਰਜੀਤ ਅਤੇ ਮਿਸਟਰ ਮਹਿਤਾ ਵਲੋਂ ਆਪਣੀਆਂ ਪਤਨੀਆਂ ਸਾਹਮਣੇ ਆਪਣੀ ਈਗੋ ਵਿੱਚ ਆਪਣੇ ਆਪ ਨੂੰ ਉਚਿੱਤ ਠਹਿਰਾਉਂਦੇ ਹਨ। ਇਹ ਕਹਾਣੀ ਇੱਕ ਅੰਤਰ-ਜਾਤੀ ਵਿਆਹ ਦੀ ਦਾਸਤਾਂ ਦਰਸਾਉਂਦੀ ਹੈ। ਕਹਾਣੀ ‘ਇਕ ਦਾਅ ਹੋਰ’ ਅਤੇ ‘ਬੋਲਾਂ ਤਾਂ ਕੀ ਬੋਲਾਂ’ ਇੱਕੋ ਜਿਹੇ ਸੰਦਰਭ ਵਿੱਚ ਸਿਰਜੀਆਂ ਗਈਆਂ ਹਨ। ਕਹਾਣੀਕਾਰ ਸੁਸ਼ੀਲ ਅਤੇ ਉਸ ਦੀ ਨੌਕਰੀ ਕਰਦੀ ਬੀਵੀ ਵਿੱਚ ਨਿੱਤ ਦਿਨ ਲੜਾਈ ਵੀ ਆਪਣੀ ਮਰਜ਼ੀ ਨਾਲ ਕੀਤੇ ਵਿਆਹ ਦਾ ਖਮੀਆਜਾ ਭੁਗਤਣਾ ਪੈਂਦਾ ਹੈ।

ਚਾਹੇ ਨਾਇਕਾ ਨੇ ਆਪਣੇ ਪਹਿਲੇ ਪਤੀ ਅਜੀਤ ਦੀ ਮੌਤ ਤੋਂ ਬਾਅਦ ਆਪਣੀ ਮਰਜ਼ੀ ਵਿੱਚ ਸੁਸ਼ੀਲ ਨਾਲ ਕੋਰਟ ਮੈਰਿਜ ਕੀਤੀ ਹੈ। ਉੱਧਰ ਕਹਾਣੀ ‘ਬੋਲਾਂ ਤਾਂ ਕੀ ਬੋਲਾਂ’ ਦਾ ਨਾਇਕ ਸੁਰਿੰਦਰ ਇੱਕ ਕਵੀ ਹੈ ਪਰ ਉਸ ਦੀ ਬੀਵੀ ਜੋ ਕਹਾਣੀ ਦੀ ਨਾਇਕਾ ਹੈ­ ਮੈਥ ਅਤੇ ਇਕਨਾਮਿਕਸ ਵਿੱਚ ਦਿਲਚਸਪੀ ਰੱਖਦੀ ਹੈ। ਸੁਰਜੀਤ ਦਾ ਆਪਣੀ ਸਹਿ ਕਰਮੀ ਅਤੇ ਤਲਾਕ ਸ਼ੁਦਾ ਔਰਤ ਆਰਤੀ ਮਿੱਢਾ ਨਾਲ ਚਲਦਾ ਸਿਲਸਿਲਾ ਉਸਦੀ ਬੀਵੀ ਨੂੰ ਪਸੰਦ ਨਹੀਂ ਹੁੰਦਾ ਅਤੇ ਸੁਰਿੰਦਰ ਅਤੇ ਮੈਡਮ ਆਰਤੀ ਆਪਣੀ ਬਦਲੀ ਕਿਸੇ ਹੋਰ ਸ਼ਹਿਰ ਦੀ ਕਰਵਾ ਲੈਂਦੇ ਹਨ। ਪਰ ਮੁੜ ਕੇ ਸੁਰਜੀਤ ਘਰ ਦਾ ਰੁੱਖ ਕਰਦਾ ਹੈ।

ਕਹਾਣੀ ਦੱਸਦੀ ਹੈ ਇੱਕ ਔਰਤ ਵਿੱਚ ਆਪਣੇ ਪਤੀ ਦੀ ਜ਼ਿੰਦਗੀ ਵਿੱਚ ਦੂੂਜੀ ਔਰਤ ਪ੍ਰਤੀ ਸ਼ਹਿਨਸ਼ੀਲਤਾ ਨਹੀਂ ਹੁੰਦੀ। ਸਮਾਜ ਦੀ ਦਿ੍ਰਸ਼ਟੀ ਵਿੱਚ ਮਰਦ ਅਤੇ ਔਰਤ ਦਾ ਮਿਲਣਾ ਵਿਚਾਰਾਂ ਦੀ ਸਾਂਝ ਨਹੀਂ ਸਗੋਂ ਜਿਸਮਾਨੀ ਸਾਂਝ ਹੁੰਦੀ ਹੈ। ਕਹਾਣੀਆਂ ਦਰਸਾਉਂਦੀਆਂ ਹਨ ਕਿ ਲੇਖਕ ਕਿਸਮ ਦੇ ਬੰਦੇ ਆਪਣੀ ਦੁਨੀਆਂ ਵਿੱਚ ਹੀ ਰਹਿੰਦੇ ਹਨ­ ਹੋਰ ਕਿਸੇ ਦੀ ਪ੍ਰਵਾਹ ਨਹੀਂ ਹੁੰਦੀ। ਕਹਾਣੀਆਂ ਰਿਸ਼ਤਿਆਂ ਦੇ ਦਾਅ ਖੇਡਣ ਦੀ ਵਿਥਿਆ ਪੇਸ਼ ਕਰਦੀ ਹੈ।

‘ਕੋਈ ਹੋਰ ਠਿਕਾਣਾ’ ਅਤੇ ‘ਤੂੰ ਇੰਜ ਨਾ ਕਰੀਂ’ ਕਹਾਣੀਆਂ ਵੀ ਔਰਤ ’ਤੇ ਹੋ ਰਹੇ ਜਬਰ ਜ਼ੁਲਮ ਦੀ ਦਾਸਤਾਂ ਪ੍ਰਗਟ ਕਰਦੀਆਂ ਹਨ। ਜਿੱਥੇ ਕਹਾਣੀ ‘ਕੋਈ ਹੋਰ ਠਿਕਾਣਾ’ ਨਾਇਕਾ ਮਿਨਾਕਸ਼ੀ ਨਾਲ ਉਸਦੇ ਮਤਰਏ ਪਿਓ ਹਰਨਾਮ ਵੱਲੋਂ ਕੀਤੇ ਜਬਰ ਜਿਨਾਹ ਦੀ ਕਥਾ ਬਿਆਨਦੀ ਹੈ। ਅੱਜ ਦੇ ਸੰਦਰਭ ਵਿੱਚ ਢੁਕਵੀਂ ਜਾਪਦੀ ਹੈ ਕਿਉਂਕਿ ਨਿੱਤ ਮਿਲਦੀਆਂ ਖ਼ਬਰਾਂ ਤੋਂ ਅਸੀ ਭਲੀ-ਭਾਂਤ ਜਾਣੂ ਹਾਂ। ਜਿਸ ਘਰ ਦਾ ਰਖਵਾਲਾ ਹੀ ਖੇਤ ਉਜਾੜਨ ਲਗ ਪਵੇ­ ਉੱਥੇ ਔਰਤ ਨੂੰ ਨਾ ਆਪਣੇ ਘਰ ਵਿੱਚ ਢੋਈ ਮਿਲਦੀ ਹੈ ਤੇ ਨਾ ਸਮਾਜ ਅਤੇ ਰਬ ਦੇ ਘਰ ਵਿੱਚ। ਭਾਵੇਂ ਕਹਾਣੀ ਦੀ ਨਾਇਕਾ ਆਸ਼ਰਮ ਦੀ ਸ਼ਰਨ ਲੈਂਦੀ ਹੈ ਪਰ ਉਸ ਦੀ ਸਹੇਲੀ ਪ੍ਰੇਮ ਲਤਾ ਨਾਲ ਆਸ਼ਰਮ ਦੇ ਮੁੰਨੀ ਵੱਲੋਂ ਕੀਤੀ ਬਦਤਮੀਜ਼ੀ ਇਸ ਗੱਲ ਦਾ ਪ੍ਰਮਾਣ ਹੈ। ਇਵੇਂ ਹੀ ਕਹਾਣੀ ‘ਤੂੰ ਇੰਜ ਨਾ ਕਰੀਂ’ ਵਿੱਚ ਵੀ ਆਸ਼ਰਮ ਦੀ ਗੱਲ ਆਉਂਦੀ ਹੈ।

ਅਤੇ ਪ੍ਰਬਲ ਸੈਕਸ ਇਛਾਵਾਂ ਕਾਰਨ ਘਰ ਦੇ ਉਜੜਨ ਨੂੰ ਖੁਲ੍ਹਾ ਸਦਾ ਹੁੰਦਾ ਹੈ। ਕਹਾਣੀ ਦੀ ਨਾਇਕਾ ਦੀ ਮਾਂ ਨੀਲਮ ਰਾਣੀ ਵਲੋਂ ਮਿਸਟਰ ਮਹਿਤਾ ਅਤੇ ਹੋਰਾਂ ਨਾਲ ਸਬੰਧ ਜਿਸਮਾਨੀ ਭੁੱਖ ਨੂੰ ਉਜਾਗਰ ਕਰਦੀ ਹੈ। ਮਿਸਟਰ ਮਹਿਤਾ ਵਲੋਂ ਅਸ਼ਲੀਲ ਵੀਡੀਓ ਨਾਲ ਬਲੈਕ ਮੇਲ ਕਰਕੇ ਨਾਇਕਾ ਸੁਮਨ ਨਾਲ ਰੇਪ ਕਰਨਾ­ ਨੀਲਮ ਰਾਣੀ ਦੇ ਘਰਵਾਲੇ ਦੀ ਮੌਤ ਉਸ ਦੀ ਬਿਮਾਰੀ ਦੇ ਨਾਲ ਉਸਨੂੰ ਮਾਨਸਿਕ ਦਬਾਓ ਕਾਰਨ ਦਿਲ ਦਾ ਦੌਰਾ ਪੈਣ ਨਾਲ ਹੁੰਦੀ ਹੈ। ਨਾਇਕਾ ਦਾ ਡਰ ਉਸ ਦੀ ਅਗਲੀ ਜ਼ਿੰਦਗੀ ਨੂੰ ਸੰਵਰਨ ਨਹੀਂ ਦਿੰਦਾ ਪਰ ਜਿਸ ਧੀਰਜ ਨਾਮ ਦੇ ਲੜਕੇ ਨਾਲ ਵਿਆਹ ਹੁੰਦਾ ਹੈ­ ਉਸ ਨੂੰ ਸਹਿਜ ਕਰਨ ਦੀ ਕੋਸ਼ਿਸ਼ ਕਰਦਾ ਹੈ।

ਕਹਾਣੀ ‘ਹੋਰ ਵੰਡ ਨਹੀਂ’ ਪੈਸੇ ਪਿੱਛੇ ਸਾਰੀਆਂ ਰਿਸ਼ਤੇਦਾਰੀਆਂ ਦਾ ਸ਼ੀਸ਼ਾ ਦਿਖਾਉਂਦੀ ਹੈ। ਕਹਾਣੀ ਦੇ ਨਾਇਕ ਦਾ ਭਰਾ ਹਰਬੰਸ ਅਤੇ ਉਸ ਦੀ ਭਰਜਾਈ ਰੂਮਨ ਨੇ ਪੈਸੇ ਪਿੱਛੇ ਹੀ ਦੌੜ ਰੱਖੀ। ਬਜ਼ੁਰਗਾਂ ਦੀ ਨਿਰਾਦਰੀ ਕਰਨੀ ਅਤੇ ਆਪਣੇ ਲਈ ਹਿੱਸੇ ਦੀ ਝਾਕ ਰਿਸ਼ਤੇਦਾਰੀਆਂ ਦੇ ਧਰਾਤਲ ਨੂੰ ਹਲਕਾ ਦਿਖਾਉਂਣਾ ਹੈ। ਰੂਮਨ ਵਰਗੀ ਪਾਤਰ ਦਾ ਖੇਖਣ ਕਰਨਾ­ ਆਪਣੇ ਆਪ ਨੂੰ ਹਿਤੈਸ਼ੀ ਦਿਖਾਉਣਾ ਸੱਚ ਜਾਪਦਾ ਹੈ। ਜੇਕਰ ਦੇਖਿਆ ਜਾਵੇ ਤਾਂ ਵਰਤਮਾਨ ਸਮੇਂ ਅਜਿਹੀ ਪ੍ਰਸਥਿਤੀ ਨਜ਼ਰ ਆਉਂਦੀ ਹੈ। ਪੁਸਤਕ ਦੀ ਆਖ਼ਰੀ ਕਹਾਣੀ ‘ਆਪਣਾ ਹੀ ਪਰਛਾਵਾਂ’ ਬਚਪਨ ਦਾ ਅਤੀਤ ਪੇਸ਼ ਕਰਦੀ ਹੈ।

ਇਕ ਨੋਨੂੰ ਦਾ ਸਹਾਰਾ ਲੈ ਕੇ ਲੇਖਕ ਨੇ ਬੜ੍ਹੀ ਸੂਖਮਤਾ ਨਾਲ ਉਸ ਬੱਚੇ ਦੀ ਕਹਾਣੀ ਬਿਆਨ ਕੀਤੀ ਹੈ ਜੋ ਸਰੀਰਕ ਪਖੋਂ ਤੰਦਰੁਸਤ ਨਹੀਂ ਹੈ ਪਰ ਉਸ ਦੇ ਸ਼ੌਂਕ­ ਇਛਾਵਾਂ ਉਸਦੇ ਸੁਪਨਿਆਂ ਵਿੱਚ ਵਿਚਰਦੇ ਹਨ। ਇੱਥੇ ਇੱਕ ਗੱਲ ਦੇਖਣ ਵਾਲੀ ਹੈ ਕਿ ਉਸ ਨੂੰ ਪੰਜਾਬੀ ਦਾ ਅਧਿਆਪਕ ‘ਗਿਆਨੀ ਅਮਰਜੀਤ ਸਿੰਘ’ ਲੇਖਕ ਬਣਨ ਲਈ ਉਤਸ਼ਾਹਤ ਕਰਦਾ ਹੈ ਪਰ ਅਗੇ ਪ੍ਰੇਰਨਾ ਦੇਣ ਵਾਲੇ ਮਾਸਟਰ ਦਾ ਨਾਮ ‘ਰਣਜੀਤ ਸਿੰਘ’ ਦਿਖਾਇਆ ਗਿਆ ਹੈ। ਕਹਾਣੀ ਵਿੱਚ ਉਸੇ ਵਿਦਿਆਰਥੀ ਦੀ ਕਾਮਯਾਬੀ ਦਾ ਚਿਤਰਣ ਕਰਦੇ ਹੋਏ­ ਉਸ ਨੂੰ ਐਸ.ਡੀ. ਐਮ ਬਣਦਾ ਅਤੇ ਕਈ ਸਾਹਿਤਕ ਵਿਧਾਵਾਂ ਦਾ ਛਪਣਾ ਦਿਖਾਇਆ ਗਿਆ ਹੈ।

‘ਖਲਾਅ ਵਿਚ ਭਟਕਦੇ ਰਿਸ਼ਤੇ’ ਕਹਾਣੀ ਵਿੱਚ ਰਿਸ਼ਤਿਆਂ ਨੂੰ ਨਿਭਾਉਣ ਲਈ ਸਿਰਫ਼ ਮਾਣ ਦੀ ਲੋੜ ਨਹੀਂ ਸਗੋਂ ਆਰਥਿਕ ਹਾਲਾਤ ਵੀ ਮਜਬੂਤ ਹੋਣ ਦੀ ਲੋੜ ਹੈ। ਇਸ ਕਹਾਣੀ ਦਾ ਨਾਇਕ ਮਾਸਟਰ ਹੈ ਜਿਸ ਨੂੰ ਸਰਕਾਰ ਵਲੋਂ ਸਿਰਫ਼ ਦਸ ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅੱਜ ਦੇ ਜ਼ਮਾਨੇ ਵਿੱਚ ਅਸੰਭਵ ਹੈ। ਰਖੜੀ ਬੰਨਣ ਆਈ ਭੈਣ ਅਤੇ ਜੀਜੇ ਦੀ ਸੇਵਾ ਲਈ ਪੈਸੇ ਦੀ ਤਾਂ ਲੋੜ ਹੈ ਪਰ ਨਾਇਕ ਦੀ ਜੇਬ ਵਿੱਚ ਤਾਂ ਪੈਸੇ ਨਹੀਂ ਹਨ। ਉਹ ਰਿਸ਼ਤੇਦਾਰੀ ਨਿਭਾਉਣ ਲਈ ਕਿਵੇਂ ਓੜ-ਪੌੜ ਕਰਦਾ ਹੈ। ਸਮਾਜ ਦੀ ਹਕੀਕਤ ਪੇਸ਼ ਕਰਦੀ ਹੈ। ਕਹਾਣੀ ਵਿੱਚ ਜਿੱਥੇ ਨਾਇਕ ਸਰਕਾਰ ਨੂੰ ਕੋਸਦਾ ਹੈ­ ਉੱਥੇ ਮੁਲਾਜ਼ਮਾਂ ਦੀਆਂ ਤੰਗੀਆਂ-ਤੁਰਸ਼ੀਆਂ ਵੀ ਸਾਡੇ ਸਾਹਮਣੇ ਰੱਖਦੀ ਹੈ। ਉਹ ਇਸ ਗੱਲ ਤੇ ਵਿਸ਼ਵਾਸ਼ ਕਰਦਾ ਹੈ ਕਿ ਉਹ ਪੁਲਿਸ ਜਾਂ ਮਾਲ ਵਿਭਾਗ ਵਿੱਚ ਨਹੀਂ ਹੈ ਜਿੱਥੇ ਉਸ ਨੂੰ ਉਪਰੋਂ ਕਮਾਈ ਹੋਵੇ। ਇਹ ਗੱਲ ਕੁਝ ਹੱਦ ਤੱਕ ਸਹੀ ਮੰਨੀ ਜਾ ਸਕਦੀ ਹੈ­ ਪੂਰਨ ਰੂਪ ਵਿੱਚ ਨਹੀਂ ਕਿਉਂ ਕਿ ਮਹਿਕਮੇ ਵਿੱਚ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ।

ਹੁਣ ਉਸ ਕਹਾਣੀ ਦੀ ਗੱਲ ਕਰਦੇ ਹਾਂ ਜਿਸ ਦੇ ਅਧਾਰ ਤੇ ਲੇਖਕ ਨੇ ਪੁਸਤਕ ਦਾ ਨਾਮ ਰੱਖਿਆ ਹੈ­ ‘ਤੀਸਰੀ ਖਿੜਕੀ’। ਇਹ ਕਹਾਣੀ ਸਾਡੇ ਸਮਾਜਿਕ ਹੀ ਨਹੀਂ ਸਗੋਂ ਪਰਿਵਾਰਕ ਸਬੰਧਾਂ ਦੇ ਦਰਸ਼ਨ ਕਰਵਾਉਂਦੀ ਹੈ। ਕਹਾਣੀ ਦੀ ਨਾਇਕਾ ਜਦੋਂ ਨਾਨਕਿਆਂ ਅਤੇ ਸਹੁਰਿਆਂ ਘਰ ਦੀਆਂ ਖਿੜਕੀਆਂ ਬੰਦ ਕਰਕੇ ‘ਤੀਸਰੀ ਖਿੜਕੀ’ ਖੋਲ੍ਹਦੀ ਹੈ ਤਾਂ ਅਹਿਸਾਸ ਹੁੰਦਾ ਹੈ ਕਿ ਆਪਣਿਆਂ ਨਾਲੋਂ ਗ਼ੈਰਾਂ ਕਿੰੰਨੇ ਚੰਗੇ ਹੋ ਸਕਦੇ ਹਨ। ਨਾਇਕਾ ਦੀ ਮਾਂ ਅਤੇ ਮਾਮੇ ਵੱਲੋਂ ਉਸ ਨਾਲ ਵਿਆਹ ਸਬੰਧੀ ਕੀਤਾ ਧੱਕਾ ਸਾਡੇ ਰਿਸ਼ਤਿਆਂ ਦੇ ਮਤੱਲਬੀ ਹੋਣ ਦਾ ਕਾਰਨ ਬਣਦੇ ਹਨ। ਕਹਾਣੀ ਵਿਚਲੀ ਅੰਮਾ ਅਤੇ ਅੱਬਾ ਉਸ ਲਈ ‘ਤੀਸਰੀ ਖਿੜਕੀ’ ਬਣਦੇ ਹਨ। ਭਾਵੇਂ ਉਸਨੂੰ ਆਪਣੇ ਮਾਮੇ ਨਾਲ­ ਉਸਦੇ ਮੁੰਡੇ ਨਾਲ ਨਫ਼ਰਤ ਹੈ ਪਰ ਘਰ ਆਏ ਨੂੰ ਉਹ ਫਿਰ ਵੀ ਤਿ੍ਰਸਕਾਰਦੀ ਨਹੀਂ। ਉਸ ਦੀ ਬਦਲਾ ਲੈਣ ਦੀ ਇੱਛਾ ਨਹੀਂ ਹੈ।

ਪੁਸਤਕ ਵਿੱਚ ਕਈ ਥਾਂਈ ਪ੍ਰਰੂਫ ਰੀਡਿੰਗ ਦੀ ਘਾਟ ਅਖਰਦੀ ਹੈ ਜਿਵੇਂ ਕਈ ਥਾਂਈ ਦੋ-ਦੋ ਸ਼ਬਦ ਲਿਖੇ ਹਨ- ਮਸਲਨ ਨਾਲ-ਨਾਲ­ ਹੋਰ-ਹੋਰ ਆਦਿ ਇਵੇਂ ਹੀ ਸ਼ਬਦਾਂ ਦੀ ਬਣਤਰ ਜਿਵੇਂ ਸ਼ਬਦ ‘ਆਇਆ ਤੇ ਗਿਆ’ ਦਾ ਅਸਲ ਰੂਪ ‘ਗਿਆ ਤੇ ਆਇਆ’ ਹੈ­ ‘ਡਿਗਦੇ ਨੂੰ ਤਿਣਕੇ ਦਾ ਸਹਾਰਾ’ ਦੀ ਥਾਂ ‘ਡੁਬਦੇ ਨੂੰ ਤਿਣਕੇ ਦਾ ਸਹਾਰਾ’ ਹੋਣਾ ਚਾਹੀਦਾ ਹੈ। ਇਵੇਂ ਹੀ ਪੁਸਤਕ ਦੀ ਨੌਵੀਂ ਕਹਾਣੀ ‘ਤੀਸਰੀ ਖਿੜਕੀ’ ਵਿੱਚ ਮਾਮੇ ਨੂੰ ਮਾਂ ਜਾਇਆ ਲਿਖਿਆ ਹੈ­ ਮਾਂ ਜਾਇਆ ਭਰਾ ਹੁੰਦਾ ਹੈ ਨਾ ਕਿ ਮਾਮਾ। ਪੁਸਤਕ ਵਿਚਲੀਆਂ ਕਹਾਣੀਆਂ ਨਾਇਕਾਵਾਂ ਦੀ ਜੁਬਾਨੀ ਪੇਸ਼ ਕੀਤੀਆਂ ਗਈਆਂ ਹਨ ਕਿਉਂਕਿ ਕਹਾਣੀਆਂ ਵਿੱਚ ਔਰਤ ਦਾ ਪੱਖ ਭਾਰੀ ਹੈ। ਕਹਾਣੀਆਂ ਵਿੱਚ ਸਾਰੇ ਵਿਆਹ ਨਾਇਕਾਵਾਂ ਦੀ ਆਪਣੀ ਮਰਜ਼ੀ ਨਾਲ ਕੀਤੇ ਨਜ਼ਰ ਆਉਂਦੇ ਹਨ।

ਪੁਸਤਕ ਦੀ ਭਾਸ਼ਾ ਆਮ ਘਰੇਲੂ ਅਤੇ ਸਰਲ ਹੈ। ਇਹਨਾਂ ਕਹਾਣੀਆਂ ਨੂੰ ਪੜ੍ਹਦਿਆਂ ਇੰਜ ਜਾਪਦਾ ਹੈ ਜਿਵੇਂ ਘਟਨਾਵਾਂ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਹੋਣ। ਇਸ ਪੁਸਤਕ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਖੁਸ਼ ਆਮਦੀਦ ਕਹਿੰਦਿਆਂ ਲੇਖਕ ਤੋਂ ਹੋਰ ਉਸਾਰੂ ਕਹਾਣੀਆਂ ਦੀ ਆਸ ਕੀਤੀ ਜਾਂਦੀ ਹੈ।

ਤੇਜਿੰਦਰ ਚੰਡਿਹੋਕ

ਰਿਟਾ. ਏ.ਐਸ.ਪੀ­ ਰਾਸ਼ਟਰਪਤੀ ਐਵਾਰਡ ਜੇਤੂ­
ਬਰਨਾਲਾ। ਸੰਪਰਕ : 95010-00224

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੀ ਵਿਦਿਆਰਥਣ ਖੁਸ਼ਪ੍ਰੀਤ ਦੀ ਵਾਇਸ ਆਫ ਪੰਜਾਬ ਲਈ ਚੋਣ
Next articleਮਾਂ ਦੀ ਵਿਰਾਸਤ